ਪਾਵਰਕਾਮ ਅਧਿਕਾਰੀਆਂ ਨੇ ਤਾਜਪੁਰ ਰੋਡ ਸਥਿਤ 18 ਡੇਅਰੀਆਂ ’ਤੇ ਮਾਰੇ ਛਾਪੇ, 14.10 ਲੱਖ ਦਾ ਠੋਕਿਆ ਜੁਰਮਾਨਾ
Tuesday, Nov 11, 2025 - 08:35 AM (IST)
ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਦੇ ਨਿਰਦੇਸ਼ਾਂ ’ਤੇ ਪਾਵਰਕਾਮ ਦੀ ਫੋਕਲ ਪੁਆਇੰਟ ਡਵੀਜ਼ਨ ਦੇ ਐਕਸੀਅਨ ਸੰਜੀਵ ਕੁਮਾਰ ਜੌਲੀ ਦੀ ਅਗਵਾਈ ਵਾਲੀ ਟੀਮ ਨੇ ਮਹਾਨਗਰ ਦੇ ਤਾਜਪੁਰ ਰੋਡ ਸਥਿਤ 18 ਡੇਅਰੀਆਂ ’ਚ ਛਾਪੇਮਾਰੀ ਕਰਦਿਆਂ ਬਿਜਲੀ ਚੋਰੀ ਦੇ ਵੱਡੇ ਨੈੱਟਵਰਕ ਦਾ ਭਾਂਡਾ ਭੰਨਣ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਤਾਜਪੁਰ ਰੋਡ ਸਥਿਤ 18 ਵੱਖ-ਵੱਖ ਡੇਅਰੀਆਂ ਦੇ ਮਾਲਕਾਂ ਵਲੋਂ ਇਲਾਕੇ ’ਚੋਂ ਗੁਜ਼ਰ ਰਹੀਆਂ ਬਿਜਲੀ ਦੀਆਂ ਲਾਈਨਾਂ ਅਤੇ ਟ੍ਰਾਂਸਫਾਰਮਰ ’ਤੇ ਸਿੱਧੀ ਕੁੰਡੀ ਪਾ ਕੇ ਵੱਡੇ ਪੱਧਰ ’ਤੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਖੁੱਲ੍ਹੇ ’ਚ ਕੂੜਾ ਸੁੱਟਿਆ ਤਾਂ ਹੋਵੇਗਾ ਪਰਚਾ! ਸ਼ਿਕਾਇਤ ਲਈ ਨੰਬਰ ਜਾਰੀ ਕਰੇਗੀ ਨਗਰ ਨਿਗਮ
ਉਨ੍ਹਾਂ ਦੱਸਿਆ ਕਿ ਉਕਤ ਸਾਰੀਆਂ ਡੇਅਰੀਆਂ ’ਚ ਲੱਗੇ ਬਿਜਲੀ ਦੇ ਕੁਨੈਕਸ਼ਨ ਵਾਤਾਵਰਣ ਨੂੰ ਗੰਧਲਾ ਕਰਨ ਦੇ ਮਾਮਲੇ ’ਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਿਰਦੇਸ਼ਾਂ ’ਤੇ ਕਰੀਬ 1 ਸਾਲ ਪਹਿਲਾਂ ਕੱਟ ਦਿੱਤੇ ਗਏ ਸਨ। ਇਸ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਡੇਅਰੀ ਸੰਚਾਲਕਾਂ ਵਲੋਂ ਧੜੱਲੇ ਨਾਲ ਬਿਜਲੀ ਚੋਰੀ ਕਰਨ ਵਰਗੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਹੀ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਵਲੋਂ ਉਕਤ ਸਾਰੀਆਂ ਥਾਵਾਂ ’ਤੇ ਛਾਪੇਮਾਰੀਆਂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਅਤੇ ਫੋਕਲ ਪੁਆਇੰਟ ਡਵੀਜ਼ਨ ਦੇ ਐਕਸੀਅਨ ਸੰਜੀਵ ਕੁਮਾਰ ਜੌਲੀ ਵਲੋਂ ਐੱਸ. ਡੀ. ਓ. ਸੁਸ਼ੀਲ ਕੁਮਾਰ ਦੀ ਨਿਗਰਾਨੀ ’ਚ ਟੀਮਾਂ ਬਣਾ ਕੇ ਸਵੇਰ ਸਮੇਂ ਕਾਰਵਾਈ ਕੀਤੀ ਗਈ, ਜਿਥੇ ਡੇਅਰੀ ਸੰਚਾਲਕਾਂ ਵਲੋਂ ਵੱਡੇ ਪੱਧਰ ’ਤੇ ਬਿਜਲੀ ਚੋਰੀ ਕਰਨ ਦੇ ਮਾਮਲੇ ਸਾਹਮਣੇ ਆਏ ਹਨ।
ਉਕਤ ਸਾਰੇ ਮੁਲਜ਼ਮਾਂ ਖਿਲਾਫ ਬਿਜਲੀ ਚੋਰੀ ਐਕਟ ਤਹਿਤ ਐਂਟੀ ਪਾਵਰ ਥੈਫਟ ਵਿੰਗ ਦੀ ਪੁਲਸ ਵਲੋਂ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕਰਨ ਸਮੇਤ ਬਿਜਲੀ ਚੋਰਾਂ ਨੂੰ 14.10 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਵਰਕਾਮ ਵਲੋਂ ਉਕਤ ਕਾਰਵਾਈ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕੀ ਰਿਪੋਰਟ 'ਚ Shocking ਖੁਲਾਸਾ! ਚੀਨ ਦੀ PLA ਬਣੀ 'ਸੁਪਰ ਫੋਰਸ'
ਕੀ ਕਹਿੰਦੇ ਹਨ ਚੀਫ ਇੰਜੀਨੀਅਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੈਂਟਰਲ ਜ਼ੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਬਿਜਲੀ ਦੀ ਚੋਰੀ ਅਤੇ ਦੁਰਵਰਤੋਂ ਕਰਨ ਵਾਲਿਆਂ ਨੂੰ ਸਖਤ ਲਫਜ਼ਾਂ ਵਿਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬਿਜਲੀ ਦੀ ਚੋਰੀ, ਓਵਰਲੋਡ ਵਰਤਤਣ ਅਤੇ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਅਪਰਾਧ ਹੈ, ਜਿਸ ਵਿਚ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਭਾਰੀ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
