8 ਜਨਵਰੀ ਨੂੰ ਬੰਦ ਰਹੇਗਾ ਪੰਜਾਬ ਦਾ ਵੱਡਾ ਸ਼ਹਿਰ! ਮੇਨ ਚੌਕ ''ਚ ਲੱਗੇਗਾ ਧਰਨਾ
Tuesday, Jan 06, 2026 - 04:52 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਵਪਾਰ ਮੰਡਲ ਵੱਲੋਂ 8 ਜਨਵਰੀ ਦਿਨ ਵੀਰਵਾਰ ਨੂੰ ਫਾਜ਼ਿਲਕਾ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਫਾਜ਼ਿਲਕਾ ਸ਼ਹਿਰ ਵਿਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਤੇ ਪੁਲਸ ਸੁਣਵਾਈ ਨਹੀਂ ਕਰ ਰਹੀ। ਇਸ ਨੂੰ ਲੈ ਕੇ 8 ਜਨਵਰੀ ਵੀਰਵਾਰ ਨੂੰ ਨਾ ਸਿਰਫ਼ ਸ਼ਹਿਰ ਬੰਦ ਹੋਵੇਗਾ, ਸਗੋਂ ਚੌਕ ਘੰਟਾਘਰ 'ਤੇ ਧਰਨਾ ਵੀ ਦਿੱਤਾ ਜਾਵੇਗਾ। ਹਾਲਾਂਕਿ ਪੁਲਸ ਦਾ ਦਾਅਵਾ ਹੈ ਕਿ ਚੋਰੀ ਦੇ ਜਿੰਨੇ ਵੀ ਮਾਮਲੇ ਆਏ, ਸਾਰੇ ਟ੍ਰੇਸ ਕੀਤੇ ਜਾ ਚੁੱਕੇ ਹਨ।
ਜਾਣਕਾਰੀ ਦਿੰਦਿਆਂ ਫਾਜ਼ਿਲਕਾ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਨੇ ਦੱਸਿਆ ਕਿ ਫਾਜ਼ਿਲਕਾ ਸ਼ਹਿਰ ਵਿਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸੁਰੱਖਿਅਤ ਨਹੀਂ ਹਨ। ਅਜਿਹੇ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਆਏ ਦਿਨ ਸ਼ਹਿਰ ਵਿਚ ਚੋਰੀਆਂ ਹੋ ਰਹੀਆਂ ਹਨ ਤੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਹਾਲਾਂਕਿ ਵਪਾਰ ਮੰਡਲ ਨੇ ਇਸ ਮਾਮਲੇ ਨੂੰ ਲੈ ਕੇ ਫਾਜ਼ਿਲਕਾ ਜ਼ਿਲ੍ਹਾ ਪੁਲਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਦੋਸ਼ ਲਾਇਆ ਕਿ ਉਸ ਦੌਰਾਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਕਾਰਨ ਵਪਾਰ ਮੰਡਲ ਨੇ ਮੀਟਿੰਗ ਕੀਤੀ ਤੇ ਇਹ ਫ਼ੈਸਲਾ ਲਿਆ ਹੈ ਕਿ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਆਪਣਾ ਰੋਸ ਜਾਹਿਰ ਕਰਦਿਆਂ ਵੀਰਵਾਰ 8 ਜਨਵਰੀ ਨੂੰ ਫਾਜ਼ਿਲਕਾ ਸ਼ਹਿਰ 2 ਵਜੇ ਤਕ ਬੰਦ ਰਹੇਗਾ। ਇਸ ਦੌਰਾਨ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਤੇ ਚੌਕ ਘੰਟਾਘਰ ਵਿਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਦੂਜੇ ਪਾਸੇ, ਸਿਟੀ ਥਾਣੇ ਦੇ ਐੱਸ. ਐੱਚ. ਓ. ਲੇਖਰਾਜ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਜਿੰਨੀਆਂ ਵੀ ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ, ਸਾਰੀਆਂ ਟ੍ਰੇਸ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਨੇ ਇਨ੍ਹਾਂ ਵਾਰਦਾਤਾਂ ਨੂੰ ਨਾ ਸਿਰਫ਼ ਟ੍ਰੇਸ ਕੀਤਾ ਹੈ, ਸਗੋਂ ਮੁਲਜ਼ਮਾਂ ਨੂੰ ਫੜਣ ਦੇ ਨਾਲ-ਨਾਲ ਚੋਰੀ ਹੋਏ ਸਾਮਾਨ ਦੀ ਰਿਕਵਰੀ ਵੀ ਕੀਤੀ ਹੈ।
