“ਆਪ ਵਾਲਿਆਂ” ਨੇ ਲੋਕਾਂ ਨੂੰ ਕਿਹਾ ਕੁਝ ਹੋਰ ਸੀ, ਪਰ ਕੀਤਾ ਕੁਝ ਹੋਰ: ਸੁਖਬੀਰ ਬਾਦਲ

Tuesday, Mar 10, 2026 - 04:29 PM (IST)

“ਆਪ ਵਾਲਿਆਂ” ਨੇ ਲੋਕਾਂ ਨੂੰ ਕਿਹਾ ਕੁਝ ਹੋਰ ਸੀ, ਪਰ ਕੀਤਾ ਕੁਝ ਹੋਰ: ਸੁਖਬੀਰ ਬਾਦਲ

ਲੁਧਿਆਣਾ- ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ "ਪੰਜਾਬ ਬਚਾਓ" ਯਾਤਰਾ ਹਲਕਾ ਖੰਨਾ ਵਿੱਚ ਪਹੁੰਚੀ ਹੈ। ਇਸ ਯਾਤਰਾ ਅਤੇ ਉਨ੍ਹਾਂ ਦੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਇਹ ਯਾਤਰਾ ਕੁਝ ਦਿਨ ਪਹਿਲਾਂ ਕਾਦੀਆਂ ਤੋਂ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਪੰਜਾਬ ਦੇ ਹਰ ਹਲਕੇ ਵਿੱਚ ਜਾ ਕੇ ਲੋਕਾਂ ਨਾਲ ਸੂਬੇ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਹੈ। ਉਨ੍ਹਾਂ ਕਿਹਾ ਪੰਜਾਬ ਸਾਡਾ ਆਪਣਾ ਘਰ ਹੈ ਅਤੇ ਇਸ ਦੀ ਤਰੱਕੀ ਵਿੱਚ ਹੀ ਸਾਡੀ ਸਾਰਿਆਂ ਦੀ ਖੁਸ਼ੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੂਬਾ ਤਰੱਕੀ ਨਹੀਂ ਕਰਦਾ, ਤਾਂ ਇਹ ਸਾਡਾ ਆਪਣਾ ਹੀ ਇੱਕ ਵੱਡਾ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ- ਮੋਗਾ 'ਚ ਮਾਈਨਿੰਗ ਮਾਫੀਆ ਵਲੋਂ ਸਰਕਾਰੀ ਟੀਮ 'ਤੇ ਹਮਲਾ, ਰਾਜਾ ਵੜਿੰਗ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ

ਸੁਖਬੀਰ ਬਾਦਲ ਨੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇੰਨੇ ਸਾਲਾਂ ਤੱਕ ਵੱਖ-ਵੱਖ ਪਾਰਟੀਆਂ ਨੂੰ ਦੇਖਣ ਤੋਂ ਬਾਅਦ ਹੁਣ ਲੋਕਾਂ ਨੂੰ ਆਪਣੀ ਪਾਰਟੀ ਦੀ ਪਛਾਣ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਅਸਲ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਅਸੀਂ ਚੰਗੇ ਅਤੇ ਮਾੜੇ ਦੀ ਪਛਾਣ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ ਦੀ ਹਾਲਤ ਕਾਫ਼ੀ ਬਦਲ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਤਾਂ ਹਰ ਰੋਜ਼ ਕੋਈ ਨਾ ਕੋਈ ਨਵਾਂ ਵਿਕਾਸ ਕਾਰਜ ਸ਼ੁਰੂ ਹੁੰਦਾ ਸੀ ਅਤੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਸਨ, ਕਿਉਂਕਿ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਕੀ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਜਾਂ ਨਰਿੰਦਰ ਮੋਦੀ ਦੇ ਮਨ ਵਿੱਚ ਉਹਨੀ ਹਮਦਰਦੀ ਹੋ ਸਕਦੀ ਹੈ ਜਿੰਨੀ ਪ੍ਰਕਾਸ਼ ਸਿੰਘ ਬਾਦਲ ਦੇ ਮਨ ਵਿੱਚ ਲੋਕਾਂ ਲਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਲਈ ਪੰਜਾਬ ਸਿਰਫ਼ ਇਕ ਸੂਬਾ ਹੈ, ਜਿੱਥੇ ਉਹ ਰਾਜ ਕਰਨ ਲਈ ਆਉਂਦੇ ਹਨ, ਪਰ ਲੋਕਾਂ ਦੀਆਂ ਤਕਲੀਫ਼ਾਂ ਸੁਣਨ ਲਈ ਨਹੀਂ।

ਇਹ ਵੀ ਪੜ੍ਹੋ- ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ ਬਾਅਦ ਫਿਰ ਡਿੱਗੇਗਾ ਤਾਪਮਾਨ, ਪੜ੍ਹੋ ਤਾਜ਼ਾ ਜਾਣਕਾਰੀ

ਬਾਦਲ ਨੇ ਕਿਹਾ ਕਿ ਲੋਕਾਂ ਨੇ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਦੇਖੀ, ਪਰ ਇਸ ਦੌਰਾਨ ਕਿਸੇ ਵੱਡੇ ਵਿਕਾਸ ਦੀ ਗੱਲ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ‘ਤੇ ਝੂਠੀਆਂ ਸੁੰਹਾਂ ਖਾਧੀਆਂ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ “ਝਾੜੂ ਵਾਲਿਆਂ” ਨੇ ਲੋਕਾਂ ਨਾਲ ਕਿਹਾ ਕੁਝ ਹੋਰ ਸੀ, ਪਰ ਕੀਤਾ ਕੁਝ ਹੋਰ। ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ  ਨੇ ਪਹਿਲਾਂ ਕਿਹਾ ਸੀ ਕਿ ਇਕ ਮੌਕਾ ਉਨ੍ਹਾਂ ਨੂੰ ਦੇ ਕੇ ਵੇਖੋ, ਪਰ ਸਰਕਾਰ ਬਣਨ ਤੋਂ ਬਾਅਦ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਚਾਰ ਸਾਲਾਂ ਤੱਕ ਇਸ ਸਬੰਧੀ ਕੁਝ ਨਹੀਂ ਕੀਤਾ ਗਿਆ। ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਦੁਬਾਰਾ ਪੈਸੇ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਸਰਕਾਰੀ ਜਾਇਦਾਦਾਂ ਵੇਚ ਕੇ ਪੈਸਾ ਇਕੱਠਾ ਕੀਤਾ ਹੈ ਅਤੇ ਇਹ ਲੋਕਾਂ ਨੂੰ ਕੁਝ ਸਮੇਂ ਲਈ ਰਕਮ ਦੇ ਕੇ ਬਾਅਦ ਵਿੱਚ ਫਿਰ ਮੁਕਰ ਜਾਣਗੇ।

ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਭਗਵੰਤ ਮਾਨ ਦੇ ਪੋਸਟਰ ਲਗੇ ਹੋਏ ਹਨ ਅਤੇ ਇਨ੍ਹਾਂ ਇਸ਼ਤਿਹਾਰਾਂ ਦਾ ਖਰਚਾ ਆਖ਼ਿਰਕਾਰ ਲੋਕਾਂ ਦੇ ਪੈਸੇ ਨਾਲ ਹੀ ਚੁਕਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਦੇ ਦੌਰਿਆਂ ਦਾ ਖਰਚਾ ਵੀ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਹੁਣ ਕੇਜਰੀਵਾਲ ਦੇ ਹੱਥਾਂ ਵਿੱਚ ਚੱਲ ਰਹੀ ਹੈ ਅਤੇ ਪੰਜਾਬ ਵਿੱਚ ਕਿਸੇ ਪ੍ਰੋਜੈਕਟ ਦਾ ਉਦਘਾਟਨ ਵੀ ਅਕਸਰ ਕੇਜਰੀਵਾਲ ਖੁਦ ਆ ਕੇ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਭਾ ਲਈ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਮੰਤਰੀ ਬਣਾਇਆ ਗਿਆ ਹੈ।

ਕਾਨੂੰਨੀ ਸਥਿਤੀ 'ਤੇ ਚੁੱਕੇ ਸਵਾਲ

ਸੁਖਬੀਰ  ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਗੁੰਡਾਗਰਦੀ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ੇ ਦੀ ਤਸਕਰੀ ਵਧ ਰਹੀ ਹੈ ਅਤੇ ਜੇ ਪੁਲਸ ਕਿਸੇ ਨੂੰ ਫੜਦੀ ਹੈ ਤਾਂ ਰਾਜਨੀਤਿਕ ਦਬਾਅ ਕਾਰਨ ਉਨ੍ਹਾਂ ਨੂੰ ਛੁਡਵਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਦਲ ਸਾਬ੍ਹ ਮੁੱਖ ਮੰਤਰੀ ਸਨ ਤਾਂ ਉਹ ਅਕਸਰ ਪਿੰਡਾਂ, ਸ਼ਹਿਰਾਂ ਅਤੇ ਮੰਡੀਆਂ ਵਿੱਚ ਜਾ ਕੇ ਲੋਕਾਂ ਨਾਲ ਮਿਲਦੇ ਰਹਿੰਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਖੰਨਾ ਵਿੱਚ ਜਿਹੜੇ ਵੀ ਵੱਡੇ ਵਿਕਾਸ ਕਾਰਜ ਹੋਏ ਹਨ, ਉਹ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਹੋਏ ਸਨ ਅਤੇ ਇਸ ਦਾ ਹਿਸਾਬ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ।

ਸੁਖਬੀਰ ਬਾਦਲ ਨੇ ਕੀਤੇ ਐਲਾਨ

ਇਸ ਦੌਰਾਨ ਸੁਖਬੀਰ  ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਪੰਜਾਬ ਵਿੱਚ ਵੱਡੇ ਪੱਧਰ ‘ਤੇ ਉਦਯੋਗ ਲਿਆਂਦੇ ਜਾਣਗੇ, ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਜੋ ਵੀ ਉਦਯੋਗਪਤੀ ਪੰਜਾਬ ਵਿੱਚ ਉਦਯੋਗ ਲਗਾਉਣਾ ਚਾਹੇਗਾ, ਉਸ ਨੂੰ ਸਰਕਾਰ ਵੱਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਪਰ ਇਕ ਸ਼ਰਤ ਹੋਵੇਗੀ ਕਿ ਘੱਟੋ-ਘੱਟ 75 ਫੀਸਦੀ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਡਰ ਦੇ ਮਾਹੌਲ ਵਿੱਚੋਂ ਬਾਹਰ ਕੱਢਣਾ ਜ਼ਰੂਰੀ ਹੈ, ਤਾਂ ਜੋ ਹਰ ਵਿਅਕਤੀ ਖੁੱਲ੍ਹ ਕੇ ਆਪਣਾ ਕੰਮ-ਕਾਰ ਕਰ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹਾ ਸਖ਼ਤ ਕਦਮ ਚੁੱਕਿਆ ਜਾਵੇਗਾ ਕਿ ਉਹ ਮੁੜ ਸਿਰ ਨਾ ਚੁੱਕ ਸਕਣ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਪੰਜਾਬ ਵਿੱਚ ਡਰ ਦਾ ਮਾਹੌਲ ਖਤਮ ਕਰਕੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਪੰਜਾਬ ਦੇ ਦਰਿਆਵਾਂ ਵਿੱਚ ਗੰਦਾ ਪਾਣੀ ਜਾਣ ਨਹੀਂ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਕੜੇ ਕਦਮ ਚੁੱਕੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦਾ ਪਾਣੀ ਪੰਜਾਬ ਦਾ ਹੈ ਅਤੇ ਕਾਂਗਰਸ ਸਰਕਾਰਾਂ ਵੱਲੋਂ ਇਸ ਦਾ ਵੱਡਾ ਹਿੱਸਾ ਹੋਰ ਰਾਜਾਂ ਨੂੰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਨਹਿਰਾਂ ਰਾਹੀਂ ਪਾਣੀ ਦਾ ਸਹੀ ਇਸਤੇਮਾਲ ਕਰਕੇ ਪਿੰਡਾਂ ਅਤੇ ਖੇਤੀਬਾੜੀ ਲਈ ਵਰਤੋਂ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ‘ਟੈਰਰਿਸਟ’ (ਅੱਤਵਾਦੀ) ਅਤੇ ਦੇਸ਼ ਵਿਰੋਧੀ ਘੋਸ਼ਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਖੇਤਾਂ ਤੱਕ ਪਾਈਪਾਂ ਰਾਹੀਂ ਪਾਣੀ ਪਹੁੰਚਾਇਆ ਜਾਵੇਗਾ। ਹੜ੍ਹਾਂ ਦੀ ਰੋਕਥਾਮ ਲਈ ਹਿਮਾਚਲ ਤੋਂ ਪਾਕਿਸਤਾਨ ਬਾਰਡਰ ਤੱਕ ਦਰਿਆਵਾਂ ਦੇ ਕਿਨਾਰੇ ਪੱਕੇ ਕੀਤੇ ਜਾਣਗੇ। ਉਨ੍ਹਾਂ ਕਿਹਾ ਨੀਲੇ ਕਾਰਡ ਮੁੜ ਸ਼ੁਰੂ ਕਰਕੇ 30 ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਦਿੱਤੀ ਜਾਵੇਗੀ। ਗਰੀਬ ਬੇਟੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ 1 ਲੱਖ ਰੁਪਏ ਅਤੇ ਬਜ਼ੁਰਗਾਂ ਦੀ ਪੈਨਸ਼ਨ 3100 ਰੁਪਏ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨਵਾਂ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ, ਜੋ 10 ਸਾਲਾਂ ਵਿੱਚ ਮੋੜਨਾ ਹੋਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਸਰਕਾਰ ਬਣਦੇ ਹੀ ਵਰਲਡ ਕੱਪ ਕਬੱਡੀ, ਕੁਸ਼ਤੀ ਦੇ ਮੁਕਾਬਲੇ, ਪਸ਼ੂਆਂ ਦੇ ਮੇਲੇ ਅਤੇ ਕਬੂਤਰਾਂ ਦੀਆਂ ਬਾਜ਼ੀਆਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News