ਪੰਜਾਬ ਸਰਕਾਰ ਨੇ ਸਿਹਤ ਖੇਤਰ ''ਚ ਵਿਕਾਸ ਲਈ ਸਮਝੌਤਾ ਕੀਤਾ ਸਹੀਬੱਧ
Sunday, Nov 29, 2020 - 02:25 PM (IST)
ਚੰਡੀਗੜ੍ਹ : ਸਿਹਤ ਖੇਤਰ 'ਚ ਡਿਜ਼ੀਟਲ ਤਕਨਾਲੋਜੀ ਦਾ ਵਿਕਾਸ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਇੰਟਰਨੈਸ਼ਨਲ ਡਿਜ਼ੀਟਲ ਹੈਲਥ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਰਿਸਰਚ (ਆਈ-ਡੀ. ਏ. ਆਈ. ਆਰ.) ਨਾਲ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟੱਡੀਜ਼, ਜਿਨੇਵਾ ਵਿਖੇ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਮਝੌਤੇ 'ਤੇ ਦਸਤਖ਼ਤ ਕਰਦਿਆਂ ਪ੍ਰਸ਼ਾਸਨਿਕ ਸੁਧਾਰਾਂ ਦੇ ਵਧੀਕ ਮੁੱਖ ਸਕੱਤਰ, ਅਨਿਰੁੱਧ ਤਿਵਾੜੀ ਨੇ ਕਿਹਾ ਕਿ ਕੋਵਿਡ-19 ਲਾਗ ਸਾਨੂੰ ਨਾਗਰਿਕਾਂ ਦੀ ਨਿੱਜੀ, ਸਮਾਜਿਕ ਅਤੇ ਆਰਥਿਕ ਭਲਾਈ ਦੇ ਨਾਲ-ਨਾਲ ਜਨਤਕ ਸਿਹਤ ਦੀ ਮਹੱਤਤਾ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਡਾਟਾ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏ. ਆਈ.) ਛੂਤ ਅਤੇ ਗੈਰ-ਸੰਚਾਰੀ ਰੋਗਾਂ ਵਰਗੀਆਂ ਗੰਭੀਰ ਮਹਾਮਾਰੀਆਂ ਦਾ ਮੁਕਾਬਲਾ ਕਰਨ 'ਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੀ ਹੈ। ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਆਈ-ਡੀ. ਏ. ਆਈ. ਆਰ. ਆਉਣ ਵਾਲੇ ਮਹੀਨਿਆਂ ਲਈ ਪ੍ਰਮੁੱਖ ਪ੍ਰਾਜੈਕਟਾਂ ਵਾਸਤੇ ਅਧਾਰ ਬਣਾਏਗੀ, ਜਿਸ 'ਚ ਡਾਟਾ ਇੰਟਰਓਪਰੇਬਿਲਟੀ, ਰੀਅਲ ਟਾਈਮ ਐਪੀਡੈਮਿਓਲੋਜੀ ਅਤੇ ਡੈਸ਼ਬੋਰਡ, ਡਿਜੀਟਲ ਸਿਹਤ ਸਮਾਧਾਨ ਦੇ ਮਾਪਦੰਡਾਂ ਅਤੇ ਅਭਿਆਸ 'ਚ ਤਾਲਮੇਲ ਵਧਾਉਣ ਦੇ ਤਰੀਕੇ ਸ਼ਾਮਲ ਹਨ, ਜੋ ਸੂਬਾ ਸਰਕਾਰ ਦੇ ਚੱਲ ਰਹੇ ਡਿਜੀਟਲ ਸਿਹਤ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਨਿਰਮਾਣ 'ਚ ਸਹਾਈ ਹੋਣਗੇ।
ਇਸ ਵਿਲੱਖਣ ਪਹਿਲ ਕਦਮੀ ਲਈ ਟੀਮ ਨੂੰ ਵਧਾਈ ਦਿੰਦਿਆਂ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ, "ਸਾਨੂੰ ਮਾਣ ਹੈ ਕਿ ਸਿਹਤ ਲਈ ਲੋਕ-ਕੇਂਦਰਿਤ ਡਿਜੀਟਲ ਬੁਨਿਆਦੀ ਢਾਂਚੇ ਦੇ ਮਾਡਲਾਂ ਦੇ ਵਿਕਾਸ 'ਚ ਪੰਜਾਬ ਨੂੰ ਆਈ-ਡੀ. ਏ. ਆਈ. ਆਰ. ਦਾ ਪਹਿਲਾ ਸਰਕਾਰੀ ਭਾਈਵਾਲ ਵੱਜੋਂ ਚੁਣਿਆ ਗਿਆ ਹੈ।" ਵਿਚਾਰ-ਵਟਾਂਦਰੇ 'ਚ ਹਿੱਸਾ ਲੈਂਦਿਆਂ ਆਈ-ਡੀ. ਏ. ਆਈ. ਆਰ. ਦੇ ਨੁਮਾਇੰਦੇ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ 6 ਦਹਾਕੇ ਪਹਿਲਾਂ ਹਰੀ ਕ੍ਰਾਂਤੀ ਤਕਨਾਲੋਜੀ ਦੇ ਵਿਕਾਸ ਦੇ ਯੁੱਗ 'ਚ ਮੋਹਰੀ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਸਹਿਯੋਗੀ ਉਪਰਾਲਾ ਲਗਭਗ 3 ਕਰੋੜ ਪੰਜਾਬੀਆਂ ਨੂੰ ਵਿਸ਼ਵ ਭਰ 'ਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਿਜੀਟਲ ਮੌਕੇ ਮੁਹੱਈਆ ਕਰੇਗਾ। ਉਨ੍ਹਾਂ ਕਿਹਾ ਕਿ ਆਈ- ਡੀ. ਏ. ਆਈ. ਆਰ. ਟੀਮ ਆਉਣ ਵਾਲੇ ਸਾਲਾਂ 'ਚ ਨਾਗਰਿਕਾਂ ਲਈ ਉੱਤਮ ਡਾਕਟਰੀ ਅਤੇ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਇਸ ਰਣਨੀਤਕ ਭਾਈਵਾਲੀ ਨੂੰ ਵਿਕਸਿਤ ਕਰਨ ਲਈ ਰੂਪ-ਰੇਖਾ ਉਲੀਕ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਮਹਿਕਮਾ, ਜੋ ਕਿ ਡਿਜੀਟਲ ਤਬਦੀਲੀ ਲਈ ਜ਼ਿੰਮੇਵਾਰ ਹਨ, ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦੀ ਭਾਈਵਾਲੀ ਨਾਲ ਆਈ-ਡੀ. ਏ. ਆਈ. ਆਰ. ਦੇ ਸਹਿਯੋਗ ਨਾਲ ਅਗਵਾਈ ਕਰਨਗੇ।
ਖੋਜ ਅਤੇ ਵਿਕਾਸ (ਆਰ. ਐਂਡ. ਡੀ.) ਲਈ ਪੰਜਾਬ ਦੇ ਅਕਾਦਮਿਕ, ਉਦਯੋਗ ਅਤੇ ਸਿਹਤ ਸੰਭਾਲ ਖੇਤਰ ਇਸ ਦੇ ਭਾਈਵਾਲ ਵਜੋਂ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਆਈ-ਡੀ. ਏ. ਆਈ. ਆਰ. ਦੇ ਸੂਬਾ ਸਰਕਾਰ ਨਾਲ ਭਾਈਵਾਲਾਂ ਦੇ ਨਵੇਂ ਸਮਝੌਤੇ ਵੀ ਸ਼ਾਮਲ ਹਨ, ਜਿਵੇਂ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ, ਇੰਸਟੀਚਿਊਟ ਆਫ਼ ਇਲੈਕਟ੍ਰਿਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਜ਼ (ਆਈਈਈਈ), ਫਾਊਂਡੇਸ਼ਨ ਫਾਰ ਇਨੋਵੇਟਿਵ ਐਂਡ ਨਿਊ ਡਾਇਗਨੋਸਟਿਕਸ (ਐਫ. ਆਈ. ਐਨ. ਡੀ.) ਅਤੇ ਜਿਨੇਵਾ ਯੂਨੀਵਰਸਿਟੀ ਸ਼ਾਮਲ ਹਨ।