ਹੋਟਲ ’ਚ ਫੇਰਿਆਂ ਦੌਰਾਨ ਲਾੜੇ ਦੀ ਮਾਂ ਦਾ 15 ਤੋਲੇ ਸੋਨੇ ਨਾਲ ਭਰਿਆ ਬੈਗ ਚੋਰੀ

Sunday, Nov 09, 2025 - 01:59 PM (IST)

ਹੋਟਲ ’ਚ ਫੇਰਿਆਂ ਦੌਰਾਨ ਲਾੜੇ ਦੀ ਮਾਂ ਦਾ 15 ਤੋਲੇ ਸੋਨੇ ਨਾਲ ਭਰਿਆ ਬੈਗ ਚੋਰੀ

ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ ਮਸ਼ਹੂਰ ਪੰਜ ਤਾਰਾ ਹੋਟਲ ’ਚ ਵਿਆਹ ਦੌਰਾਨ ਸੂਟ-ਬੂਟ ’ਚ ਆਏ ਦੋ ਸ਼ਾਤਰ ਚੋਰ ਲਾੜੇ ਦੀ ਮਾਂ ਦਾ ਗਹਿਣਿਆਂ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਏ। ਫੇਰਿਆਂ ਦੀ ਰਸਮ ਦੌਰਾਨ ਚੋਰਾਂ ਨੇ ਵਾਰਦਾਤ ਕੀਤੀ। ਗਹਿਣਿਆਂ ਨਾਲ ਭਰਿਆ ਬੈਗ ਗਾਇਬ ਦੇਖ ਕੇ ਲਾੜੀ ਦੇ ਭਰਾ ਡਾ. ਨਿਖਿਲ ਸੇਠੀ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-36 ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਪੈਂਟ-ਕੋਟ ਪਾ ਕੇ ਆਏ ਦੋ ਨੌਜਵਾਨ ਬੈਗ ਲੈ ਕੇ ਜਾਂਦੇ ਕੈਮਰੇ ’ਚ ਦਿਖਾਈ ਦਿੱਤੇ। ਚੋਰੀ ਹੋਏ ਬੈਗ ’ਚ ਸੋਨੇ ਦਾ ਹਾਰ, ਕੰਗਣ ਤੇ ਅੰਗੂਠੀ ਸਮੇਤ ਕਰੀਬ 15 ਤੋਲੇ ਸੋਨੇ ਦੇ ਗਹਿਣੇ ਸਨ।

ਡਾ. ਨਿਖਿਲ ਸੇਠੀ ਨੇ ਦੋਸ਼ ਲਾਇਆ ਕਿ ਚੋਰੀ ਹੋਟਲ ਦੇ ਸੁਰੱਖਿਆ ਮੁਲਾਜ਼ਮਾਂ ਦੀ ਲਾਪਰਵਾਹੀ ਤੇ ਸੁਰੱਖਿਆ ਪ੍ਰਣਾਲੀ ’ਚ ਖਾਮੀ ਕਾਰਨ ਹੋਈ। ਉਨ੍ਹਾਂ ਅਣਪਛਾਤੇ ਚੋਰਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਨਾਲ-ਨਾਲ ਹੋਟਲ ਪ੍ਰਬੰਧਨ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ। ਸੈਕਟਰ-36 ਥਾਣਾ ਪੁਲਸ ਨੇ ਚੋਰਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਚੋਰਾਂ ਦੀ ਪਛਾਣ ਕਰ ਰਹੀ ਹੈ। ਡਾ. ਨਿਖਿਲ ਸੇਠੀ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਭੈਣ ਦੇ ਵਿਆਹ ਦਾ ਪ੍ਰੋਗਰਾਮ ਹੋਟਲ ’ਚ ਸ਼ੁੱਕਰਵਾਰ ਦਾ ਰੱਖਿਆ ਸੀ। ਬਾਹਰੀ ਲਾਅਨ ’ਚ ਸਥਿਤ ਮੰਡਪ ’ਚ ਫੇਰਿਆਂ ਦੀ ਰਸਮ ਚੱਲ ਰਹੀ ਸੀ।

ਪਰਿਵਾਰਕ ਮੈਂਬਰ ਫੇਰਿਆਂ ਦੀ ਰਸਮ ’ਚ ਰੁੱਝੇ ਸਨ। ਇਸ ਦੌਰਾਨ ਸੋਨੇ ਦੇ ਗਹਿਣਿਆਂ ਵਾਲਾ ਬੈਗ ਚੋਰੀ ਹੋ ਗਿਆ। ਉਨ੍ਹਾਂ ਹੋਟਲ ਪ੍ਰਬੰਧਨ ਨੂੰ ਚੋਰੀ ਬਾਰੇ ਜਾਣਕਾਰੀ ਦਿੱਤੀ। ਪੁਲਸ ਨੇ ਹੋਟਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇਖੇ ਤਾਂ ਸਾਢੇ 12 ਵਜੇ ਨੀਲੇ ਰੰਗ ਦਾ ਪੈਂਟ-ਕੋਟ ਪਹਿਨੇ ਦੋ ਨੌਜਵਾਨ ਬਾਹਰ ਜਾਂਦੇ ਦਿਖਾਈ ਦਿੱਤੇ। ਇਕ ਵਿਅਕਤੀ ਨੇ ਮੋਢੇ ’ਤੇ ਬੈਗ ਰੱਖ ਕੇ ਉਸ ਦੇ ਉੱਪਰ ਕੋਟ ਰੱਖ ਲਿਆ ਤਾਂ ਜੋ ਕਿਸੇ ਨੂੰ ਬੈਗ ਦਿਖਾਈ ਨਾ ਦੇਵੇ। ਫੁਟੇਜ ’ਚ ਦੋਵੇਂ ਨੌਜਵਾਨ ਮਹਿਮਾਨਾਂ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ ਤਾਂ ਜੋ ਕਿਸੇ ਨੂੰ ਉਨ੍ਹਾਂ ’ਤੇ ਸ਼ੱਕ ਨਾ ਹੋਵੇ। ਡਾ. ਸੇਠੀ ਨੇ ਦੱਸਿਆ ਕਿ ਬੈਗ ’ਚ ਕਰੀਬ 15 ਤੋਲੇ ਸੋਨੇ ਦੇ ਗਹਿਣੇ ਸਨ। ਇਸ ’ਚ 9 ਤੋਲੇ ਦਾ ਸੋਨੇ ਦਾ ਹਾਰ, ਦੋ ਸੋਨੇ ਦੇ ਝੁਮਕੇ, 4 ਤੋਲੇ ਸੋਨੇ ਦੇ ਦੋ ਕੰਗਨ ਤੇ ਅੰਗੂਠੀ ਸੀ। ਪੁਲਸ ਦਾ ਕਹਿਣਾ ਹੈ ਕਿ ਅੰਮ੍ਰਿਤਸਰ ’ਚ ਵੀ ਪਹਿਲਾਂ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ।
ਸੀ.ਸੀ.ਟੀ.ਵੀ. ਫੁਟੇਜ ’ਚ ਫ਼ੋਨ ’ਤੇ ਗੱਲ ਕਰਦੇ ਦਿਖਾਈ ਦਿੱਤੇ ਚੋਰ
ਹੋਟਲ ਦੇ ਗੇਟ ਦੇ ਬਾਹਰ ਇਕ ਸੁਰੱਖਿਆ ਗਾਰਡ ਬੈਰੀਕੇਡਿੰਗ ਲਾ ਕੇ ਖੜ੍ਹਾ ਸੀ। ਉਸੇ ਵੇਲੇ ਇਕ ਚੋਰ ਨਿਕਲਿਆ। ਗਾਰਡ ਵੀ ਉਸ ਨੂੰ ਦੇਖ ਕੇ ਬੈਰੀਕੇਡ ਤੋਂ ਦੂਰ ਹੋ ਜਾਂਦਾ ਹੈ। ਚੋਰ ਫ਼ੋਨ ’ਤੇ ਗੱਲ ਕਰਦਾ ਬਾਹਰ ਨਿਕਲ ਗਿਆ। ਇਸ ਤੋਂ ਬਾਅਦ ਗਾਰਡ ਇੱਧਰ-ਉੱਧਰ ਘੁੰਮਣ ਲੱਗ ਪਿਆ। ਕੁੱਝ ਸਕਿੰਟਾਂ ਬਾਅਦ ਦੂਜਾ ਚੋਰ ਵੀ ਬਾਹਰ ਨਿਕਲ ਜਾਂਦਾ ਹੈ। ਉਸਦੇ ਮੋਢੇ ’ਤੇ ਕੋਟ ਟੰਗਿਆ ਹੋਇਆ ਸੀ, ਕੋਟ ਦੇ ਹੇਠਾਂ ਹੀ ਬੈਗ ਲੁਕਾਇਆ ਹੋਇਆ ਸੀ। ਗਾਰਡ ਨੂੰ ਚੋਰੀ ਦਾ ਕੋਈ ਅੰਦਾਜ਼ਾ ਨਹੀਂ ਸੀ ਤੇ ਉਸਨੇ ਦੋਵਾਂ ’ਚੋਂ ਕਿਸੇ ਨੂੰ ਵੀ ਰੋਕਿਆ-ਟੋਕਿਆ ਨਹੀਂ।
 


author

Babita

Content Editor

Related News