ਖਾੜੀ ਦੇਸ਼ਾਂ ਦੀ ਜੰਗ ਨੇ ਵਧਾਈ ਪੰਜਾਬ ਦੇ ਸਨਅਤਕਾਰਾਂ ਦੀ ਚਿੰਤਾ

Monday, Mar 02, 2026 - 03:29 PM (IST)

ਖਾੜੀ ਦੇਸ਼ਾਂ ਦੀ ਜੰਗ ਨੇ ਵਧਾਈ ਪੰਜਾਬ ਦੇ ਸਨਅਤਕਾਰਾਂ ਦੀ ਚਿੰਤਾ

ਲੁਧਿਆਣਾ: ਅਮਰੀਕਾ ਅਤੇ ਇਜ਼ਰਾਈਲ ਦੀ ਫ਼ੌਜੀ ਕਾਰਵਾਈ ਦੇ ਜਵਾਬ ਵਿਚ ਈਰਾਨ ਵੱਲੋਂ ਵੱਖ-ਵੱਖ ਦੇਸ਼ਾਂ ਵਿਚ ਅਮਰੀਕੀ ਫ਼ੌਜੀ ਟਿਕਾਣਿਆਂ 'ਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਤੋਂ ਬਾਅਦ ਮੱਧ-ਪੂਰਬ ਵਿਚ ਤਣਾਅ ਸਿਖ਼ਰ 'ਤੇ ਪਹੁੰਚ ਗਿਆ ਹੈ। ਇਸ ਜੰਗੀ ਮਾਹੌਲ ਨੇ ਪੰਜਾਬ, ਖ਼ਾਸ ਕਰਕੇ ਸਨਅਤੀ ਸ਼ਹਿਰ ਲੁਧਿਆਣਾ ਦੇ ਉੱਦਮੀਆਂ ਵਿਚ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਅੰਤਰਰਾਸ਼ਟਰੀ ਵਪਾਰ, ਊਰਜਾ ਸਪਲਾਈ ਅਤੇ ਸਮੁੰਦਰੀ ਮਾਰਗਾਂ ਨੂੰ ਲੈ ਕੇ ਗੰਭੀਰ ਖ਼ਦਸ਼ੇ ਪੈਦਾ ਹੋ ਗਏ ਹਨ।

ਖਾੜੀ ਦੇਸ਼ਾਂ ਦੇ ਵਪਾਰ 'ਤੇ ਪੈਣ ਵਾਲੇ ਪ੍ਰਭਾਵ ਦਾ ਸਭ ਤੋਂ ਵੱਧ ਅਸਰ ਛੋਟੇ ਉਦਯੋਗਾਂ (MSMEs) 'ਤੇ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਤੋਂ ਵੱਡੀ ਮਾਤਰਾ ਵਿਚ ਇੰਜੀਨੀਅਰਿੰਗ ਉਤਪਾਦ, ਸਾਈਕਲ ਪਾਰਟਸ, ਮਸ਼ੀਨਰੀ, ਟੈਕਸਟਾਈਲ, ਰੈਡੀਮੇਡ ਗਾਰਮੈਂਟਸ ਅਤੇ ਖੇਡਾਂ ਦਾ ਸਾਮਾਨ ਨਿਰਯਾਤ ਕੀਤਾ ਜਾਂਦਾ ਹੈ। ਨਿਟਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਅਨੁਸਾਰ, ਖੇਤਰੀ ਸੰਘਰਸ਼ ਵਧਣ ਨਾਲ ਸਪਲਾਈ ਚੇਨ, ਭੁਗਤਾਨ ਪ੍ਰਣਾਲੀ ਅਤੇ ਨਵੇਂ ਆਰਡਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ।

ਸ਼ਿਪਿੰਗ ਅਤੇ ਬੀਮਾ ਲਾਗਤਾਂ ਵਿੱਚ ਵਾਧੇ ਦਾ ਖ਼ਦਸ਼ਾ 

ਸਨਅਤਕਾਰਾਂ ਅਨੁਸਾਰ, ਮੌਜੂਦਾ ਹਾਲਾਤ ਦਾ ਸਭ ਤੋਂ ਪਹਿਲਾ ਅਤੇ ਸਿੱਧਾ ਅਸਰ ਸ਼ਿਪਿੰਗ ਅਤੇ ਬੀਮਾ ਲਾਗਤਾਂ 'ਤੇ ਪਵੇਗਾ। ਭਾਰਤ ਤੋਂ ਯੂਰਪ, ਅਮਰੀਕਾ ਅਤੇ ਖਾੜੀ ਦੇਸ਼ਾਂ ਨੂੰ ਜਾਣ ਵਾਲਾ ਨਿਰਯਾਤ ਫ਼ਾਰਸ ਦੀ ਖਾੜੀ ਅਤੇ 'ਸਟਰੇਟ ਆਫ਼ ਹਾਰਮੁਜ਼' ਵਰਗੇ ਮਹੱਤਵਪੂਰਨ ਸਮੁੰਦਰੀ ਰਸਤਿਆਂ ਰਾਹੀਂ ਹੁੰਦਾ ਹੈ। ਇਨ੍ਹਾਂ ਮਾਰਗਾਂ 'ਤੇ ਖ਼ਤਰਾ ਵਧਣ ਕਾਰਨ ਸ਼ਿਪਿੰਗ ਕੰਪਨੀਆਂ 'ਜੋਖਮ ਪ੍ਰੀਮੀਅਮ' ਵਧਾ ਸਕਦੀਆਂ ਹਨ, ਜਿਸ ਨਾਲ ਨਿਰਯਾਤ ਦੀ ਲਾਗਤ ਵਧੇਗੀ ਅਤੇ ਕਈ ਆਰਡਰ ਰੱਦ ਹੋਣ ਦਾ ਵੀ ਡਰ ਹੈ।

ਤੇਲ ਦੀਆਂ ਕੀਮਤਾਂ ਅਤੇ ਲਾਗਤ ਵਧਣ ਦੇ ਆਸਾਰ

ਜੇਕਰ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਆਉਂਦਾ ਹੈ, ਤਾਂ ਇਸ ਨਾਲ ਉਤਪਾਦਨ, ਬਿਜਲੀ ਅਤੇ ਕੱਚੇ ਮਾਲ ਦੀ ਲਾਗਤ ਵਧ ਜਾਵੇਗੀ। ਇਸ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਭਾਰਤੀ ਉਤਪਾਦਾਂ ਦੀ ਮੁਕਾਬਲੇਬਾਜ਼ੀ ਘਟੇਗੀ ਅਤੇ ਨਿਰਯਾਤ ਵਿਚ ਕਮੀ ਆਉਣ ਦੀ ਸੰਭਾਵਨਾ ਹੈ। ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (FIEO) ਦੇ ਸਾਬਕਾ ਪ੍ਰਧਾਨ ਐਸ.ਸੀ. ਰਲਹਨ ਨੇ ਚੇਤਾਵਨੀ ਦਿੱਤੀ ਹੈ ਕਿ ਹਾਲਾਤ ਲੰਬੇ ਸਮੇਂ ਤੱਕ ਅਜਿਹੇ ਰਹਿਣ ਨਾਲ ਵਿਸ਼ਵਵਿਆਪੀ ਮੰਗ ਕਮਜ਼ੋਰ ਪੈ ਸਕਦੀ ਹੈ ਅਤੇ ਵਪਾਰ ਘਾਟਾ ਵਧ ਸਕਦਾ ਹੈ।

ਨਿਰਯਾਤਕਾਂ ਨੇ ਕੇਂਦਰ ਸਰਕਾਰ ਤੋਂ ਤੁਰੰਤ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਹੈ ਤਾਂ ਜੋ ਮੌਜੂਦਾ ਹਾਲਾਤ ਵਿਚ ਰਸਤੇ ਵਿਚ ਫਸੇ ਮਾਲ ਨੂੰ ਸੁਰੱਖਿਅਤ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ। ਇਸ ਦੇ ਨਾਲ ਹੀ ਉੱਦਮੀਆਂ ਨੇ ਬਦਲਵੇਂ ਬਾਜ਼ਾਰਾਂ ਅਤੇ ਵਿੱਤੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ ਹੈ।
 


author

Anmol Tagra

Content Editor

Related News