ਪੰਜਾਬ ''ਚ ਬਿਜਲੀ ਖ਼ਪਤਕਾਰਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਪਾਵਰਕਾਮ ਨੇ ਕਰ ''ਤਾ ਵੱਡਾ ਐਕਸ਼ਨ
Monday, Nov 10, 2025 - 11:33 AM (IST)
ਜਲੰਧਰ (ਪੁਨੀਤ)- ਪਾਵਰਕਾਮ ਵੱਲੋਂ ਮੀਟਰ ਰੀਡਿੰਗ ਠੇਕੇ ’ਤੇ ਕਰਵਾਈ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਉਕਤ ਠੇਕਾ ਇਨਵੈਂਟਿਵ ਕੰਪਨੀ ਕੋਲ ਸੀ ਪਰ ਹੁਣ ਇਹ ਠੇਕਾ ਫਿਊਜ਼ਨ ਨਾਂ ਦੀ ਕੰਪਨੀ ਨੂੰ ਦਿੱਤਾ ਗਿਆ ਹੈ। ਉਕਤ ਕੰਪਨੀ ਵੱਲੋਂ ਕੰਮ ਸਭਾਲਣ ਤੋਂ ਬਾਅਦ ਬਿਲਿੰਗ ਸਿਸਟਮ ’ਚ ਖਾਮੀਆਂ ਵੇਖਣ ਨੂੰ ਮਿਲ ਰਹੀਆਂ ਹਨ। ਇਸੇ ਲੜੀ ’ਚ ਹਜ਼ਾਰਾਂ ਖ਼ਪਤਕਾਰਾਂ ਨੂੰ ਬਿਨਾਂ ਰੀਡਿੰਗ ਹੋਏ (ਐੱਨ ਕੋਡ) ਵਾਲੇ ਬਿਜਲੀ ਦੇ ਬਿੱਲ ਮਿਲੇ ਹਨ, ਜੋਕਿ ਖ਼ਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ।
ਇਹ ਵੀ ਪੜ੍ਹੋ: ਰਾਜਾ ਵੜਿੰਗ ਵੱਲੋਂ ਸਿੱਖ ਕਕਾਰਾਂ ਦਾ ਮਜ਼ਾਕ ਉਡਾਉਣਾ ਬੇਹੱਦ ਸ਼ਰਮਨਾਕ : ਮਲਵਿੰਦਰ ਕੰਗ
ਵੱਡੀ ਗਿਣਤੀ ’ਚ ਅਜਿਹੇ ਖ਼ਪਤਕਾਰ ਹਨ, ਜਿਨ੍ਹਾਂ ਦੇ 300 ਯੂਨਿਟ ਵੀ ਪੂਰੇ ਨਹੀਂ ਹੋਏ ਸਨ ਅਤੇ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਬਿੱਲ ਭੇਜ ਦਿੱਤਾ ਗਿਆ। ਇਸ ਕਾਰਨ ਖ਼ਪਤਕਾਰ ਬਿਜਲੀ ਘਰਾਂ ਦੇ ਚੱਕਰ ਲਾਉਂਦੇ ਵੇਖੇ ਜਾ ਸਕਦੇ ਹਨ। ਮਹਾਨਗਰ ਦੀਆਂ ਵੱਖ-ਵੱਖ ਡਿਵੀਜ਼ਨਾਂ ਦੇ ਅਧੀਨ ਐੱਨ-ਕੋਡ ਵਾਲੀ ਬਿਲਿੰਗ ਦੀਆਂ ਸ਼ਿਕਾਇਤਾਂ ਲਗਾਤਾਰ ਸੁਣਨ ’ਚ ਆ ਰਹੀਆਂ ਹਨ। ਪਿਛਲੇ ਕੁਝ ਹਫਤਿਆਂ ਤੋਂ ਤਾਪਮਾਨ ’ਚ ਗਿਰਾਵਟ ਹੋਣ ਤੋਂ ਬਾਅਦ ਬਿਜਲੀ ਦੀ ਖ਼ਪਤ ’ਚ ਭਾਰੀ ਕਮੀ ਆਈ ਹੈ ਅਤੇ ਏ. ਸੀ. ਦੀ ਵਰਤੋਂ ਵੀ ਨਾਂਹ ਦੇ ਬਰਾਬਰ ਹੋਈ ਹੈ। ਇਸ ਦੇ ਬਾਵਜੂਦ ਪਾਵਰਕਾਮ ਵੱਲੋਂ ਖ਼ਪਤਕਾਰਾਂ ਨੂੰ ਐੱਨ-ਕੋਡ ਦੇ ਹਿਸਾਬ ਨਾਲ ਲੰਬਾ-ਚੌੜਾ ਬਿੱਲ ਭੇਜ ਦਿੱਤਾ ਗਿਆ। ਜਿਹੜੇ ਖਪਤਕਾਰਾਂ ਨੂੰ ਐੱਨ-ਕੋਡ ਦਾ ਹਜ਼ਾਰਾਂ ਰੁਪਏ ਦਾ ਬਿੱਲ ਪ੍ਰਾਪਤ ਹੋਇਆ ਹੈ, ਉਹ ਆਪਣੇ ਮੀਟਰ ਤੋਂ ਰੀਡਿੰਗ ਅਤੇ ਪੁਰਾਣੇ ਬਿੱਲ ਦੇਖ ਕੇ 300 ਯੂਨਿਟ ਦਾ ਹਿਸਾਬ ਲਾ ਰਹੇ ਹਨ।
ਇਹ ਵੀ ਪੜ੍ਹੋ: ਮੁਅੱਤਲ DIG ਭੁੱਲਰ ਦੇ ਮਾਮਲੇ ‘ਚ ਹੋ ਸਕਦੀ ਹੈ ED ਦੀ ਐਂਟਰੀ! ਫਸਣਗੇ ਕਈ ਵੱਡੇ ਅਫ਼ਸਰ
ਪੰਜਾਬ ’ਚ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ, ਜਦਕਿ 2 ਮਹੀਨੇ ’ਚ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜਿਹੜੇ ਖ਼ਪਤਕਾਰਾਂ ਦੇ ਸਮਾਰਟ ਮੀਟਰ ਲੱਗੇ ਹਨ, ਉਨ੍ਹਾਂ ਨੂੰ 1 ਮਹੀਨੇ ਦਾ ਬਿੱਲ ਮਿਲਦਾ ਹੈ। ਉਥੇ ਹੀ, ਜਿਹੜੇ ਖ਼ਪਤਕਾਰਾਂ ਦੇ ਅਜੇ ਸਮਾਰਟ ਮੀਟਰ ਨਹੀਂ ਲੱਗੇ ਹਨ, ਉਨ੍ਹਾਂ ਨੂੰ 2 ਮਹੀਨੇ ਦਾ ਬਿੱਲ ਮਿਲਦਾ ਹੈ। ਸਮਾਰਟ ਮੀਟਰ ਵਾਲਿਆਂ ਨੂੰ ਤਾਂ ਰੀਡਿੰਗ ਦੇ ਹਿਸਾਬ ਨਾਲ ਬਿੱਲ ਮਿਲ ਰਿਹਾ ਹੈ ਪਰ ਜਿਨ੍ਹਾਂ ਦੇ ਸਮਾਰਟ ਮੀਟਰ ਨਹੀਂ ਲੱਗੇ, ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਇਸ ਸਬੰਧ ’ਚ ਵੱਖ-ਵੱਖ ਇਲਾਕਿਆਂ ਦੇ ਖ਼ਪਤਕਾਰਾਂ ਵੱਲੋਂ ਗਲਤ ਬਿੱਲ ਬਣਨ ਬਾਰੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਪਰ ਸ਼ਿਕਾਇਤ ਕੀਤੀ ਨੂੰ ਹਫ਼ਤਿਆਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਬਿੱਲ ਸਹੀ ਕਰਨ ਲਈ ਵਰਕਰ ਮੌਕੇ ’ਤੇ ਨਹੀਂ ਆ ਰਹੇ। ਕਈ ਇਲਾਕਿਆਂ ਦੇ ਖ਼ਪਤਕਾਰ 1912 ਅਤੇ ਹੋਰ ਮਾਧਿਅਮਾਂ ਜ਼ਰੀਏ ਵੀ ਆਪਣੀਆਂ ਸ਼ਿਕਾਇਤਾਂ ਕਰ ਰਹੇ ਹਨ। ਖ਼ਪਤਕਾਰਾਂ ਦਾ ਕਹਿਣਾ ਹੈ ਕਿ ਪਾਵਰਕਾਮ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਖ਼ਪਤਕਾਰਾਂ ਨੂੰ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਕਈ ਸੀਨੀਅਰ ਸਿਟੀਜ਼ਨ ਖਪਤਕਾਰ ਸ਼ਿਕਾਇਤ ਲਈ ਮੌਕੇ ’ਤੇ ਨਹੀਂ ਜਾ ਸਕਦੇ, ਜਿਸ ਕਾਰਨ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੀ ਵਧ ਰਹੀ ਹੈ।
ਬਿੱਲ ਠੀਕ ਕਰਵਾਉਣ ਲਈ ਵੀਡੀਓ ਬਣਾ ਕੇ ਜਾਓ ਬਿਜਲੀ ਦਫ਼ਤਰ
ਜਿਹੜੇ ਖ਼ਪਤਕਾਰਾਂ ਨੂੰ ਐੱਨ-ਕੋਡ ਵਾਲਾ ਬਿੱਲ ਮਿਲਿਆ ਹੈ, ਉਹ ਆਪਣਾ ਬਿੱਲ ਠੀਕ ਕਰਵਾ ਸਕਦੇ ਹਨ। ਇਸ ਦੇ ਲਈ ਖ਼ਪਤਕਾਰਾਂ ਨੂੰ ਆਪਣੇ ਮੀਟਰ ਦੀ ਵੀਡੀਓ ਬਣਾਉਣੀ ਹੋਵੇਗੀ, ਜਿਸ ’ਚ ਰੀਡਿੰਗ ਅਤੇ ਦੂਸਰੀ ਜਾਣਕਾਰੀ ਸਾਫ਼ ਵਿਖਾਈ ਦੇਵੇ। ਵੀਡੀਓ ਕਲਿੱਪ ਸਾਫ਼ ਹੋਣਾ ਚਾਹੀਦਾ ਹੈ ਤਾਂ ਕਿ ਉਸ ਤੋਂ ਰੀਡਿੰਗ ਦੇਖੀ ਜਾ ਸਕੇ। ਉਕਤ ਵੀਡੀਓ ਸੰਬੰਧਤ ਬਿਜਲੀ ਦਫ਼ਤਰ ਲੈ ਕੇ ਜਾਓ, ਉਥੇ ਬਿੱਲ ਠੀਕ ਕਰ ਦਿੱਤਾ ਜਾਵੇਗਾ। ਇਸ ਸਬੰਧ ’ਚ ਸੀਨੀਅਰ ਅਧਿਕਾਰੀਆਂ ਵੱਲੋਂ ਐਕਸੀਅਨਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਪੜ੍ਹੋ ਤਾਜ਼ਾ ਅਪਡੇਟ! 13 ਤਾਰੀਖ਼ ਤੱਕ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
300 ਯੂਨਿਟ ਦੇ ਹਿਸਾਬ ਨਾਲ ਠੀਕ ਹੋਵੇਗਾ ਬਿੱਲ : ਇੰਜੀ. ਚੁਟਾਨੀ
ਪਾਵਰਕਾਮ ਦੇ ਸਰਕਲ ਹੈੱਡ ਅਤੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਬਣਾਏ ਗਏ ਨਿਯਮਾਂ ਮੁਤਾਬਕ 300 ਯੂਨਿਟ ਬਿਜਲੀ ਨੂੰ ਰੋਜ਼ਾਨਾ 10 ਯੂਨਿਟ ਦੇ ਹਿਸਾਬ ਨਾਲ ਗੁਣਾ ਕੀਤਾ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਨਾਲ ਬਿੱਲ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਖ਼ਪਤਕਾਰਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ, ਜਦੋਂ ਅਗਲੀ ਵਾਰ ਬਿੱਲ ਬਣੇਗਾ ਤਾਂ ਪਿਛਲਾ ਬਿੱਲ ਠੀਕ ਹੋ ਜਾਵੇਗਾ।
ਕੰਪਨੀ ਨੂੰ ਸਿਸਟਮ ‘ਅਪ-ਟੂ-ਡੇਟ’ ਕਰਨ ਦੀਆਂ ਹਦਾਇਤਾਂ
ਉਥੇ ਹੀ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਬਿਲਿੰਗ ਕਰਨ ਵਾਲੀ ਨਵੀਂ ਕੰਪਨੀ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਬਿਲਿੰਗ ਸਿਸਟਮ ਨੂੰ ਅਪ-ਟੂ-ਡੇਟ ਕਰਨ। ਦੱਸਿਆ ਜਾ ਰਿਹਾ ਹੈ ਕਿ ਜੇਕਰ ਖ਼ਪਤਕਾਰਾਂ ਨੂੰ ਐੱਨ-ਕੋਡ ਵਾਲੇ ਬਿੱਲ ਮਿਲਦੇ ਹਨ ਤਾਂ ਇਸ ਦਾ ਕੰਪਨੀ ’ਤੇ ਹਰਜਾਨਾ ਲਾਇਆ ਜਾਂਦਾ ਹੈ। ਅਜਿਹੇ ’ਚ ਕੰਪਨੀ ਖੁਦ ਵੀ ਨਹੀਂ ਚਾਹੇਗੀ ਕਿ ਉਸ ਨੂੰ ਵਿਭਾਗੀ ਕਾਰਵਾਈ ਦਾ ਸਾਹਮਣਾ ਕਰਨਾ ਪਵੇ। ਅਧਿਕਾਰੀਆਂ ਨੇ ਕਿਹਾ ਕਿ ਨਵੀਂ ਕੰਪਨੀ ਨੂੰ ਠੇਕਾ ਜਾਣ ਤੋਂ ਬਾਅਦ ਸਿਸਟਮ ਆਮ ਹੋਣ ’ਚ ਕੁਝ ਸਮਾਂ ਲੱਗ ਜਾਂਦਾ ਹੈ, ਇਸ ਨੂੰ ਠੀਕ ਕਰਵਾਇਆ ਜਾ ਰਿਹਾ ਹੈ। ਅਗਲੇ ਬਿੱਲਾਂ ਤਕ ਸਭ ਠੀਕ ਹੋ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਲਿਸਟ ਹੋ ਗਈ ਤਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
