ਮੋਗਾ ਹਸਪਤਾਲ ਵਿਚ ਬਿਜਲੀ ਗੁੱਲ, ਮੋਬਾਈਲ ਦੀ ਟਾਰਚ ਨਾਲ ਹੋਇਆ ਮਰੀਜ਼ ਦਾ ਮਾਈਨਰ ਆਪਰੇਸ਼ਨ
Thursday, Nov 20, 2025 - 06:17 PM (IST)
ਮੋਗਾ (ਕਸ਼ਿਸ਼ ਸਿੰਗਲਾ) : ਬੁੱਧਵਾਰ ਨੂੰ ਸਿਵਲ ਹਸਪਤਾਲ ਮੋਗਾ ‘ਚ ਬਿਜਲੀ ਦੀ ਵੱਡੀ ਸਮੱਸਿਆ ਸਾਹਮਣੇ ਆਈ। ਦੁਪਹਿਰ ਕਰੀਬ 12:30 ਵਜੇ ਇਕ ਸੜਕ ਹਾਦਸੇ ‘ਚ ਜ਼ਖ਼ਮੀ ਮਰੀਜ਼ ਨੂੰ ਇਮਰਜੈਂਸੀ ਦੇ ਮਾਇਨਰ ਓਪਰੇਸ਼ਨ ਥੀਏਟਰ ਵਿਚ ਲਿਆਂਦਾ ਗਿਆ, ਪਰ ਉਸ ਵੇਲੇ ਹਸਪਤਾਲ ‘ਚ ਬਿਜਲੀ ਨਹੀਂ ਸੀ। ਸਿਰ ‘ਤੇ ਗੰਭੀਰ ਸੱਟ ਲੱਗਣ ਕਰਕੇ ਲਿਆਂਦੇ ਗਏ ਮਰੀਜ਼ ਨੂੰ ਬਿਨਾਂ ਦੇਰੀ ਕੀਤੇ ਮੈਡੀਕਲ ਸਟਾਫ਼ ਨੇ ਮੋਬਾਈਲ ਦੀ ਟਾਰਚ ਜਗਾ ਕੇ ਹੀ ਟਾਂਕੇ ਲਗਾਏ। ਹਾਲਾਂਕਿ ਸਿਵਲ ਹਸਪਤਾਲ ਨੂੰ ਬਿਜਲੀ ਬੋਰਡ ਵੱਲੋਂ ਸਿੱਧੀ ਬਿਜਲੀ ਦੀ ਸੂਹਲਤਾ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਵੀ ਲਾਈਟ ਮੁੜ–ਮੁੜ ਜਾਂਦੀ ਰਹੀ, ਜਿਸ ਕਰਕੇ ਮਰੀਜ਼ਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਹਾਦਸਾ ਕਿਵੇਂ ਹੋਇਆ?
ਮੋਗਾ ਜ਼ੀਰਾ ਰੋਡ ਦੇ ਰਹਿਣ ਵਾਲੇ ਸੁਖਪਾਲ ਸਿੰਘ ਨੇ ਦੱਸਿਆ ਕਿ ਉਸਦਾ 38 ਸਾਲਾ ਭਰਾ ਨਵਤੇਜ ਸਿੰਘ, ਜੋ ਈ–ਰਿਕਸ਼ਾ ਚਲਾਉਂਦਾ ਹੈ, ਸਵਾਰੀ ਛੱਡਣ ਤੋਂ ਬਾਅਦ ਵਾਪਸ ਆ ਰਿਹਾ ਸੀ। ਹਾਈਵੇ ‘ਤੇ ਪਿੱਛੋਂ ਇਕ ਤੇਜ਼ ਰਫ਼ਤਾਰ ਗੱਡੀ ਨੇ ਉਸਦੀ ਈ–ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰੀ। ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਨਵਤੇਜ ਦੇ ਸਿਰ ‘ਤੇ ਗੰਭੀਰ ਚੋਟਾਂ ਆਈਆਂ। ਉਸਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ।
ਹਸਪਤਾਲ ਵਿਚ ਲਾਈਟ ਗਈ, ਮੋਬਾਈਲ ਦੀ ਰੌਸ਼ਨੀ ਵਿਚ ਇਲਾਜ
ਜਦੋਂ ਮਰੀਜ਼ ਨੂੰ ਇਮਰਜੈਂਸੀ ‘ਚ ਲਿਆਂਦਾ ਗਿਆ, ਉਸ ਵੇਲੇ ਪੂਰੇ ਹਸਪਤਾਲ ਦੀ ਲਾਈਟ ਗਈ ਹੋਈ ਸੀ। ਬਿਨਾਂ ਸਮਾਂ ਖ਼ਰਾਬ ਕੀਤੇ ਡਾਕਟਰਾਂ ਨੇ ਉਸਦਾ ਇਲਾਜ ਮੋਬਾਈਲ ਦੀ ਟਾਰਚ ਨਾਲ ਸ਼ੁਰੂ ਕਰ ਦਿੱਤਾ। ਦੂਜੇ ਪਾਸੇ, ਇਕ ਹੋਰ ਮਹਿਲਾ ਵੀ ਆਪਣੇ ਟਾਂਕੇ ਕੱਟਵਾਉਣ ਲਈ ਬਿਜਲੀ ਆਉਣ ਦੀ ਉਡੀਕ ਕਰਦੀ ਬੈਠੀ ਰਹੀ।
