‘ਪੰਜਾਬ 'ਚ ਗੈਂਗਸਟਰ ਰਾਜ’, ਭੁੱਚੋ ਰੈਲੀ ‘ਚ ਹਰਸਿਮਰਤ ਬਾਦਲ ਨੇ 'ਆਪ' ਸਰਕਾਰ ਨੂੰ ਘੇਰਿਆ

Saturday, Mar 07, 2026 - 03:08 PM (IST)

‘ਪੰਜਾਬ 'ਚ ਗੈਂਗਸਟਰ ਰਾਜ’, ਭੁੱਚੋ ਰੈਲੀ ‘ਚ ਹਰਸਿਮਰਤ ਬਾਦਲ ਨੇ 'ਆਪ' ਸਰਕਾਰ ਨੂੰ ਘੇਰਿਆ

ਬਠਿੰਡਾ- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਕਾ ਭੁੱਚੋ ਵਿਖੇ ‘ਪੰਜਾਬ ਬਚਾਓ’ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਸਰਕਾਰ 'ਤੇ ਜ਼ੋਰਦਾਰ ਹਮਲੇ ਕੀਤੇ। ਇਸ ਮੌਕੇ ਉਨ੍ਹਾਂ ਭੁੱਚੋ ਹਲਕੇ ਨਾਲ ਆਪਣੇ ਪਰਿਵਾਰਕ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਹਲਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਨਕਾ ਹੈ ਅਤੇ ਇੱਥੋਂ ਦੇ ਲੋਕਾਂ ਨੇ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਪਿਆਰ ਅਤੇ ਮਾਣ ਬਖ਼ਸ਼ਿਆ ਹੈ। ਬੀਬਾ ਬਾਦਲ ਨੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ਦੌਰਾਨ ਸੂਬੇ ਵਿੱਚ ਵਿਕਾਸ ਦੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਲੋੜਾਂ ਮੁਤਾਬਕ ਗ੍ਰਾਂਟਾਂ ਦਿੱਤੀਆਂ ਸਨ, ਤਾਂ ਕਿ ਇਲਾਕੇ ਦਾ ਬਹੁ-ਪੱਖੀ ਵਿਕਾਸ ਹੋਵੇ। ਪਰ ਅੱਜ ਹਾਲਾਤ ਇਹ ਹਨ ਕਿ ਮੰਡੀਆਂ ਵਿੱਚ ਗੋਡੇ-ਗੋਡੇ ਗੰਦਾ ਪਾਣੀ ਖੜ੍ਹਾ ਹੈ ਅਤੇ ਸੀਵਰੇਜ ਦੀ ਸਫ਼ਾਈ ਤੱਕ ਨਹੀਂ ਕਰਵਾਈ ਜਾ ਰਹੀ। 

ਇਹ ਵੀ ਪੜ੍ਹੋ- ਪੰਜਾਬ ਭਰ ਦੇ ਆੜ੍ਹਤੀਆਂ ਨੇ ਕਰ'ਤਾ ਵੱਡਾ ਐਲਾਨ, ਇਸ ਦਿਨ ਸੰਘਰਸ਼ ਲਈ ਵਜਾ'ਤਾ ਬਿਗੁਲ

ਉਨ੍ਹਾਂ ਕਿਹਾ ਚੌਥੀ ਵਾਰ ਬਤੌਰ ਪਾਰਲੀਮੈਂਟ ਮੈਂਬਰ ਬਣ ਕੇ ਤੁਹਾਡੇ ਲਈ ਆਵਾਜ਼ ਰੱਖਣ ਦਾ ਮੌਕਾ ਮਿਲਿਆ ਹੈ। ਜੋ ਤੁਹਾਡੇ ਸਾਰਿਆਂ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਹੁਣ ਦੁਖ ਦੀ ਗੱਲ ਇਹ ਹੈ ਕਿ ਪੂਰੇ ਪੰਜਾਬ ਵਿੱਚ ਪਿਛਲੇ 10 ਸਾਲਾਂ ਤੋਂ ਵਿਕਾਸ ਦੇ ਕੰਮਾਂ ਦੀ ਕੋਈ ਚਰਚਾ ਹੀ ਨਹੀਂ ਹੋ ਰਹੀ। ਚਰਚਾ ਜੇ ਹੁੰਦੀ ਹੈ ਤਾਂ ਇਹ ਹੁੰਦੀ ਹੈ ਕਿ ਕਿੰਨੇ ਮਾਵਾਂ ਦੇ ਪੁੱਤ ਨਸ਼ੇ ਦੇ ਟੀਕੇ ਲਗਾ ਕੇ ਮਰ ਗਏ ਹਨ। ਲੋਕ ਇਕ ਪਾਸੇ ਨਸ਼ੇ ਤੋਂ ਦੁਖੀ ਹਨ ਤੇ ਦੂਜੇ ਪਾਸੇ ਸਰਕਾਰ ਦੀ ਬਦਹਾਲੀ ਤੋਂ।। ਬੀਬਾ ਬਾਦਲ ਨੇ ਕਿਹਾ ਕਿ ਰੋਜ਼ ਫਿਰੌਤੀ ਅਤੇ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਨਹੀਂ ਕਰਦੀ, ਜਿਸ ਦੇ ਕਾਤਲ ਅੱਜ ਤੱਕ ਨਹੀਂ ਫੜੇ ਗਏ। ਮੈਂ ਸਿਰਫ ਪਿਛਲੇ 10 ਦਿਨਾਂ ਦੀ ਗੱਲ ਕਰਦੀ ਹਾਂ, ਜਿੱਥੇ ਆਮ ਆਦਮੀ ਪਾਰਟੀ ਦੇ ਸਰਪੰਚ ਵੀ ਸੁਰੱਖਿਅਤ ਨਹੀਂ ਰਹੇ। ਇੰਨਾ ਹੀ ਨਹੀਂ, ਬਾਰਡਰ ‘ਤੇ ਦੋ ਪੁਲਸ ਮੁਲਾਜ਼ਮਾਂ ਦਾ ਵੀ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਪੰਜਾਬ: ਮਾਰਚ ਦੇ ਪਹਿਲੇ ਹਫਤੇ ਹੀ ਕਿਉਂ ਪੈ ਰਹੀ ਕਹਿਰ ਦੀ ਗਰਮੀ ! ਮੌਸਮ ਵਿਗਿਆਨੀਆਂ ਨੇ ਦੱਸਿਆ ਵੱਡਾ ਕਾਰਨ

ਮੁੱਖ ਮੰਤਰੀ ’ਤੇ ਤਿੱਖੇ ਤੰਜ
ਮੁੱਖ ਮੰਤਰੀ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਵੇਰੇ ਕਹਿੰਦੇ ਹਨ ਕਿ ਮੈਂ ਇਨ੍ਹਾਂ ਮੁਲਾਜ਼ਮਾਂ ਸ਼ਹੀਦ ਦਾ ਦਰਜਾ ਦਿੰਦਾ ਹਾਂ। ਪਰ ਜਦੋਂ ਦਿੱਲੀ ਤੋਂ ਡੰਡਾ ਪਿਆ ਤਾਂ ਦੁਪਹਿਰ ਨੂੰ ਕਹਿ ਦਿੱਤਾ ਕਿ ਦੋਵਾਂ ਮੁਲਾਜ਼ਮਾਂ ਨੇ ਇਕ-ਦੂਜੇ ‘ਤੇ ਗੋਲੀ ਚਲਾਈ ਸੀ। ਉਨ੍ਹਾਂ ਕਿਹਾ ਕਿ ਲੋਕ ਬਿਹਾਰ ਦਾ ਜੰਗਲ ਰਾਜ ਤਾਂ ਭੁੱਲ ਗਏ, ਪਰ ਹੁਣ ਇਨ੍ਹਾਂ ਕਰਕੇ ਪੰਜਾਬ ਵਿੱਚ ਜੰਗਲ ਰਾਜ ਦੀ ਚਰਚਾ ਹੋਣ ਲੱਗ ਪਵੇਗੀ। ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਗੈਂਗਸਟਰ ਰਾਜ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਈ ਸਿਕਿਉਰਿਟੀ ਜੇਲ੍ਹਾਂ ਵਿੱਚ ਗੈਂਗਸਟਰ ਸ਼ਾਹੀ ਠਾਠ ਨਾਲ ਰਹਿ ਰਹੇ ਹਨ, ਜਿੱਥੇ ਉਨ੍ਹਾਂ ਕੋਲ ਫ਼ੋਨ ਅਤੇ ਇੰਟਰਨੈੱਟ ਵਰਗੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ ਅਤੇ ਉਹ ਉੱਥੋਂ ਹੀ ਮੀਡੀਆ ਨੂੰ ਇੰਟਰਵਿਊ ਦੇ ਰਹੇ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ: ਤੜਕਸਾਰ SBI ਬੈਂਕ 'ਚ ਲੱਗੀ ਭਿਆਨਕ ਅੱਗ, ਸਾਰਾ ਰਿਕਾਰਡ ਸੜ ਕੇ ਹੋਇਆ ਸੁਆਹ

ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਇਹੋ ਜਿਹੇ ਹਾਲਾਤ ਬਣ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ ਹੋਇਆ, ਸਗੋਂ ਪੰਜਾਬ ਕਮਜ਼ੋਰ ਹੋਇਆ ਹੈ। ਇਨ੍ਹਾਂ ਨੇ ਝੂਠੇ ਇਲਜ਼ਾਮ ਲਾ ਕੇ ਆਪਣੀ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਨ, ਉਹ ਇਕ-ਇਕ ਕਰਕੇ ਖੋਹ ਲਈਆਂ ਗਈਆਂ ਹਨ। ਪਹਿਲਾਂ 30 ਕਿਲੋ ਕਣਕ ਮਿਲਦੀ ਸੀ, ਕਾਂਗਰਸ ਨੇ ਇਸ ਨੂੰ 15 ਕਿਲੋ ਕਰ ਦਿੱਤਾ ਅਤੇ ਹੁਣ ਝਾੜੂ ਵਾਲਿਆਂ ਨੇ 5 ਕਿਲੋ ਕਰ ਦਿੱਤੀ ਹੈ।ਫਿਰ ਇਨ੍ਹਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ। ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ ਜਦੋਂ ਹੜ੍ਹ ਆਉਂਦਾ ਹੈ ਤਾਂ ਮੁੱਖ ਮੰਤਰੀ ਫੋਰਟਿਸ ਹਸਪਤਾਲ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਆਪਣਾ ਨਸ਼ਾ ਛੁਡਾਉਣ ਲਈ ਪੰਜਾਬ ਦੇ ਮੁਹੱਲਾ ਕਲੀਨਿਕ ਛੱਡ ਕੇ ਬੈਂਗਲੁਰੂ ਜਾ ਰਹੇ ਹਨ।

ਲੋਕ ਭਲਾਈ ਸਕੀਮਾਂ ਦਾ ਬੁਰਾ ਹਾਲ
 ਸਹੂਲਤਾਂ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਮਿਲਣ ਵਾਲੀ 30 ਕਿਲੋ ਕਣਕ ਹੁਣ ਘਟ ਕੇ ਸਿਰਫ਼ 5 ਕਿਲੋ ਰਹਿ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਗਨ ਸਕੀਮ, ਵਜ਼ੀਫ਼ੇ ਅਤੇ ਹੋਰ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ। ਅੱਜ ਜੇ ਸਹੂਲਤਾਂ ਲੈਣੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਲਿਆਉਣਾ ਪਵੇਗਾ। ਕੁਝ ਮਹੀਨੇ ਹੀ ਰਹਿ ਗਏ ਹਨ ਅਤੇ ਇਹ ਲੋਕ ਹੁਣ ਵੀ ਲਾਅਰੇ ਹੀ ਲਗਾਉਣਗੇ। ਉਨ੍ਹਾਂ ਕਿਹਾ ਕਿ ਹੁਣ ਮੌਕਾ ਆ ਗਿਆ ਹੈ ਕਿ ਦਿੱਲੀ ਦੇ ਲੁਟੇਰਿਆਂ ਨੂੰ ਰਵਾਨਾ ਕੀਤਾ ਜਾਵੇ ਅਤੇ ਖ਼ਜ਼ਾਨੇ ਦਾ ਮੂੰਹ ਪੰਜਾਬ ਵੱਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਇਸ ਦਾ ਫ਼ਾਇਦਾ ਮਿਲ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News