ਜਲੰਧਰ 'ਚ ਖੁੱਲ੍ਹੇ ਇਲਾਕਿਆਂ ’ਚ ਸ਼ਿਫਟ ਹੋ ਰਹੀ ਇੰਡਸਟਰੀ! ਉਭਰ ਰਿਹੈ ਨਵਾਂ ਇੰਡਸਟਰੀਅਲ ਹੱਬ
Thursday, Jan 08, 2026 - 02:36 PM (IST)
ਜਲੰਧਰ (ਖੁਰਾਣਾ)-ਦਿੱਲੀ–ਅੰਮ੍ਰਿਤਸਰ–ਕਟੜਾ ਐਕਸਪ੍ਰੈੱਸਵੇਅ ਦਾ ਵੱਡਾ ਹਿੱਸਾ ਪੂਰਾ ਹੋ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਐਕਸਪ੍ਰੈੱਸਵੇਅ ਦਿੱਲੀ, ਹਰਿਆਣਾ, ਪੰਜਾਬ ਅਤੇ ਜੰਮੂ–ਕਸ਼ਮੀਰ ਸਮੇਤ ਕਈ ਖੇਤਰਾਂ ਲਈ ਬਹੁਤ ਲਾਭਦਾਇਕ ਸਾਬਿਤ ਹੋਣ ਜਾ ਰਿਹਾ ਹੈ। ਜਲੰਧਰ ਦੀ ਗੱਲ ਕਰੀਏ ਤਾਂ ਇਹ ਐਕਸਪ੍ਰੈੱਸਵੇਅ ਕੰਗ ਸਾਬੂ ਦੇ ਨੇੜਿਓਂ ਹੋ ਕੇ ਪਿੰਡ ਧੋਗੜੀ ਵੱਲ ਗੁਜ਼ਰਦਾ ਹੈ। ਧੋਗੜੀ ਇਲਾਕਾ ਪਹਿਲਾਂ ਹੀ ਇਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਵਿਕਸਿਤ ਹੋ ਚੁੱਕਾ ਹੈ ਪਰ ਹੁਣ ਇਸ ਐਕਸਪ੍ਰੈੱਸਵੇਅ ਦੀ ਕੁਨੈਕਟੀਵਿਟੀ ਦਾ ਫ਼ਾਇਦਾ ਉਠਾ ਕੇ ਧੋਗੜੀ ਤੋਂ ਮਦਾਰਾ ਵੱਲ ਜਾਂਦੀ ਸੜਕ ਦੇ ਕਿਨਾਰਿਆਂ ’ਤੇ ਨਵਾਂ ਇੰਡਸਟਰੀਅਲ ਖੇਤਰ ਤੇਜ਼ੀ ਨਾਲ ਵਿਕਸਿਤ ਹੋਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਧੋਗੜੀ ਤੋਂ ਅੱਗੇ ਹੁਸ਼ਿਆਰਪੁਰ ਰੋਡ ਵੱਲ ਵਧਦੇ ਇਸ ਮਾਰਗ ਦੇ ਆਲੇ-ਦੁਆਲੇ ਨਵਾਂ ਇੰਡਸਟਰੀਅਲ ਜ਼ੋਨ ਆਕਾਰ ਲੈਂਦਾ ਹੈ, ਤਾਂ ਇਸ ਨਾਲ ਜਲੰਧਰ ਸ਼ਹਿਰ ’ਤੇ ਉਦਯੋਗਿਕ ਦਬਾਅ ਕਾਫ਼ੀ ਹੱਦ ਤੱਕ ਘੱਟ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਕਾਮਿਆਂ ਲਈ Good News! ਕੀਤਾ ਗਿਆ ਰੈਗੂਲਰ
ਕਈ ਸਾਲ ਪਹਿਲਾਂ ਸਰਕਾਰੀ ਪੱਧਰ ’ਤੇ ਬਣਾਏ ਗਏ ਫੋਕਲ ਪੁਆਇੰਟਾਂ ਤੋਂ ਬਾਅਦ ਉਦਯੋਗਿਕ ਸੰਗਠਨਾਂ ਵੱਲੋਂ ਲਗਾਤਾਰ ਨਵੇਂ ਫੋਕਲ ਪੁਆਇੰਟਾਂ ਦੀ ਮੰਗ ਉਠਾਈ ਜਾਂਦੀ ਰਹੀ ਹੈ ਪਰ ਵੱਖ-ਵੱਖ ਸਰਕਾਰਾਂ ਵੱਲੋਂ ਇਸ ਦਿਸ਼ਾ ਵਿਚ ਹੁਣ ਤੱਕ ਕੋਈ ਠੋਸ ਕਦਮ ਨਹੀਂ ਉਠਾਇਆ ਗਿਆ। ਸਰਕਾਰੀ ਪੱਧਰ ’ਤੇ ਨਵੇਂ ਪ੍ਰਾਜੈਕਟ ਨਾ ਆਉਣ ਕਾਰਨ ਪਿਛਲੇ ਕੁਝ ਸਾਲਾਂ ਵਿਚ ਨਿੱਜੀ ਖੇਤਰ ਦੀ ਭਾਗੀਦਾਰੀ ਵਧੀ ਹੈ ਅਤੇ ਪ੍ਰਾਈਵੇਟ ਪੱਧਰ ’ਤੇ ਕਈ ਇੰਡਸਟਰੀਅਲ ਹੱਬ ਵਿਕਸਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਵਰਿਆਣਾ ਇੰਡਸਟਰੀਅਲ ਕੰਪਲੈਕਸ, ਗਦਾਈਪੁਰ ਇੰਡਸਟਰੀਅਲ ਕੰਪਲੈਕਸ, ਪਿੰਡ ਸੰਗਲ ਸੋਹਲ, ਨੂਰਪੁਰ ਰੋਡ ਅਤੇ ਰਾਓਵਾਲੀ ਖੇਤਰ ਪ੍ਰਮੁੱਖ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਪ੍ਰਾਈਵੇਟ ਇੰਡਸਟਰੀਅਲ ਹੱਬਾਂ ਵਿਚ ਹੁਣ ਮੁੱਢਲੀਆਂ ਉਦਯੋਗਿਕ ਸਹੂਲਤਾਂ ਉਪਲੱਬਧ ਹੋ ਚੁੱਕੀਆਂ ਹਨ, ਜਿਸ ਕਾਰਨ ਉਦਯੋਗ ਜਗਤ ਹੌਲੀ-ਹੌਲੀ ਸਰਕਾਰ ’ਤੇ ਨਿਰਭਰ ਰਹਿਣ ਦੀ ਬਜਾਏ ਨਿੱਜੀ ਡਿਵੈਲਪਰਾਂ ਰਾਹੀਂ ਵਿਕਸਿਤ ਉਦਯੋਗਿਕ ਖੇਤਰਾਂ ਨੂੰ ਤਰਜੀਹ ਦੇਣ ਲੱਗਾ ਹੈ।
ਮਾਸਟਰ ਪਲਾਨ ਵਿਚ ਵੀ ਹੈ ਇੰਡਸਟਰੀਅਲ ਜ਼ੋਨ ਦੀ ਵਿਵਸਥਾ
ਧੋਗੜੀ ਤੋਂ ਮਦਾਰਾ ਵੱਲ ਜਾਂਦੀ ਸੜਕ ਦੇ ਕਿਨਾਰੇ ਨਵਾਂ ਇੰਡਸਟਰੀਅਲ ਕੰਪਲੈਕਸ ਬਣਨ ਦੀਆਂ ਸੰਭਾਵਨਾਵਾਂ ਇਸ ਲਈ ਵੀ ਜ਼ਿਆਦਾ ਮੰਨੀਆਂ ਜਾ ਰਹੀਆਂ ਹਨ ਕਿਉਂਕਿ ਮੌਜੂਦਾ ਮਾਸਟਰ ਪਲਾਨ ਅਨੁਸਾਰ ਇਹ ਪੂਰਾ ਖੇਤਰ ਸ਼ੁੱਧ ਇੰਡਸਟਰੀਅਲ ਜ਼ੋਨ ਵਿਚ ਸ਼ਾਮਲ ਹੈ। ਇਸ ਕਾਰਨ ਜ਼ਿਆਦਾਤਰ ਸਰਕਾਰੀ ਵਿਭਾਗਾਂ ਵੱਲੋਂ ਇੱਥੇ ਮਨਜ਼ੂਰੀਆਂ ਦੇਣਾ ਮੁਕਾਬਲਤਨ ਸੌਖਾ ਰਹੇਗਾ। ਇੰਡਸਟਰੀਅਲ ਜ਼ੋਨ ਵਿਚ ਆਉਣ ਕਾਰਨ ਭਵਿੱਖ ਵਿਚ ਵੱਡੀਆਂ-ਵੱਡੀਆਂ ਉਦਯੋਗਿਕ ਇਕਾਈਆਂ ਵੀ ਇੱਥੇ ਨਿਵੇਸ਼ ਕਰਨ ਲਈ ਉਤਸ਼ਾਹਤ ਹੋਣਗੀਆਂ।
ਇਹ ਵੀ ਪੜ੍ਹੋ: ਪੰਜਾਬ 'ਚ 7,8,9,10 ਤੇ 11 ਜਨਵਰੀ ਤੱਕ Alert ਜਾਰੀ! ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
ਐਕਸਪ੍ਰੈੱਸਵੇਅ ਕੁਨੈਕਟੀਵਿਟੀ ਤੋਂ ਮਿਲੇਗਾ ਵੱਡਾ ਲਾਭ
ਉਦਯੋਗਿਕ ਖੇਤਰ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਜਲੰਧਰ ਦੀਆਂ ਵੱਡੀ ਗਿਣਤੀ ਵਿਚ ਉਦਯੋਗਿਕ ਇਕਾਈਆਂ ਧੋਗੜੀ ਤੋਂ ਅੱਗੇ ਦੇ ਖੇਤਰਾਂ ਵਿਚ ਸ਼ਿਫਟ ਹੋਣ ਦਾ ਮਨ ਬਣਾ ਰਹੀਆਂ ਹਨ, ਕਿਉਂਕਿ ਇਸ ਖੇਤਰ ਵਿਚੋਂ ਹੋ ਕੇ ਨਿਕਲਣ ਵਾਲਾ ਦਿੱਲੀ–ਅੰਮ੍ਰਿਤਸਰ–ਕਟੜਾ ਐਕਸਪ੍ਰੈੱਸਵੇਅ ਸਮੁੱਚੇ ਉਦਯੋਗਿਕ ਢਾਂਚੇ ਲਈ ‘ਰਾਮਬਾਣ’ ਸਾਬਿਤ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮਦਾਰਾ ਤੋਂ ਹੁਸ਼ਿਆਰਪੁਰ ਰੋਡ ਅਤੇ ਆਦਮਪੁਰ ਏਅਰਪੋਰਟ ਵੀ ਨਜ਼ਦੀਕ ਹੋਣ ਕਾਰਨ ਇਸ ਖੇਤਰ ਦੀ ਮਲਟੀ-ਮੋਡਲ ਕੁਨੈਕਟੀਵਿਟੀ ਹੋਰ ਮਜ਼ਬੂਤ ਹੋ ਜਾਂਦੀ ਹੈ, ਜਿਸ ਨਾਲ ਉਦਯੋਗ ਜਗਤ ਨੂੰ ਵਿਆਪਕ ਲਾਭ ਮਿਲਣ ਦੀ ਉਮੀਦ ਹੈ।
ਸੂਤਰਾਂ ਅਨੁਸਾਰ ਇਸ ਖੇਤਰ ਵਿਚ ਨਵਾਂ ਇੰਡਸਟਰੀਅਲ ਹੱਬ ਵਿਕਸਿਤ ਕਰਨ ਲਈ ਕਈ ਉਦਯੋਗਿਕ ਸੰਗਠਨ ਸਰਗਰਮ ਹਨ, ਜਦਕਿ ਕੁਝ ਨਿੱਜੀ ਡਿਵੈਲਪਰ ਵੀ ਆਪਣੇ ਪ੍ਰਾਜੈਕਟ ਲਿਆ ਕੇ ਜਲੰਧਰ ਦੇ ਉਦਯੋਗਿਕ ਭਵਿੱਖ ਲਈ ਨਵੀਆਂ ਉਮੀਦਾਂ ਜਗਾ ਰਹੇ ਹਨ। ਜਿਸ ਤਰ੍ਹਾਂ ਜਲੰਧਰ ਦੀ ਇੰਡਸਟਰੀ ਨੇ ਗਦਾਈਪੁਰ, ਰੰਧਾਵਾ ਮਸੰਦਾਂ ਤੋਂ ਅੱਗੇ ਦੇ ਖੇਤਰਾਂ ਤੱਕ ਆਪਣਾ ਦਾਇਰਾ ਵਧਾਇਆ ਹੈ, ਉਸੇ ਤਰ੍ਹਾਂ ਧੋਗੜੀ ਤੋਂ ਅੱਗੇ ਬਣਨ ਵਾਲਾ ਪ੍ਰਸਤਾਵਿਤ ਇੰਡਸਟਰੀਅਲ ਜ਼ੋਨ ਪੂਰੇ ਖੇਤਰ ਦੇ ਵਿਕਾਸ ਲਈ ਨਵੇਂ ਮੌਕਿਆਂ ਦੇ ਦੁਆਰ ਖੋਲ੍ਹੇਗਾ।
ਇਹ ਵੀ ਪੜ੍ਹੋ: ਨਸ਼ੇ ਖ਼ਿਲਾਫ਼ ਲੜਾਈ ਕਹਿਰ ਨਾਲ ਨਹੀਂ ਸਗੋਂ ਲਹਿਰ ਨਾਲ ਜਿੱਤਾਂਗੇ : ਭਗਵੰਤ ਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
