ਕੀ ਮੰਤਰੀ ਮੰਡਲ ਵਾਧੇ ''ਚ ਜਲੰਧਰ ਦਾ ਲੱਗੇਗਾ ਨੰਬਰ?
Tuesday, Feb 13, 2018 - 11:25 AM (IST)

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਰਚ ਦੇ ਪਹਿਲੇ ਹਫਤੇ 'ਚ ਕੀਤੇ ਜਾਣ ਵਾਲੇ ਮੰਤਰੀ ਮੰਡਲ ਵਾਧੇ 'ਚ ਕੀ ਪੰਜਾਬ ਦਾ ਨੰਬਰ ਲੱਗੇਗਾ? ਇਸ ਬਾਰੇ ਅਜੇ ਪੱਕੇ ਤੌਰ 'ਤੇ ਕੁਝ ਵੀ ਕਹਿਣਾ ਮੁਸ਼ਕਲ ਹੈ। ਦੋਆਬਾ 'ਚ ਅਜੇ ਤੱਕ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਹੀ ਦੋਆਬੇ ਦੀ ਨੁਮਾਇੰਦਗੀ ਕਰਦੇ ਆ ਰਹੇ ਸਨ ਪਰ ਉਨ੍ਹਾਂ ਦੇ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਕਾਂਗਰਸੀ ਹਲਕਿਆਂ ਵਿਚ ਮੰਨਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ਵਾਧੇ ਵੇਲੇ ਜਲੰਧਰ ਦਾ ਨੰਬਰ ਲੱਗਣਾ ਫਿਲਹਾਲ ਮੁਸ਼ਕਲ ਨਜ਼ਰ ਆ ਰਿਹਾ ਹੈ।
ਕਾਂਗਰਸੀ ਹਲਕਿਆਂ ਦਾ ਮੰਨਣਾ ਹੈ ਕਿ ਜਲੰਧਰ 'ਚ ਨਾਮਜ਼ਦ ਕਾਂਗਰਸੀ ਵਿਧਾਇਕ ਜਾਂ ਤਾਂ ਪਹਿਲੀ ਵਾਰ ਜਿੱਤ ਕੇ ਆਏ ਹਨ ਜਾਂ ਦੂਜੀ ਵਾਰ। ਮੰਤਰੀ ਮੰਡਲ 'ਚ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਦੇ ਸਮੇਂ ਸੀਨੀਓਰਿਟੀ ਦਾ ਧਿਆਨ ਰੱਖਿਆ ਜਾਵੇਗਾ। ਸੂਬੇ ਵਿਚ ਅਨੇਕਾਂ ਕਾਂਗਰਸੀ ਵਿਧਾਇਕ ਅਜਿਹੇ ਵੀ ਹਨ ਜੋ 4 ਤੋਂ 5 ਵਾਰ ਨਾਮਜ਼ਦ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਦੀ ਥਾਂ 'ਤੇ ਪਹਿਲੀ ਜਾਂ ਦੂਜੀ ਵਾਰ ਜਿੱਤ ਕੇ ਆਏ ਵਿਧਾਇਕਾਂ ਦਾ ਨੰਬਰ ਲੱਗਣਾ ਔਖਾ ਜਾਪਦਾ ਹੈ। ਭਾਵੇਂ ਅੰਤਿਮ ਫੈਸਲਾ ਤਾਂ ਮੁੱਖ ਮੰਤਰੀ ਵਲੋਂ ਅਗਲੇ ਕੁਝ ਦਿਨਾਂ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਲੈ ਲਿਆ ਜਾਵੇਗਾ ਪਰ ਪਹਿਲੀ ਅਤੇ ਦੂਜੀ ਵਾਰ ਜਿੱਤ ਕੇ ਆਏ ਵਿਧਾਇਕਾਂ ਨੇ ਵੀ ਮੰਤਰੀ ਅਹੁਦਾ ਲੈਣ ਲਈ ਸੋਸ਼ਲ ਮੀਡੀਆ 'ਤੇ ਆਪਣੇ ਸਮਰਥਕਾਂ ਰਾਹੀਂ ਚਲਾਈ ਜਾ ਰਹੀ ਹੈ। ਇਸ ਦੇ ਪਿੱਛੇ ਵਿਧਾਇਕਾਂ ਦੇ ਸਮਰਥਕ ਇਹ ਵੀ ਦਲੀਲ ਦੇ ਰਹੇ ਹਨ ਕਿ ਜਲੰਧਰ ਨਗਰ ਨਿਗਮ ਚੋਣਾਂ ਦੇ ਸਮੇਂ ਉਨ੍ਹਾਂ ਦੇ ਹਲਕਿਆਂ ਵਿਚ ਸਭ ਤੋਂ ਵੱਧ ਕਾਂਗਰਸੀ ਕੌਂਸਲਰ ਨਾਮਜ਼ਦ ਹੋਏ। ਇਸ ਮੁਹਿੰਮ ਦਾ ਸ਼ਾਇਦ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਕੋਈ ਅਸਰ ਪਵੇਗਾ। ਮੁੱਖ ਮੰਤਰੀ ਦੇ ਸਾਹਮਣੇ ਜਿੱਥੇ ਮੰਤਰੀ ਅਹੁਦਿਆਂ ਲਈ ਵਿਧਾਇਕਾਂ ਦੀ ਚੋਣ ਕਰਦੇ ਸਮੇਂ ਸੀਨੀਓਰਿਟੀ ਦਾ ਮਾਮਲਾ ਰਹੇਗਾ। ਦੂਜੇ ਪਾਸੇ ਮੁੱਖ ਮੰਤਰੀ ਇਹ ਵੀ ਵੇਖਣਗੇ ਕਿ ਔਖੇ ਵੇਲੇ ਉਨ੍ਹਾਂ ਨਾਲ ਪਿਛਲੇ 10 ਸਾਲਾਂ ਵਿਚ ਕਿਹੜੇ-ਕਿਹੜੇ ਕਾਂਗਰਸੀ ਆਗੂ ਖੜ੍ਹੇ ਸਨ ਜੋ ਹੁਣ ਵਿਧਾਇਕ ਤਾਂ ਬਣ ਗਏ ਹਨ ਪਰ ਉਨ੍ਹਾਂ ਦੀ ਵਫਾਦਾਰੀ ਕਿਹੋ ਜਿਹੀ ਰਹੀ।
ਇਸ ਦੇ ਆਧਾਰ 'ਤੇ ਮੰਤਰੀ ਅਹੁਦਿਆਂ ਲਈ ਵਿਧਾਇਕਾਂ ਦੀ ਚੋਣ ਹੋਵੇਗੀ। ਇਸੇ ਤਰ੍ਹਾਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੋਆਬਾ ਤੋਂ ਕੋਈ ਨਾ ਕੋਈ ਮੰਤਰੀ ਤਾਂ ਮੁੱਖ ਮੰਤਰੀ ਜ਼ਰੂਰ ਚੁਣਨਗੇ ਪਰ ਜ਼ਰੂਰੀ ਨਹੀਂ ਕਿ ਜਲੰਧਰ ਤੋਂ ਹੀ ਵਿਧਾਇਕਾਂ ਦੀ ਚੋਣ ਹੋਵੇ। ਜਲੰਧਰ ਤੋਂ ਬਾਹਰ ਵੀ ਕਈ ਵਿਧਾਇਕ ਤੀਜੀ-ਤੀਜੀ ਵਾਰ ਨਾਮਜ਼ਦ ਹੋ ਕੇ ਆਏ ਹਨ ਅਤੇ ਇਨ੍ਹਾਂ ਵਿਧਾਇਕਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਵਫਾਦਾਰੀ ਵੀ ਪੂਰੀ ਰਹੀ।