ਪੰਜਾਬ ਸਰਕਾਰ ਦਾ ਨਵਾਂ ਫ਼ਰਮਾਨ, ਇਨ੍ਹਾਂ ਪਿੰਡਾਂ ਦੀ ਜ਼ਮੀਨ ਪੁੱਡਾ ਨੂੰ ਦੇਣ ਦੇ ਹੁਕਮ
Wednesday, Feb 25, 2026 - 02:24 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਹਾਊਸਿੰਗ ਵਿਭਾਗ ਨੂੰ ਇਕ ਅਹਿਮ ਪੱਤਰ ਲਿਖ ਕੇ ਸੂਬੇ ਦੇ ਵੱਖ-ਵੱਖ ਪਿੰਡਾਂ ਦੀ ਜ਼ਮੀਨ ਨੂੰ EWS ਸਕੀਮ ਲਈ ਪੁੱਡਾ ਨੂੰ ਸਹਿਯੋਗ ਕਰਨ ਲਈ ਕਿਹਾ ਹੈ। 22 ਫਰਵਰੀ 2026 ਨੂੰ ਜਾਰੀ ਕੀਤੇ ਗਏ ਇਸ ਸਰਕਾਰੀ ਪੱਤਰ ਅਨੁਸਾਰ ਐੱਸ.ਏ.ਐਸ. ਨਗਰ (ਮੋਹਾਲੀ) ਦੇ ਉਨ੍ਹਾਂ 16 ਪਿੰਡਾਂ ਦੀ ਸੂਚੀ ਦਾ ਹਵਾਲਾ ਦਿੱਤਾ ਗਿਆ ਹੈ ਜੋ ਨਵੰਬਰ 2025 ਦੀ ਨੋਟੀਫਿਕੇਸ਼ਨ ਮੁਤਾਬਕ ਹੁਣ ਨਗਰ ਕੌਂਸਲਾਂ ਦੀ ਹੱਦ ਅੰਦਰ ਆ ਚੁੱਕੇ ਹਨ। ਵਿਭਾਗ ਨੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਨੂੰ ਇਨ੍ਹਾਂ 16 ਪਿੰਡਾਂ ਦੀ ਜ਼ਮੀਨ ਦੀ ਫ਼ਿਜ਼ੀਬਿਲਟੀ (ਵਿਹਾਰਕਤਾ) ਚੈੱਕ ਕਰਨ ਲਈ ਕਿਹਾ ਹੈ ਤਾਂ ਜੋ ਇਸ ਜ਼ਮੀਨ ਨੂੰ EWS ਸਕੀਮ ਲਈ ਵਰਤੋਂ ਵਿਚ ਲਿਆਂਦਾ ਜਾ ਸਕੇ।
ਇਨ੍ਹਾਂ ਪਿੰਡਾਂ ਦੀਆਂ ਸਾਈਟਾਂ ਦੀ ਵੀ ਹੋਵੇਗੀ ਪੜਤਾਲ
ਸਰਕਾਰ ਨੇ 16 ਪਿੰਡਾਂ ਦੀ ਮੁੱਖ ਸੂਚੀ ਤੋਂ ਇਲਾਵਾ, ਚਾਰ ਹੋਰ ਵਿਸ਼ੇਸ਼ ਸਾਈਟਾਂ ਦੀ ਫ਼ਿਜ਼ੀਬਿਲਟੀ ਚੈੱਕ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ। ਜਿਨ੍ਹਾਂ ਵਿਚ ਪਿੰਡ ਟੰਗੋਰੀ (ਜ਼ਿਲਾ ਐਸ.ਏ.ਐਸ. ਨਗਰ) 25 ਏਕੜ ਜ਼ਮੀਨ, ਪਿੰਡ ਝਪਾਰਖੇੜੀ (ਜ਼ਿਲਾ ਅੰਮ੍ਰਿਤਸਰ) 9 ਏਕੜ ਜ਼ਮੀਨ, ਪਿੰਡ ਦਧੇੜੀ (ਜ਼ਿਲਾ ਪਟਿਆਲਾ) 5 ਏਕੜ ਜ਼ਮੀਨ, ਪਿੰਡ ਕਾਦੀਆਂਵਾਲੀ (ਜ਼ਿਲਾ ਜਲੰਧਰ) 4.5 ਏਕੜ ਜ਼ਮੀਨ ਸ਼ਾਮਲ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਐੱਸ.ਏ.ਐੱਸ. ਨਗਰ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਦੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ (DDPOs) ਨੂੰ ਹਦਾਇਤ ਕੀਤੀ ਹੈ ਕਿ ਉਹ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਨਾਲ ਤਾਲਮੇਲ ਬਣਾਉਣ ਅਤੇ ਜ਼ਮੀਨ ਦੀ ਫ਼ਿਜ਼ੀਬਿਲਟੀ ਰਿਪੋਰਟ ਤਿਆਰ ਕਰਨ ਵਿਚ ਪੂਰਾ ਸਹਿਯੋਗ ਦੇਣ।
