Punjab: ਮਾਂ ਨੇ ਬੜੀਆਂ ਸਧਰਾਂ ਨਾਲ ਅਮਰੀਕਾ ਦੇ ਮੁੰਡੇ ਨਾਲ ਤੋਰੀ ਸੀ ਧੀ, ਫ਼ਿਰ ਜੋ ਹੋਇਆ...
Wednesday, Apr 16, 2025 - 12:25 PM (IST)

ਮੁੱਲਾਂਪੁਰ ਦਾਖਾ (ਕਾਲੀਆ)- ਪਿਓ ਦੀ ਮੌਤ ਤੋਂ ਬਾਅਦ ਕੁੜੀ ਦੀ ਮਾਂ ਅਤੇ ਭਰਾ ਨੇ ਬੜੀਆਂ ਸਧਰਾਂ ਨਾਲ ਉਸ ਦਾ ਵਿਆਹ USA ਕਾਰਡ ਹੋਲਡਰ ਮੁੰਡੇ ਨਾਲ ਕੀਤਾ ਸੀ, ਤਾਂ ਜੋ ਉਨ੍ਹਾਂ ਦੀ ਧੀ ਚੰਗੀ ਜ਼ਿੰਦਗੀ ਬਿਤਾ ਸਕੇ। ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਦੀ ਧੀ ਨਾਲ ਸਹੁਰੇ ਘਰ ਕੀ ਕੁੱਝ ਹੋਵੇਗਾ। ਇਹ ਮਾਮਲਾ ਲੁਧਿਆਣਾ ਦੇ ਦਾਖਾ ਦਾ ਹੈ, ਜਿੱਥੇ ਪੁਲਸ ਨੇ ਰਮਨਦੀਪ ਕੌਰ ਪਤਨੀ ਭਵਦੀਪ ਸਿੰਘ ਵਾਸੀ ਹਾਂਸ ਕਲਾ ਦੇ ਬਿਆਨਾਂ 'ਤੇ ਫਾਰਚੂਨਰ ਗੱਡੀ ਅਤੇ 15 ਲੱਖ ਰੁਪਏ ਦਾਜ ਵਿਚ ਨਾ ਲਿਆਉਣ 'ਤੇ ਮਾਰਕੁੱਟ ਕਰਨ ਦੇ ਦੋਸ਼ ਵਿਚ ਯੂ.ਐੱਸ.ਏ ਕਾਰਡ ਹੋਲਡਰ ਪਤੀ ਅਤੇ ਸਹੁਰੇ ਭਵਦੀਪ ਸਿੰਘ ਪੁੱਤਰ ਹਰਮਨਦੀਪ ਸਿੰਘ ਅਤੇ ਹਰਮਨਦੀਪ ਵਾਸੀ ਗੁੜੇ ਵਿਰੁੱਧ ਧਾਰਾ 316 (2), 85, 115 (2), 351 (2), 3 (5) ਬੀ. ਐੱਨ.ਐੱਸ ਅਧੀਨ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 4 ਦਿਨ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਮਨਦੀਪ ਕੌਰ (35 ਸਾਲ) ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦਾ ਵਿਆਹ 11 ਫਰਵਰੀ 2024 ਨੂੰ ਅਮਰੀਕਾ ਕਾਰਡ ਹੋਲਡਰ ਭਵਦੀਪ ਸਿੰਘ ਪੁੱਤਰ ਰਮਨਦੀਪ ਸਿੰਘ ਵਾਸੀ ਗੁੜੇ ਨਾਲ ਸਿੱਖ ਰੀਤੀ ਰਿਵਾਜਾਂ ਅਨੁਸਾਰ ਸਨੇਹਮੋਹਨ ਮੈਰਿਜ ਪੈਲਸ ਜਗਰਾਉਂ ਵਿਚ ਹੋਇਆ ਸੀ। ਇਸ ਦੌਰਾਨ ਉਸ ਦੀ ਮਾਂ ਅਤੇ ਭਰਾ ਨੇ ਪਿਉ-ਪੁੱਤ ਦੇ ਅਮਰੀਕਾ ਕਾਰਡ ਹੋਲਡਰ ਹੋਣ ਕਾਰਨ ਆਪਣੀ ਹੈਸੀਅਤ ਤੋਂ ਵੱਧ ਕਰੀਬ 50 ਲੱਖ ਰੁਪਏ ਵਿਆਹ 'ਤੇ ਖਰਚ ਕੀਤੇ ਸਨ। ਵਿਆਹ ਤੋਂ ਕੁਝ ਦਿਨ ਬਾਅਦ ਉਸ ਦਾ ਸਹੁਰਾ ਉਸ ਨੂੰ ਘੱਟ ਦਾਜ ਲਿਆਉਣ ਲਈ ਤਾਹਨੇ-ਮੇਹਣੇ ਮਾਰਨ ਲੱਗ ਗਏ। ਉਸ ਨੇ ਆਪਣੇ ਸਹੁਰੇ 'ਤੇ ਉਸ 'ਤੇ ਮਾੜੀ ਨਜ਼ਰ ਰੱਖਣ ਦਾ ਵੀ ਦੋਸ਼ ਲਾਇਆ ਤੇ ਕਿਹਾ ਕਿ ਉਹ ਤਾਕੀਆਂ ਵਿਚੋਂ ਝਾਕੀਆਂ ਮਾਰਦਾ ਰਹਿੰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਇਲਾਕੇ 'ਚ 50% ਫ਼ੀਸਦੀ ਵਧੇਗਾ ਪ੍ਰਾਪਰਟੀ ਦਾ ਰੇਟ! ਜਲਦ ਲਾਗੂ ਹੋ ਸਕਦੈ ਫ਼ੈਸਲਾ
ਪੀੜਤਾ ਨੇ ਦੱਸਿਆ ਕਿ ਸਹੁਰੇ ਉਸ ਨੂੰ ਕਹਿਣ ਲਗ ਪਏ ਕਿ ਅਸੀਂ ਅਮਰੀਕਾ ਕਾਰਡ ਹੋਲਡਰ ਹਾਂ, ਘੱਟ ਦਾਜ ਲਿਆ ਕੇ ਤੂੰ ਸਾਡੀ ਰਿਸ਼ਤੇਦਾਰੀ ਵਿਚ ਨੱਕ ਵਢਾ ਦਿੱਤੀ ਹੈ। ਇਸ ਲਈ ਉਨ੍ਹਾਂ ਨੇ ਫਾਰਚੂਨਰ ਗੱਡੀ ਅਤੇ 15 ਲੱਖ ਰੁਪਏ ਹੋਰ ਲਿਆਉਣ ਦੀ ਗੱਲ ਕਹੀ। ਉਸ ਨੇ ਬਹੁਤ ਮਿੰਨਤਾਂ ਕੀਤੀਆਂ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਤੇ ਭਰਾ ਨੇ ਬੜੀ ਮੁਸ਼ਕਿਲ ਨਾਲ ਉਸ ਦਾ ਵਿਆਹ ਕੀਤਾ ਸੀ, ਇਸ ਲਈ ਉਹ ਹੋਰ ਦਾਜ ਨਹੀਂ ਲਿਆ ਸਕਦੀ। ਪੀੜਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਲਈ ਰਾਤੀਂ 10 ਵਜੇ ਕਾਰ ਦਾ ਐਕਸੀਡੈਂਟ ਵੀ ਉਸ ਵਾਲੀ ਸਾਈਡ ਦਾ ਕੀਤਾ, ਜਦੋਂ ਉਹ ਗੰਭੀਰ ਜ਼ਖ਼ਮੀ ਹੋ ਗਈ ਤਾਂ ਉਹ ਉਸ ਨੂੰ ਜ਼ਖ਼ਮੀ ਹਾਲਤ ਵਿਚ ਇਕੱਲੀ ਨੂੰ ਛੱਡ ਕੇ ਫਰਾਰ ਹੋ ਗਏ ਸਨ। ਰਾਹਗੀਰਾਂ ਨੇ ਉਸ ਨੂੰ ਜਗਰਾਉਂ ਹਸਪਤਾਲ ਦਾਖਲ ਕਰਵਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ
26 ਫਰਵਰੀ 25 ਨੂੰ ਉਸ ਦਾ ਪਤੀ ਭਵਦੀਪ ਸਿੰਘ ਅਮਰੀਕਾ ਤੋਂ ਆਇਆ ਅਤੇ ਆਉਂਦੇ ਸਾਰ ਹੀ 15 ਲੱਖ ਰੁਪਏ ਨਗਦ ਅਤੇ ਫਾਰਚੂਨਰ ਲਿਆਉਣ ਦਾ ਕਹਿ ਕੇ ਆਪਣੇ ਪਿਤਾ ਨਾਲ ਰਲ਼ ਕੇ ਪਤਨੀ ਦੀ ਕੁੱਟਮਾਰ ਕੀਤੀ। ਫਿਰ 8 ਅਪ੍ਰੈਲ 2025 ਨੂੰ ਉਸ ਦੇ ਸਹੁਰੇ ਨੇ ਡਾਂਗ ਅਤੇ ਪਤੀ ਨੇ ਬੇਸਬਾਲ ਨਾਲ ਉਸ ਨੂੰ ਬਹੁਤ ਕੁੱਟਿਆ। ਉਸ ਨੇ ਰੌਲ਼ਾ ਪਾਇਆ ਤਾਂ ਉੱਥੇ ਲੋਕ ਇਕੱਠੇ ਹੋ ਗਏ ਤੇ ਪੀੜਤਾ ਨੇ ਕਮਰੇ ਵਿਚ ਵੜ ਕੇ 112 'ਤੇ ਪੁਲਸ ਨੂੰ ਕਾਲ ਕਰਕੇ ਸੂਚਿਤ ਕੀਤਾ। ਉਸ ਨੂੰ ਜ਼ਖ਼ਮੀ ਹਾਲਤ ਵਿਚ ਉਸ ਦੀ ਭੈਣ ਅਤੇ ਜੀਜੇ ਨੇ ਸਿਵਲ ਹਸਪਤਾਲ ਜਗਰਾਉਂ ਵਿਖੇ ਇਲਾਜ ਲਈ ਦਾਖਲ ਕਰਵਾਇਆ। 10 ਅਪ੍ਰੈਲ 2025 ਨੂੰ ਉਸ ਦਾ ਸਹੁਰਾ ਅਤੇ ਪਤੀ ਉਸ ਨੂੰ ਹਸਪਤਾਲ ਵਿਚ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਗਏ ਕਿ ਜੇਕਰ ਤੂੰ ਸਾਡੇ ਖ਼ਿਲਾਫ਼ ਕੋਈ ਕਾਰਵਾਈ ਕਰਵਾਈ ਤਾਂ ਤੈਨੂੰ ਜਾਨੋਂ ਮਾਰ ਕੇ ਦਿਆਂਗੇ। ਇਸ ਮਾਮਲੇ ਦੀ ਪੜਤਾਲ ਏ.ਐੱਸ.ਆਈ ਆਤਮਾ ਸਿੰਘ ਕਰ ਰਹੇ ਹਨ, ਨੇ ਦੱਸਿਆ ਕਿ ਦੋਵਾਂ ਪਿਉ-ਪੁੱਤਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8