'ਪੰਜਾਬ 'ਚ 42 ਝੂਠੇ ਪੁਲਸ ਐਨਕਾਊਂਟਰਾਂ ਦੀ ਹੋਵੇ ਜਾਂਚ'-ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ 'ਤੇ ਕੱਸਿਆ ਤੰਜ (ਵੀਡੀਓ)

Thursday, Mar 05, 2026 - 02:14 PM (IST)

'ਪੰਜਾਬ 'ਚ 42 ਝੂਠੇ ਪੁਲਸ ਐਨਕਾਊਂਟਰਾਂ ਦੀ ਹੋਵੇ ਜਾਂਚ'-ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ 'ਤੇ ਕੱਸਿਆ ਤੰਜ (ਵੀਡੀਓ)

ਚੰਡੀਗੜ੍ਹ/ਭੁਲੱਥ (ਅੰਕੁਰ ਤਾਂਗੜੀ) : ਪੰਜਾਬ 'ਚ ਹੋ ਰਹੇ ਕਥਿਤ ਪੁਲਸ ਮੁਕਾਬਲਿਆਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੂਬਾ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਖਹਿਰਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਏ ਕਈ ਪੁਲਸ ਮੁਕਾਬਲੇ ਸ਼ੱਕ ਦੇ ਘੇਰੇ 'ਚ ਹਨ ਅਤੇ ਇਨ੍ਹਾਂ ਦੀ ਨਿਰਪੱਖ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਮਾਮਲਿਆਂ 'ਚ ਪੁਲਸ ਵੱਲੋਂ ਦੱਸੀ ਜਾ ਰਹੀ ਕਹਾਣੀ ਹਕੀਕਤ ਨਾਲ ਮੇਲ ਨਹੀਂ ਖਾਂਦੀ, ਜਿਸ ਕਰਕੇ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਹੋ ਰਿਹਾ ਹੈ। ਗੁਰਦਾਸਪੁਰ ਪੁਲਸ ਮੁਲਾਜ਼ਮਾਂ ਦੀ ਮੌਤ ਮਾਮਲੇ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਪੁਲਸ ਨੇ ਪਹਿਲਾਂ ਦੱਸਿਆ ਕਿ ਦੋ ਪੁਲਸ ਮੁਲਾਜ਼ਮਾਂ ਨੇ ਆਪਸ 'ਚ ਗੋਲੀਆਂ ਚਲਾ ਕੇ ਇੱਕ-ਦੂਜੇ ਨੂੰ ਮਾਰ ਦਿੱਤਾ। ਫਿਰ ਕੁੱਝ ਸਮੇਂ ਬਾਅਦ ਕਹਾਣੀ ਬਦਲ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਸ ਮਾਮਲੇ ਦੇ ਮੁਲਜ਼ਮ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਪੁਲਸ ਇਹ ਵੀ ਨਹੀਂ ਕਹਿੰਦੀ ਕਿ ਮੁਕਾਬਲਾ ਹੋਇਆ, ਸਿੱਧਾ ਕਹਿੰਦੀ ਹੈ ਕਿ ਅਸੀਂ ਐਨਕਾਊਂਟਰ ਕਰ ਦਿੱਤਾ। ਖਹਿਰਾ ਨੇ ਕਿਹਾ ਕਿ ਇਹ ਤਰੀਕਾ ਕਾਨੂੰਨੀ ਪ੍ਰਣਾਲੀ ਅਤੇ ਨਿਆਂ ਦੇ ਅਸੂਲਾਂ ’ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਜਿਸ ਨੌਜਵਾਨ ਰਣਜੀਤ ਸਿੰਘ ਨੂੰ ਮਾਰਿਆ, ਉਸ ਨੂੰ ਪਹਿਲਾਂ ਆਈ. ਐੱਸ. ਆਈ. ਦਾ ਏਜੰਟ ਦੱਸਿਆ ਗਿਆ। ਖਹਿਰਾ ਨੇ ਪੁੱਛਿਆ ਕਿ ਜੇਕਰ ਕੋਈ ਵਿਅਕਤੀ ਅੰਤਰਰਾਸ਼ਟਰੀ ਖ਼ੁਫੀਆ ਏਜੰਸੀ ਨਾਲ ਜੁੜਿਆ ਹੋਵੇ ਤਾਂ ਉਸ ਨੂੰ ਸਿਰਫ ਇੱਕ ਗੱਡੀ 'ਚ ਬਿਠਾ ਕੇ ਲਿਜਾਣਾ ਕਿਵੇਂ ਸੰਭਵ ਹੈ। ਉਨ੍ਹਾਂ ਦੇ ਅਨੁਸਾਰ ਪੁਲਸ ਨੇ ਦੱਸਿਆ ਕਿ ਤੜਕੇ ਤਿੰਨ ਵਜੇ ਉਸ ਨੂੰ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਜਾ ਰਿਹਾ ਸੀ ਅਤੇ ਇਸ ਦੌਰਾਨ ਗੱਡੀ ਉਲਟ ਗਈ। ਪੁਲਸ ਦੇ ਕਈ ਅਧਿਕਾਰੀਆਂ ਨੂੰ ਸੱਟਾਂ ਲੱਗੀਆਂ ਪਰ ਰਣਜੀਤ ਸਿੰਘ ਬਿਨਾਂ ਸੱਟ ਦੇ ਭੱਜ ਗਿਆ। ਖਹਿਰਾ ਨੇ ਕਿਹਾ ਕਿ ਇਹ ਕਹਾਣੀ ਆਪਣੇ ਆਪ 'ਚ ਸ਼ੱਕ ਪੈਦਾ ਕਰਦੀ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਹੋਲੀ 'ਤੇ ਵੱਡੀ ਘਟਨਾ : 9 ਸਾਲ ਦੇ ਮੁੰਡੇ ਨੂੰ ਅਚਾਨਕ ਲੱਗੀ ਗੋਲੀ, ਮਚੀ ਹਾਹਾਕਾਰ (ਵੀਡੀਓ)
ਖਹਿਰਾ ਨੇ ਅੱਗੇ ਕਿਹਾ ਕਿ ਪੁਲਸ ਦੇ ਮੁਤਾਬਕ ਰਣਜੀਤ ਸਿੰਘ ਭੱਜਣ ਤੋਂ ਬਾਅਦ ਮੋਟਰਸਾਈਕਲ ਅਤੇ ਪਿਸਤੌਲ ਦਾ ਪ੍ਰਬੰਧ ਕਰਨ ਲਈ 20-22 ਕਿਲੋਮੀਟਰ ਦੂਰ ਗਿਆ ਅਤੇ ਫਿਰ ਵਾਪਸ ਆ ਕੇ ਪੁਲਸ ’ਤੇ ਗੋਲੀ ਚਲਾਈ। ਇਸ ਤੋਂ ਬਾਅਦ ਪੁਲਸ ਦੀ ਜਵਾਬੀ ਕਾਰਵਾਈ 'ਚ ਉਹ ਮਾਰਿਆ ਗਿਆ। ਖਹਿਰਾ ਨੇ ਇਸ ਕਹਾਣੀ ਨੂੰ ਅਵਿਸ਼ਵਾਸਯੋਗ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਕੋਈ ਇੰਨਾ ਖ਼ਤਰਨਾਕ ਮੁਲਜ਼ਮ ਸੀ ਤਾਂ ਉਸ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਵੱਡਾ ਪੁਲਸ ਦਲ ਕਿਉਂ ਨਹੀਂ ਲਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਘਰ ’ਤੇ ਛਾਪਾ ਮਾਰਿਆ ਗਿਆ ਸੀ ਤਾਂ ਲਗਭਗ 500 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਦੋ ਜ਼ਿਲ੍ਹਿਆਂ ਦੀ ਪੁਲਸ ਉੱਥੇ ਮੌਜੂਦ ਸੀ ਪਰ ਇੱਕ ਕਥਿਤ ਆਈ. ਐੱਸ. ਆਈ. ਏਜੰਟ ਨੂੰ ਸਿਰਫ ਕੁੱਝ ਪੁਲਸ ਮੁਲਾਜ਼ਮਾਂ ਨਾਲ ਲਿਜਾਇਆ ਗਿਆ, ਜੋ ਸਵਾਲ ਖੜ੍ਹੇ ਕਰਦਾ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਪੁਲਸ ਵੱਲੋਂ ਜਿਨ੍ਹਾਂ ਤਿੰਨ ਨੌਜਵਾਨਾਂ ਨੂੰ ਪੁਲਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ, ਉਹ ਕਤਲ ਤੋਂ ਬਾਅਦ ਘਰਾਂ 'ਚ ਹੀ ਬੈਠੇ ਸਨ। ਉਨ੍ਹਾਂ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਪੁਲਸ ਮੁਲਾਜ਼ਮਾਂ ਦਾ ਕਤਲ ਕਰਦਾ ਹੈ ਤਾਂ ਉਹ ਆਮ ਤੌਰ ’ਤੇ ਫ਼ਰਾਰ ਹੋ ਜਾਂਦਾ ਹੈ ਜਾਂ ਸੂਬਾ ਛੱਡ ਜਾਂਦਾ ਹੈ, ਪਰ ਇੱਥੇ ਦੱਸਿਆ ਜਾ ਰਿਹਾ ਹੈ ਕਿ ਉਹ ਘਰਾਂ 'ਚ ਹੀ ਮੌਜੂਦ ਸਨ। ਖਹਿਰਾ ਨੇ ਕਿਹਾ ਕਿ ਕਈ ਵਾਰ ਜਦੋਂ ਸਰਕਾਰ ਜਾਂ ਪੁਲਸ ਦੀ ਨਾਕਾਮੀ ਸਾਹਮਣੇ ਆਉਂਦੀ ਹੈ ਤਾਂ ਉਸਦਾ ਦੋਸ਼ ਆਈ. ਐੱਸ. ਆਈ. ’ਤੇ ਮੜ੍ਹ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੇ ਦੋਸ਼ ਲਗਾ ਕੇ ਮਾਮਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਏ 42 ਪੁਲਸ ਮੁਕਾਬਲਿਆਂ ਲਈ ਸਰਕਾਰ ਜ਼ਿੰਮੇਵਾਰ ਹੈ। ਖਹਿਰਾ ਨੇ ਕਿਹਾ ਕਿ ਬਿਨਾਂ ਉੱਚ ਪੱਧਰ ਦੀ ਮਨਜ਼ੂਰੀ ਦੇ ਕੋਈ ਵੀ ਪੁਲਸ ਮੁਕਾਬਲਾ ਨਹੀਂ ਹੋ ਸਕਦਾ। ਉਨ੍ਹਾਂ ਦੇ ਮੁਤਾਬਕ ਪੁਲਸ ਵਿਭਾਗ ਦੇ ਸਿਖਰਲੇ ਅਧਿਕਾਰੀਆਂ ਅਤੇ ਸਰਕਾਰ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਖਹਿਰਾ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਹਰ ਵਿਅਕਤੀ ਨੂੰ ਨਿਆਂ ਪ੍ਰਕਿਰਿਆ ਦਾ ਹੱਕ ਹੈ। ਕਿਸੇ ਵੀ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਟ੍ਰਾਇਲ ਕਰਨਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਸ ਹੀ ਲੋਕਾਂ ਨੂੰ ਮਾਰਨ ਦਾ ਫ਼ੈਸਲਾ ਕਰੇਗੀ ਤਾਂ ਫਿਰ ਅਦਾਲਤਾਂ ਅਤੇ ਕਾਨੂੰਨੀ ਪ੍ਰਣਾਲੀ ਦੀ ਲੋੜ ਹੀ ਕੀ ਰਹਿ ਜਾਵੇਗੀ।  ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਕਮਜ਼ੋਰ ਹੋ ਚੁੱਕੀ ਹੈ ਅਤੇ ਗੈਂਗਸਟਰਾਂ ਵੱਲੋਂ ਦਿਨ-ਦਿਹਾੜੇ ਕਤਲ ਦੀਆਂ ਘਟਨਾਵਾਂ ਹੋ ਰਹੀਆਂ ਹਨ। ਖਹਿਰਾ ਨੇ ਕਿਹਾ ਕਿ ਜਦੋਂ ਸਰਕਾਰ 'ਤੇਦਬਾਅ ਬਣਦਾ ਹੈ ਤਾਂ ਲੋਕਾਂ ਨੂੰ ਦਿਖਾਉਣ ਲਈ ਸਖ਼ਤ ਕਾਰਵਾਈ ਦੇ ਨਾਂ ’ਤੇ ਕੁੱਝ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ। 

ਇਹ ਵੀ ਪੜ੍ਹੋ : ਪੰਜਾਬ : ਹੋਲੀ 'ਤੇ ਖ਼ੂਨੀ ਖੇਡ! ਰਾਜ਼ੀਨਾਮੇ ਦੌਰਾਨ ਚੱਲ ਗਈਆਂ ਗੋਲੀਆਂ, 2 ਲੋਕਾਂ ਦੀ ਮੌਤ (ਵੀਡੀਓ)

ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪਿਛਲੇ ਸਮੇਂ ਦੌਰਾਨ ਕਿਸਾਨਾਂ ਅਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਵੀ ਪੁਲਸ ਵੱਲੋਂ ਸਖ਼ਤ ਵਤੀਰਾ ਕੀਤਾ ਗਿਆ ਹੈ। ਖਹਿਰਾ ਦੇ ਅਨੁਸਾਰ ਕਈ ਮਾਮਲਿਆਂ 'ਚ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਅਤੇ ਵਿਰੋਧ ਕਰਨ ਵਾਲਿਆਂ ’ਤੇ ਮਾਮਲੇ ਦਰਜ ਕਰਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਖਹਿਰਾ ਨੇ ਕਿਹਾ ਕਿ ਇਹ ਹਾਲਾਤ ਲੋਕਤੰਤਰ ਲਈ ਖ਼ਤਰਨਾਕ ਹਨ ਅਤੇ ਜੇਕਰ ਇਸ ਤਰ੍ਹਾਂ ਦੀ ਪ੍ਰਵਿਰਤੀ ਜਾਰੀ ਰਹੀ ਤਾਂ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਰਹੇਗਾ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰਾਂ, ਵਿਰੋਧੀ ਧਿਰ ਦੇ ਆਗੂਆਂ ਅਤੇ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਅਖ਼ੀਰ 'ਚ ਖਹਿਰਾ ਨੇ ਮੰਗ ਕੀਤੀ ਕਿ ਸਾਰੇ ਕਥਿਤ ਪੁਲਸ ਮੁਕਾਬਲਿਆਂ ਦੀ ਜਾਂਚ ਨਿਰਪੱਖ ਤਰੀਕੇ ਨਾਲ ਕਰਵਾਈ ਜਾਵੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਹ ਜਾਂਚ ਜਾਂ ਤਾਂ ਸੀ. ਬੀ. ਆਈ. ਨੂੰ ਸੌਂਪੀ ਜਾਵੇ ਜਾਂ ਹਾਈਕੋਰਟ ਦੀ ਨਿਗਰਾਨੀ ਹੇਠ ਇੱਕ ਸੁਤੰਤਰ ਜਾਂਚ ਟੀਮ ਬਣਾਈ ਜਾਵੇ। ਖਹਿਰਾ ਨੇ ਕਿਹਾ ਕਿ ਰਣਜੀਤ ਸਿੰਘ ਸਮੇਤ ਜਿਨ੍ਹਾਂ 42 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਕੋਈ ਪੁਲਸ ਅਧਿਕਾਰੀ ਜਾਂ ਸਿਆਸੀ ਨੇਤਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News