ਦਿਨ-ਦਿਹਾੜੇ ਚੋਰੀ ਦੀ ਵਾਰਦਾਤ: ਹਸਪਤਾਲ ਦੀ ਮਹਿਲਾ ਮੁਲਾਜ਼ਮ ਦੇ ਘਰੋਂ ਲੱਖਾਂ ਦੇ ਗਹਿਣੇ ਤੇ ਕੈਸ਼ ਲੈ ਗਏ ਚੋਰ
Saturday, Nov 08, 2025 - 08:42 AM (IST)
ਲੁਧਿਆਣਾ (ਰਾਜ) : ਜਸਵੰਤ ਨਗਰ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਹਸਪਤਾਲ ਦੀ ਇਕ ਔਰਤ ਮੁਲਾਜ਼ਮ ਦੇ ਘਰ ਦਿਨ-ਦਿਹਾੜੇ ਚੋਰੀ ਹੋ ਗਈ। ਚੋਰਾਂ ਨੇ ਘਰ ਦਾ ਜਿੰਦਾ ਤੋੜ ਕੇ ਅੰਦਰ ਦਾਖਲ ਹੋ ਕੇ ਕੀਮਤੀ ਸੋਨੇ ਦੇ ਗਹਿਣੇ ਤੇ ਨਕਦੀ ’ਤੇ ਹੱਥ ਸਾਫ ਕਰ ਦਿੱਤਾ। ਜਾਣਕਾਰੀ ਦਿੰਦਿਆਂ ਪੀੜਤਾ ਮਮਤਾ ਨੇ ਦੱਸਿਆ ਕਿ ਉਹ ਕੈਂਸਰ ਹਸਪਤਾਲ ’ਚ ਮੁਲਾਜ਼ਮ ਹੈ। ਰੋਜ਼ਾਨਾ ਵਾਂਗ ਸਵੇਰੇ ਉਹ ਅਤੇ ਉਨ੍ਹਾਂ ਦਾ ਪਰਿਵਾਰ ਡਿਊਟੀ ’ਤੇ ਚਲੇ ਗਏ ਸਨ। ਦੁਪਹਿਰ ਕਰੀਬ 2 ਵਜੇ ਉਨ੍ਹਾਂ ਦੀ ਬੇਟੀ ਕੰਮ ਤੋਂ ਘਰ ਪਰਤੀ ਤਾਂ ਉਸ ਨੇ ਦੇਖਿਆ ਕਿ ਮੁੱਖ ਗੇਟ ਦਾ ਜਿੰਦਾ ਟੁੱਟਾ ਹੋਇਆ ਹੈ। ਜਿਉਂ ਹੀ ਉਹ ਅੰਦਰ ਪੁੱਜੀ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਘਬਰਾਈ ਹੋਈ ਬੇਟੀ ਨੇ ਤੁਰੰਤ ਉਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਫੌਰਨ ਘਰ ਪੁੱਜੀ ਅਤੇ ਦੇਖਿਆ ਕਿ ਅਲਮਾਰੀ ਦਾ ਜਿੰਦਾ ਟੁੱਟਾ ਹੋਇਆ ਸੀ। ਚੋਰ ਅਲਮਾਰੀ ਵਿਚ ਰੱਖੇ ਸੋਨੇ ਦੇ ਕੀਮਤੀ ਗਹਿਣੇ, ਇਕ ਕਿੱਟੀ ਸੈੱਟ, 2 ਰਿੰਗ, 2 ਟਾਪਸ ਅਤੇ ਇਕ ਚੇਨ ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : IRCTC ਦਾ ਵੱਡਾ ਬਦਲਾਅ, ਇਸ ਸਮੇਂ ਬਿਨਾਂ ਆਧਾਰ ਕਾਰਡ ਦੇ ਬੁੱਕ ਨਹੀਂ ਹੋਵੇਗੀ ਟਿਕਟ
ਇਸ ਤੋਂ ਇਲਾਵਾ ਅਲਮਾਰੀ ’ਚੋਂ 70 ਹਜ਼ਾਰ ਦੀ ਨਕਦੀ ਵੀ ਗਾਇਬ ਸੀ, ਜੋ ਮਮਤਾ ਨੇ ਬੱਚਿਆਂ ਦੀ ਫੀਸ ਭਰਨ ਲਈ ਕਮੇਟੀ ਪਾ ਕੇ ਇਕੱਠੇ ਕੀਤੇ ਸਨ। ਉਸ ਨੇ ਦੱਸਿਆ ਕਿ ਗਹਿਣਿਆਂ ਦੀ ਕੀਮਤ ਕਰੀਬ 4 ਲੱਖ ਰੁਪਏ ਦੱਸੀ ਜਾ ਰਹੀ ਹੈ। ਚੋਰੀ ਦੀ ਇਹ ਵਾਰਦਾਤ ਕੈਮਰੇ ਵਿਚ ਕੈਦ ਹੋ ਗਈ ਹੈ। ਫੁਟੇਜ ਵਿਚ ਇਕ ਨੌਜਵਾਨ ਘਰ ਦੀ ਗਲੀ ਵਿਚੋਂ ਆਰਾਮ ਨਾਲ ਬਾਹਰ ਜਾਂਦਾ ਦਿਖਾਈ ਦੇ ਰਿਹਾ ਹੈ। ਪਰਿਵਾਰ ਨੂੰ ਉਸੇ ’ਤੇ ਸ਼ੱਕ ਹੈ। ਉਧਰ, ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਫੁਟੇਜ ਵਿਚ ਦਿਸ ਰਹੇ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਹੀ ਚੋਰ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
