ਪੰਜਾਬ ਦੇ ਹਾਲਾਤਾਂ ''ਤੇ ਸੁਨੀਲ ਜਾਖੜ ਨੇ ਜਤਾਈ ਚਿੰਤਾ, ''ਆਪ'' ਸਰਕਾਰ ਨੂੰ ਘੇਰਿਆ
Sunday, Mar 08, 2026 - 05:00 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ 'ਚ ਵੱਧ ਰਹੇ ਡਰ, ਨਸ਼ੇ ਅਤੇ ਗੈਂਗਸਟਰਵਾਦ ਦੇ ਮਸਲੇ ਨੂੰ ਲੈ ਕੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਪਿੰਡਾਂ 'ਚ ਲੋਕ ਡਰ ਦੇ ਮਾਹੌਲ 'ਚ ਜੀਅ ਰਹੇ ਹਨ ਅਤੇ ਘਰਾਂ 'ਚ ਮਾਵਾਂ-ਭੈਣਾਂ ਦੋਹਰੀ ਚਿੰਤਾ ਨਾਲ ਘਿਰ ਚੁੱਕੀਆਂ ਹਨ। ਸੁਨੀਲ ਜਾਖੜ ਨੇ ਕਿਹਾ ਕਿ ਪਹਿਲਾਂ ਮਾਪਿਆਂ ਦੀ ਇੱਕ ਹੀ ਚਿੰਤਾ ਹੁੰਦੀ ਸੀ ਕਿ ਬੱਚਾ ਪੜ੍ਹ-ਲਿਖ ਕੇ ਨੌਕਰੀ ਕਿੱਥੇ ਲੱਗੇਗਾ, ਪਰ ਹੁਣ ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਘਰਾਂ 'ਚ ਦੋ ਵੱਡੇ ਡਰ ਬਣ ਗਏ ਹਨ। ਇੱਕ ਡਰ ਇਹ ਹੈ ਕਿ ਬੱਚੇ ਨਸ਼ਿਆਂ ਦੇ ਚੁੰਗਲ 'ਚ ਨਾ ਫਸ ਜਾਣ ਅਤੇ ਦੂਜਾ ਡਰ ਇਹ ਹੈ ਕਿ ਕਿਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਫ਼ਿਰੌਤੀ ਦਾ ਫੋਨ ਨਾ ਆ ਜਾਵੇ ਜਾਂ ਰਸਤੇ 'ਚ ਗੋਲੀਬਾਰੀ ਦਾ ਸ਼ਿਕਾਰ ਨਾ ਹੋਣਾ ਪਵੇ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਡਰ ਦੇ ਮਾਹੌਲ ਤੋਂ ਬਚਾਉਣ ਲਈ ਮਜ਼ਬੂਤ ਅਗਵਾਈ ਦੀ ਲੋੜ ਹੈ ਅਤੇ ਇਹ ਕੰਮ ਸਿਰਫ ਭਾਜਪਾ ਹੀ ਕਰ ਸਕਦੀ ਹੈ। ਜਾਖੜ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ, ਗੈਂਗਸਟਰਵਾਦ ਅਤੇ ਡਰੱਗਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕਦੀ ਹੈ। ਜਾਖੜ ਨੇ ਕਿਹਾ ਕਿ ਪੰਜਾਬ 'ਚ ਲੋਕ ਹੁਣ ਬਦਲਾਅ ਦੀ ਉਮੀਦ ਨਾਲ ਭਾਜਪਾ ਵੱਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੁੱਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਚਖੰਡ ਸ੍ਰੀ ਗੁਰੂ ਰਵਿਦਾਸ ਜੀ ਡੇਰਾ ਬੱਲਾਂ ਵਿਖੇ ਮੱਥਾ ਟੇਕਣ ਆਏ ਸਨ ਤਾਂ ਲੋਕਾਂ 'ਚ ਇੱਕ ਨਵੀਂ ਉਮੀਦ ਜਾਗੀ ਸੀ ਕਿ ਕੇਂਦਰ ਸਰਕਾਰ ਪੰਜਾਬ ਦੀਆਂ ਚਿੰਤਾਵਾਂ ਨੂੰ ਸਮਝਦੀ ਹੈ। ਭਾਜਪਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਅੱਜ ਪੰਜਾਬ 'ਚ ਸਰਪੰਚਾਂ ਤੱਕ ਦੇ ਕਤਲ ਹੋ ਰਹੇ ਹਨ ਅਤੇ ਆਮ ਆਦਮੀ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ।
ਉਨ੍ਹਾਂ ਦੱਸਿਆ ਕਿ ਪੁਲਸ ਤੱਕ ਆਪਣੇ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰ ਰਹੀ ਹੈ, ਜੋ ਕਿ ਕਾਨੂੰਨ-ਵਿਵਸਥਾ ਦੀ ਖ਼ਰਾਬ ਹਾਲਤ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਸੂਬੇ ਦੀ ਸਿਆਸਤ ਨੂੰ ਬਾਹਰਲਿਆਂ ਦੀ ਅਗਵਾਈ ਦੇ ਹਵਾਲੇ ਕਰ ਦਿੱਤਾ ਹੈ। ਜਾਖੜ ਦੇ ਅਨੁਸਾਰ ਪੰਜਾਬ ਦੀ ਸਰਕਾਰ ਦੀ ਅਸਲੀ ਕਮਾਨ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੈ ਅਤੇ ਇਸ ਕਾਰਨ ਸੂਬੇ ਦੇ ਮਸਲੇ ਨਜ਼ਰ-ਅੰਦਾਜ਼ ਹੋ ਰਹੇ ਹਨ। ਅਖ਼ੀਰ 'ਚ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਡਰ ਅਤੇ ਅਸੁਰੱਖਿਆ ਦੇ ਮਾਹੌਲ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਬੂਤ ਅਤੇ ਫੈਸਲਾਕੁੰਨ ਅਗਵਾਈ ਨਾਲ ਹੀ ਸੂਬੇ ਨੂੰ ਇਸ ਸੰਕਟ ਤੋਂ ਬਾਹਰ ਕੱਢਿਆ ਜਾ ਸਕਦਾ ਹੈ।
