ਪੰਜਾਬ ''ਚ ਰੂਹ ਕੰਬਾਊ ਵਾਰਦਾਤ! ਛੋਟੇ ਭਰਾ ਨੇ ਹੀ ਕਰ''ਤਾ ਵੱਡੇ ਦਾ ਕਤਲ, ਹੈਰਾਨ ਕਰੇਗੀ ਵਜ੍ਹਾ
Thursday, Apr 16, 2026 - 04:47 PM (IST)
ਬਰਨਾਲਾ (ਪੁਨੀਤ): ਪਿੰਡ ਬਡਬਰ ਵਿਚ ਜ਼ਮੀਨ ਦੇ ਮਾਮੂਲੀ ਝਗੜੇ ਅਤੇ ਪੈਸਿਆਂ ਦੇ ਲੈਣ-ਦੇਣ ਕਾਰਨ ਇਕ ਛੋਟੇ ਭਰਾ ਵੱਲੋਂ ਆਪਣੇ ਹੀ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਉਰਫ਼ ਗੋਗਾ ਵਜੋਂ ਹੋਈ ਹੈ।
ਮ੍ਰਿਤਕ ਦੇ ਮਾਪਿਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਵਾਂ ਭਰਾਵਾਂ ਵਿਚ ਮਹਿਜ਼ 70 ਹਜ਼ਾਰ ਰੁਪਏ ਅਤੇ ਖੇਤ ਵਿਚ ਲੱਗੀ ਟਾਹਲੀ ਦੇ ਹਿਸਾਬ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਤਕਰਾਰ ਚੱਲ ਰਹੀ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਮਨਜਿੰਦਰ ਸਿੰਘ ਆਪਣੇ ਸੀਰੀ ਸੋਨੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰੋਂ ਨਿਕਲਿਆ ਸੀ। ਇਸੇ ਦੌਰਾਨ ਮੁਲਜ਼ਮ ਛੋਟੇ ਭਰਾ ਸੁਖਵਿੰਦਰ ਸਿੰਘ ਨੇ ਪਿੱਛੋਂ ਤੇਜ਼ ਰਫ਼ਤਾਰ ਟਰੈਕਟਰ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਜਦੋਂ ਦੋਵੇਂ ਹੇਠਾਂ ਡਿੱਗ ਪਏ, ਤਾਂ ਸੁਖਵਿੰਦਰ ਨੇ ਮਨਜਿੰਦਰ ਉੱਪਰ ਟਰੈਕਟਰ ਕਈ ਵਾਰ ਚੜ੍ਹਾ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਸੋਨੀ ਦੀ ਲੱਤ ਅਤੇ ਗਿੱਟਾ ਟੁੱਟ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸੀਰੀ ਦੀ ਆਵਾਜ਼ ਸੁਣ ਕੇ ਬਾਹਰ ਨਿਕਲੀ ਤਾਂ ਮੁਲਜ਼ਮ ਨੇ ਉਸ ਨੂੰ ਵੀ ਟ੍ਰੈਕਟਰ ਨਾਲ ਦਰੜਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੇ ਖੇਤ ਵਿਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਡੀ.ਐੱਸ.ਪੀ. ਸਤਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਜਾਰੀ ਹੈ। ਮ੍ਰਿਤਕ ਦਾ ਇਕ ਬੇਟਾ ਹੈ ਜੋ ਵਿਦੇਸ਼ ਵਿਚ ਰਹਿੰਦਾ ਹੈ।
