1200 ਕਰੋੜ ਦੀ ਬਿਜਲੀ ਚੋਰੀ: ਐਨਫੋਰਸਮੈਂਟ ਨੇ ਠੋਕਿਆ 21.67 ਕਰੋੜ ਜੁਰਮਾਨਾ

04/24/2022 3:07:27 PM

ਜਲੰਧਰ (ਪੁਨੀਤ)– ਪੰਜਾਬ ਵਿਚ ਹਰ ਸਾਲ 1200 ਕਰੋੜ ਤੋਂ ਵੱਧ ਦੀ ਬਿਜਲੀ ਚੋਰੀ ਹੁੰਦੀ ਹੈ, ਜਿਸ ਨਾਲ ਮਹਿਕਮੇ ਨੂੰ ਵੱਡੇ ਪੱਧਰ ’ਤੇ ਨੁਕਸਾਨ ਉਠਾਉਣਾ ਪੈ ਰਿਹਾ ਹੈ ਅਤੇ ਇਸੇ ਕਾਰਨ ਬਿਜਲੀ ਦੀਆਂ ਕੀਮਤਾਂ ਵੀ ਵਧਾਉਣੀਆਂ ਪੈਂਦੀਆਂ ਹਨ। ਬਿਜਲੀ ਚੋਰੀ ਰੋਕਣਾ ਮਹਿਕਮੇ ਦੇ ਏਜੰਡੇ ਵਿਚ ਹੈ। ਇਸ ਲਈ ਮਹਿਕਮਾ ਨਵੀਆਂ-ਨਵੀਆਂ ਤਕਨੀਕਾਂ ਦੀ ਵਰਤੋਂ ਕਰ ਰਿਹਾ ਹੈ ਤਾਂ ਕਿ ਬਿਜਲੀ ਚੋਰੀ ਦੀ ਦਰ ਨੂੰ ਘੱਟ ਕੀਤਾ ਜਾ ਸਕੇ। ਇਸੇ ਲੜੀ ਵਿਚ ਪਾਵਰਕਾਮ ਦੇ ਐਨਫੋਰਸਮੈਂਟ ਵਿੰਗ ਨੂੰ ਮੁਹੱਈਆ ਕਰਵਾਏ ਨਵੀਂ ਤਕਨੀਕ ਦੇ ਉਪਕਰਨਾਂ ਦਾ ਬਹੁਤ ਲਾਭ ਹੋ ਰਿਹਾ ਹੈ। ਇਨ੍ਹਾਂ ਉਪਕਰਨਾਂ ਨੂੰ ਮੀਟਰ ਨਾਲ ਅਟੈਚ ਕਰਦੇ ਹੀ ਬਿਜਲੀ ਚੋਰੀ ਦਾ ਤੁਰੰਤ ਪਤਾ ਲੱਗ ਜਾਂਦਾ ਹੈ ਅਤੇ ਮਹਿਕਮੇ ਨੂੰ ਬਿਜਲੀ ਚੋਰੀ ਦੇ ਕੇਸ ਫੜਨ ਵਿਚ ਬੜੀ ਮਦਦ ਮਿਲ ਰਹੀ ਹੈ। ਉਕਤ ਉਪਕਰਨਾਂ ਦੀ ਮਦਦ ਨਾਲ ਵਿਭਾਗ ਨੇ ਪਿਛਲੇ ਵਿੱਤੀ ਸਾਲ 2021-2022 ਵਿਚ 1.10 ਲੱਖ ਮੀਟਰਾਂ ਦੀ ਚੈਕਿੰਗ ਕਰਵਾਈ, ਜਿਨ੍ਹਾਂ ਵਿਚੋਂ 1175 ਕੇਸਾਂ ਵਿਚ ਬਿਜਲੀ ਚੋਰੀ ਦੇ ਕੇਸ ਸਾਹਮਣੇ ਆਏ ਹਨ। ਐਨਫੋਰਸਮੈਂਟ ਵਿੰਗ ਵੱਲੋਂ ਉਕਤ 1175 ਖਪਤਕਾਰਾਂ ਨੂੰ 21.67 ਕਰੋੜ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਦੋ ਹੋਰ ਗੈਂਗਸਟਰ ਗ੍ਰਿਫ਼ਤਾਰ

ਐਨਫੋਰਸਮੈਂਟ ਵਿੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ 1175 ਕੇਸਾਂ ਵਿਚ 1075 ਦੇ ਲਗਭਗ ਖਪਤਕਾਰਾਂ ਖ਼ਿਲਾਫ਼ ਬਿਜਲੀ ਐਕਟ 2003 ਦੀ ਧਾਰਾ 135 ਤਹਿਤ ਐਂਟੀ-ਥੈਫਟ ਥਾਣਿਆਂ ਵਿਚ ਐੱਫ਼. ਆਈ. ਆਰ. ਦਰਜ ਕਰਵਾਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਾਰਥ ਜ਼ੋਨ ਅਧੀਨ ਪੈਂਦੇ ਸਰਕਲਾਂ ਵਿਚ ਇਸ ਸਮੇਂ ਵੱਖ-ਵੱਖ ਕੈਟਾਗਰੀਆਂ ਨੂੰ ਮਿਲਾ ਕੇ 20 ਲੱਖ ਤੋਂ ਵੱਧ ਖਪਤਕਾਰ ਹਨ।
ਉਥੇ ਹੀ, ਹਰ ਸਾਲ 60 ਹਜ਼ਾਰ ਨਵੇਂ ਕੁਨੈਕਸ਼ਨ ਜਾਰੀ ਹੋ ਰਹੇ ਹਨ, ਜਿਸ ਕਾਰਨ ਵਿਭਾਗੀ ਟੀਮਾਂ ’ਤੇ ਕੰਮਕਾਜ ਦਾ ਦਬਾਅ ਵੀ ਵਧਦਾ ਜਾ ਰਿਹਾ ਹੈ। ਇਸ ਵਾਰ ਵਿਭਾਗ ਦੀਆਂ ਟੀਮਾਂ ਨੇ 1.10 ਲੱਖ ਮੀਟਰਾਂ ਦੀ ਜਾਂਚ ਕੀਤੀ, ਜਿਸਦੇ ਲਈ ਉਨ੍ਹਾਂ ਨੂੰ ਛੁੱਟੀ ਵਾਲੇ ਦਿਨ ਵੀ ਕੰਮ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਟੀਮਾਂ ਨੂੰ ਵਿਸ਼ੇਸ਼ ਟਰੇਨਿੰਗ ਦਿਵਾਈ ਗਈ ਹੈ, ਜਿਸ ਦਾ ਆਉਣ ਵਾਲੇ ਸਮੇਂ ਵਿਚ ਰਿਜ਼ਲਟ ਸਾਹਮਣੇ ਆਵੇਗਾ।

PunjabKesari

ਐਨਫੋਰਸਮੈਂਟ ਦਾ ਪਿਛਲੇ 3 ਸਾਲਾਂ ਦਾ ਗ੍ਰਾਫ

ਵਿੱਤੀ ਸਾਲ ਕੁਨੈਕਸ਼ਨ ਚੈੱਕ ਚੋਰੀ ਦੇ ਕੇਸ ਜੁਰਮਾਨਾ ਐੱਫ. ਆਈ. ਆਰ.
19-20 84000 1550 17.50 ਕਰੋੜ 1750
20-21 158000 2400 20.10 ਕਰੋੜ 1190
21-22 110000 1175 21.67 ਕਰੋੜ 1075
         

ਇਹ ਵੀ ਪੜ੍ਹੋ: ਜਲੰਧਰ: ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਕੇ NRI ਨੂੰ ਮਾਰੀ ਗੋਲ਼ੀ, ਫਿਰ ਨੂੰਹ ਨੂੰ ਬੰਦੀ ਬਣਾ ਦਿੱਤਾ ਵਾਰਦਾਤ ਨੂੰ ਅੰਜਾਮ 

ਮਿਲੀਭੁਗਤ ਵਾਲੇ 80 ਮੀਟਰ ਰੀਡਰ ਕੀਤੇ ਟਰਮੀਨੇਟ : ਇੰਜੀ. ਰਜਤ
ਐਨਫੋਰਸਮੈਂਟ ਵਿੰਗ ਦੇ ਡਿਪਟੀ ਚੀਫ ਇੰਜੀ. ਰਜਤ ਸ਼ਰਮਾ ਨੇ ਦੱਸਿਆ ਕਿ ਬਿਜਲੀ ਚੋਰੀ ਕਰਨ ਵਾਲੇ ਮੀਟਰ ਰੀਡਰਾਂ ਨਾਲ ਗੰਢ-ਸੰਢ ਕਰਕੇ ਮਹਿਕਮੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਕਾਰਨ ਟੀਮਾਂ ਨੂੰ ਸ਼ੱਕ ਪੈਦਾ ਹੋਣ ’ਤੇ ਮੀਟਰਾਂ ਦੀ ਰੀਡਿੰਗ ਦੀ ਵੀ ਜਾਂਚ ਕੀਤੀ ਜਾਂਦੀ ਹੈ। ਇਸ ਲੜੀ ਵਿਚ ਠੇਕੇ ’ਤੇ ਰੱਖੇ 80 ਮੀਟਰ ਰੀਡਰਾਂ ਨੂੰ ਟਰਮੀਨੇਟ ਕੀਤਾ ਗਿਆ ਹੈ। ਵਿਭਾਗ ਵੱਲੋਂ ਹੁਣ ਘੱਟ ਲੋਡ ’ਤੇ ਵੱਧ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਵੀ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਵਿਭਾਗ ਨੂੰ ਵੱਡੀ ਸਫਲਤਾ ਮਿਲ ਰਹੀ ਹੈ।

ਪਟਿਆਲਾ ਤੋਂ ਭੇਜੀਆਂ ਜਾ ਰਹੀਆਂ ਟੀਮਾਂ ਕਰ ਰਹੀਆਂ ਅਚਾਨਕ ਚੈਕਿੰਗ : ਸੀ. ਐੱਮ. ਡੀ. ਸਰਾਂ
ਪਾਵਰਕਾਮ ਦੇ ਸੀ. ਐੱਮ. ਡੀ. (ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ) ਇੰਜੀ. ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਬਿਜਲੀ ਚੋਰੀ ਰੋਕਣ ਦੇ ਮਾਮਲੇ ਵਿਚ ਵਿਭਾਗ ਨੇ ਕੁਝ ਸਾਲਾਂ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਕਾਰਨ ਬਿਜਲੀ ਚੋਰੀ ਦੀ ਦਰ ਵਿਚ ਕਮੀ ਆਈ ਹੈ। ਥਰਡ ਪਾਰਟੀ ਚੈਕਿੰਗ ਲਈ ਰੁਟੀਨ ਵਿਚ ਪਟਿਆਲਾ ਤੋਂ ਟੀਮਾਂ ਭੇਜੀਆਂ ਜਾ ਰਹੀਆਂ ਹਨ, ਜਿਹੜੀਆਂ ਅਚਾਨਕ ਚੈਕਿੰਗ ਕਰ ਰਹੀਆਂ ਹਨ। ਵੱਡੇ ਕੁਨੈਕਸ਼ਨਾਂ ’ਤੇ ਵੀ ਮਹਿਕਮੇ ਵੱਲੋਂ ਪੂਰਾ ਫੋਕਸ ਕੀਤਾ ਜਾ ਰਿਹਾ ਹੈ। ਵਿਭਾਗ ਦਾ ਟੀਚਾ ਬਿਜਲੀ ਚੋਰੀ ਤੋਂ ਨਿਜਾਤ ਪਾਉਣਾ ਹੈ।

ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਫੋਨ ਕਾਲ ਦੇ ਝਾਂਸੇ 'ਚ ਫਸਿਆ ਫ਼ੌਜ ਦਾ ਅਧਿਕਾਰੀ, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News