4 ਘੰਟਿਆਂ ਲਈ ਫ਼ਰੀ ਕੀਤਾ ਗਿਆ ਟੋਲ ਪਲਾਜ਼ਾ, ਪੰਜਾਬ ਸਰਕਾਰ ਖ਼ਿਲਾਫ਼ ਹੋਈ ਨਾਅਰੇਬਾਜ਼ੀ
Friday, Feb 27, 2026 - 05:16 PM (IST)
ਭਵਾਨੀਗੜ੍ਹ (ਕਾਂਸਲ)– ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਮਾਣਾ ਵਿਖੇ ਚੱਲ ਰਹੇ ਧਰਮ ਯੁੱਧ ਮੋਰਚੇ ਦੇ ਹੱਕ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਬੀਕੇਯੂ ਅਜ਼ਾਦ ਵੱਲੋਂ ਭਵਾਨੀਗੜ੍ਹ ਨੇੜਲੇ ਪਿੰਡ ਕਾਲਾਝਾੜ ਵਿਖੇ ਸਥਿਤ ਨੈਸ਼ਨਲ ਹਾਈਵੇ ਨੰਬਰ 7 ਦੇ ਟੋਲ ਪਲਾਜ਼ਾ ਨੂੰ ਚਾਰ ਘੰਟਿਆਂ ਲਈ ਫ੍ਰੀ ਕਰ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ਾ ‘ਤੇ ਡੱਟ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਰੋਸ ਜ਼ਾਹਰ ਕੀਤਾ।
ਇਸ ਮੌਕੇ ‘ਤੇ ਗੱਲਬਾਤ ਕਰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਸਮਾਣਾ ਵਿਖੇ ਭਾਈ ਗੁਰਜੀਤ ਸਿੰਘ ਫੌਜੀ ਪਿਛਲੇ 517 ਦਿਨਾਂ ਤੋਂ 400 ਫੁੱਟ ਉੱਚੇ ਟਾਵਰ ‘ਤੇ ਬੈਠ ਕੇ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਸਰਕਾਰ ਵੱਲੋਂ ਸਪੈਸ਼ਲ ਵਿਧਾਨ ਸਭਾ ਸੈਸ਼ਨ ਬੁਲਾ ਕੇ ਬੇਅਦਬੀ ਰੋਕੂ ਬਿੱਲ ਪੇਸ਼ ਕੀਤਾ ਗਿਆ ਸੀ, ਜਿਸਨੂੰ 15 ਜੁਲਾਈ 2025 ਨੂੰ ਵਧੇਰੇ ਵਿਚਾਰ ਲਈ ਸਿਲੈਕਟ ਕਮੇਟੀ ਕੋਲ ਭੇਜਿਆ ਗਿਆ। ਉਸ ਸਮੇਂ ਛੇ ਮਹੀਨਿਆਂ ਅੰਦਰ ਰਿਪੋਰਟ ਦੇਣ ਦੀ ਗੱਲ ਕਹੀ ਗਈ ਸੀ, ਪਰ ਸਾਢੇ ਸੱਤ ਮਹੀਨੇ ਬੀਤ ਜਾਣ ਬਾਵਜੂਦ ਕਾਨੂੰਨ ਬਣਾਉਣ ਵਿੱਚ ਦੇਰੀ ਹੋ ਰਹੀ ਹੈ। ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਦੱਸਿਆ ਕਿ ਟਾਵਰ ਮੋਰਚਾ ਕਮੇਟੀ ਵੱਲੋਂ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕੋਲ ਹਮਾਇਤ ਦੀ ਅਪੀਲ ਕੀਤੀ ਗਈ ਸੀ, ਜਿਸ ‘ਤੇ ਉਨ੍ਹਾਂ ਡਟਵੀਂ ਹਿਮਾਇਤ ਦਾ ਭਰੋਸਾ ਦਿੱਤਾ। ਇਸੇ ਤਹਿਤ 22, 23 ਅਤੇ 24 ਫਰਵਰੀ ਨੂੰ ਟਾਵਰ ਮੋਰਚੇ ‘ਤੇ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਦੇ ਇਸ਼ਾਰੇ ‘ਤੇ ਪੁਲਸ ਪ੍ਰਸ਼ਾਸਨ ਵੱਲੋਂ ਟਾਵਰ ਮੋਰਚੇ ‘ਤੇ ਜਾਣ ਵਾਲੇ ਕਿਸਾਨ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਪੰਜਾਬ ਭਰ ਵਿਚ ਟੋਲ ਪਲਾਜ਼ੇ ਫ੍ਰੀ ਕਰਨ ਦੀ ਕਾਲ ਦਿੱਤੀ ਗਈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੋਰਚੇ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਫੈਸਲੇ ਕਰਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਨਵੀਨਰ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਅਤੇ ਬੀਕੇਯੂ ਅਜਾਦ ਦੇ ਆਗੂ ਗੁਰਦੇਵ ਸਿੰਘ ਗੱਜੁਮਾਜਰਾ, ਜ਼ਿਲ੍ਹਾ ਪਟਿਆਲਾ ਦੇ ਆਗੂ ਪਰਵਿੰਦਰ ਲਾਲਪੁਰਾ ਸਮੇਤ ਵੱਖ-ਵੱਖ ਬਲਾਕਾਂ ਦੇ ਆਗੂਆਂ ਨੇ ਸੰਬੋਧਨ ਕੀਤਾ।
ਇਸ ਮੌਕੇ ਚਮਕੌਰ ਸਿੰਘ ਭੇੜਪੁਰਾ, ਕੇਵਲ ਸਿੰਘ ਜਵੰਧਾਂ, ਕਰਮਜੀਤ ਸਿੰਘ ਬਾਲਦ ਕਲਾਂ, ਪਰਮਜੀਤ ਸਿੰਘ ਗੁਰਦਾਸਪੁਰਾ, ਜਸਵੰਤ ਸਿੰਘ, ਰਾਮਫਲ ਸਿੰਘ ਝਲੂਰ,ਛਾਹੜ,ਉ ਜਗਮੇਲ ਸਿੰਘ ਬੰਮਣਾ, ਕੁਲਵੰਤ ਸਿੰਘ ਉਭਿਆ, ਹਰਬੰਸ ਸਿੰਘ, ਬਲਕਾਰ ਸਿੰਘ ਤਰੋੜਾਂ, ਤਰਸੇਮ ਸਿੰਘ ਅਕਬਰਪੁਰ,ਕਰਮ ਸਿੰਘ ਨਮੋਲ,ਜਤਿੰਦਰ ਸਿੰਘ ਝਲੂਰ, ਕਸ਼ਮੀਰ ਸਿੰਘ ਉਗਰਾਹਾਂ ਸਮੇਤ ਸਾਰੇ ਬਲਾਕ ਆਗੂਆਂ ਨੇ ਮੋਰਚੇ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।
