ਕਹਿਰ ਓ ਰੱਬਾ! ਵਿਦੇਸ਼ੋਂ ਪਰਤੇ ਪੁੱਤ ਨੂੰ ਮਿਲਣ ਤੋਂ ਪਹਿਲਾਂ ਹੀ ਮਾਂ ਨਾਲ ਵਾਪਰ ਗਈ ਅਣਹੋਣੀ, ਪਰਿਵਾਰ ਵੱਲੋਂ ਚੱਕਾ ਜਾਮ

Monday, Mar 09, 2026 - 04:59 PM (IST)

ਕਹਿਰ ਓ ਰੱਬਾ! ਵਿਦੇਸ਼ੋਂ ਪਰਤੇ ਪੁੱਤ ਨੂੰ ਮਿਲਣ ਤੋਂ ਪਹਿਲਾਂ ਹੀ ਮਾਂ ਨਾਲ ਵਾਪਰ ਗਈ ਅਣਹੋਣੀ, ਪਰਿਵਾਰ ਵੱਲੋਂ ਚੱਕਾ ਜਾਮ

ਲੁਧਿਆਣਾ (ਰਾਜ): ਫਿਰੋਜ਼ਪੁਰ ਰੋਡ 'ਤੇ ਐੱਮ.ਬੀ.ਡੀ. ਮਾੱਲ ਨੇੜੇ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇਕ ਬੇਕਾਬੂ ਇਨੋਵਾ ਕਾਰ ਨੇ ਡਿਊਟੀ ਤੋਂ ਪਰਤ ਰਹੀ ਮਹਿਲਾ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਮਹਿਲਾ ਦੀ ਜਾਨ ਚਲੀ ਗਈ। ਸਭ ਤੋਂ ਦੁਖ ਭਰੀ ਗੱਲ ਇਹ ਹੈ ਕਿ ਮ੍ਰਿਤਕਾ ਦਾ ਪੁੱਤਰ ਅੱਜ ਹੀ ਵਿਦੇਸ਼ ਤੋਂ ਆਪਣੀ ਮਾਂ ਨੂੰ ਮਿਲਣ ਲਈ ਪਹੁੰਚਿਆ ਸੀ, ਪਰ ਘਰ ਪਹੁੰਚਣ 'ਤੇ ਉਸ ਨੂੰ ਮਾਂ ਦੀ ਮਮਤਾ ਦੀ ਜਗ੍ਹਾ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਨ ਨੂੰ ਮਿਲੀ। ਪੁਲਸ 'ਤੇ ਢਿੱਲੀ ਕਾਰਵਾਈ ਦਾ ਦੋਸ਼ ਲਗਾਉਂਦਿਆਂ ਪਰਿਵਾਰ ਵੱਲੋਂ ਅੱਜ ਫਿਰੋਜ਼ਪੁਰ ਰੋਡ 'ਤੇ ਧਰਨਾ ਦੇ ਕੇ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ, ਜਿਸ ਨਾਲ ਸੜਕ ਦੇ ਦੋਵੇਂ ਪਾਸੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। 

ਮ੍ਰਿਤਕਾ ਦੀ ਪਛਾਣ ਪਿੰਡ ਬੱਦੋਵਾਲ ਵਾਸੀ 48 ਸਾਲਾ ਸੁਰਿੰਦਰ ਕੌਰ ਵਜੋਂ ਹੋਈ ਹੈ, ਜੋ ਮੇਡੀਵੇ ਹਸਪਤਾਲ ਵਿਚ ਸਿਕਿਓਰਿਟੀ ਗਾਰਡ ਵਜੋਂ ਤਾਇਨਾਤ ਸੀ। ਜਾਣਕਾਰੀ ਮੁਤਾਬਕ ਇਹ ਘਟਨਾ 5 ਮਾਰਚ ਦੀ ਹੈ, ਜਦੋਂ ਸੁਰਿੰਦਰ ਕੌਰ ਆਪਣੀ ਡਿਊਟੀ ਖ਼ਤਮ ਕਰ ਕੇ ਘਰ ਜਾਣ ਲਈ ਬੱਸ ਦਾ ਇੰਤਜ਼ਾਰ ਕਰਦਿਆਂ ਸੜਕ ਪਾਰ ਕਰ ਰਹੀ ਸੀ। ਇਸੇ ਦੌਰਾਨ ਤਕਰੀਬਨ 80 ਦੀ ਰਫ਼ਤਾਰ ਨਾਲ ਆਈ ਇਕ ਚਿੱਟੇ ਰੰਗ ਦੀ ਇਨੋਵਾ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਹਿਲਾ ਕਾਫ਼ੀ ਦੂਰ ਜਾ ਡਿੱਗੀ ਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਹਾਦਸਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ ਹੈ, ਜਿਸ ਵਿਚ ਸਾਫ਼ ਦਿਖ ਰਿਹਾ ਹੈ ਕਿ ਟੱਕਰ ਮਾਰਨ ਤੋਂ ਬਾਅਦ ਚਾਲਕ ਕਾਰਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਸੁਰਿੰਦਰ ਕੌਰ ਨੇ ਦਮ ਤੋੜ ਦਿੱਤਾ। 

PunjabKesari

ਮ੍ਰਿਤਕਾ ਦੇ ਰਿਸ਼ਤੇਦਾਰ ਹਰਦੀਪ ਸਿੰਘ ਨੇ ਪੁਲਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਉਂਦਿਆਂ ਸੀ. ਸੀ. ਟੀ. ਵੀ. ਫੁਟੇਜ ਤੇ ਕਾਰ ਦੀ ਪਛਾਣ ਹੋਣ ਦੇ ਬਾਵਜੂਦ ਪੁਲਸ ਹੱਥ 'ਤੇ ਹੱਥ ਧਰੇ ਬੈਠੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਗੱਡੀ ਕਿਸੇ ਰਸੂਖਦਾਰ ਵਿਅਕਤੀ ਦੀ ਹੈ, ਜਿਸ ਕਾਰਨ ਪੁਲਸ ਕਾਰਵਾਈ ਕਰਨ ਵਿਚ ਟਾਲਮਟੋਲ ਕਰ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤਕ ਮੁਲਜ਼ਮ ਡਰਾਈਵਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਆਪਣਾ ਧਰਨਾ ਖ਼ਤਮ ਨਹੀਂ ਕਰਨਗੇ। ਦੂਜੇ ਪਾਸੇ, ਜਾਂਚ ਅਧਿਕਾਰੀ ਉਮੇਸ਼ ਸਿੰਘ ਦਾ ਕਹਿਣਾ ਹੈ ਕਿ ਪੁਲਸ ਵਾਹਨ ਦੀ ਪਛਾਣ ਕਰਨ ਵਿਚ ਲੱਗੀ ਹੈ ਤੇ ਛੇਤੀ ਹੀ ਮੁਲਜ਼ਮ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ। ਫ਼ਿਲਹਾਲ, ਫਿਰੋਜ਼ਪੁਰ ਰੋਡ 'ਤੇ ਲੱਗੇ ਧਰਨੇ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੁਲਸ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 


author

Anmol Tagra

Content Editor

Related News