ਸਾਬਕਾ ਪ੍ਰਧਾਨ ਮੱਖਣ ਸ਼ਰਮਾ ਤੇ ਬਲਾਕ ਪ੍ਰਧਾਨ ਮਹੇਸ਼ ਲੋਟਾ ਨੇ ਵਾਰਡਬੰਦੀ ''ਤੇ ਜਤਾਇਆ ਇਤਰਾਜ਼

Saturday, Apr 18, 2026 - 12:39 PM (IST)

ਸਾਬਕਾ ਪ੍ਰਧਾਨ ਮੱਖਣ ਸ਼ਰਮਾ ਤੇ ਬਲਾਕ ਪ੍ਰਧਾਨ ਮਹੇਸ਼ ਲੋਟਾ ਨੇ ਵਾਰਡਬੰਦੀ ''ਤੇ ਜਤਾਇਆ ਇਤਰਾਜ਼

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਨਗਰ ਨਿਗਮ ਬਰਨਾਲਾ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਵੋਟਰ ਸੂਚੀਆਂ ਦੇ ਖਰੜੇ ਨੇ ਸ਼ਹਿਰ ਦੀ ਨਵੀਂ ਵਾਰਡਬੰਦੀ 'ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਵੋਟਰ ਸੂਚੀਆਂ ਦੇ ਪ੍ਰਕਾਸ਼ਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਵੱਖ-ਵੱਖ ਵਾਰਡਾਂ ਵਿਚ ਵੋਟਾਂ ਦੀ ਵੰਡ ਦੌਰਾਨ ਆਬਾਦੀ ਦੇ ਸੰਤੁਲਨ ਨੂੰ ਪੂਰੀ ਤਰ੍ਹਾਂ ਅੱਖੋਂ-ਓਹਲੇ ਕੀਤਾ ਗਿਆ ਹੈ, ਜਿਸ ਕਾਰਨ ਸ਼ਹਿਰ ਦੇ ਸਿਆਸੀ ਹਲਕਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੋਟਰ ਸੂਚੀਆਂ ਦੇ ਪ੍ਰਕਾਸ਼ਨ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਨੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਪ੍ਰਸ਼ਾਸਨ ਵਿਰੁੱਧ ਨਿਤਰਨ ਲਈ ਮਜਬੂਰ ਕਰ ਦਿੱਤਾ ਹੈ।

ਵੋਟਾਂ ਦੀ ਗਿਣਤੀ ਵਿਚ 7 ਗੁਣਾ ਦਾ ਫਰਕ

ਜਾਰੀ ਕੀਤੀ ਗਈ ਸੂਚੀ ਮੁਤਾਬਕ ਵਾਰਡ ਨੰਬਰ 19 ਵਿਚ ਸਿਰਫ਼ 448 ਵੋਟਾਂ ਦਰਸਾਈਆਂ ਗਈਆਂ ਹਨ, ਜਿਨ੍ਹਾਂ ਵਿਚੋਂ 228 ਪੁਰਸ਼ ਅਤੇ 220 ਮਹਿਲਾ ਵੋਟਰ ਹਨ। ਇਹ ਗਿਣਤੀ ਕਿਸੇ ਵੀ ਨਗਰ ਨਿਗਮ ਦੇ ਵਾਰਡ ਲਈ ਬਹੁਤ ਹੀ ਘੱਟ ਮੰਨੀ ਜਾ ਰਹੀ ਹੈ। ਇਸ ਦੇ ਬਿਲਕੁਲ ਉਲਟ, ਵਾਰਡ ਨੰਬਰ 29 ਵਿਚ ਵੋਟਾਂ ਦੀ ਗਿਣਤੀ 3352 ਤੱਕ ਪਹੁੰਚ ਗਈ ਹੈ। ਇੱਕੋ ਸ਼ਹਿਰ ਦੇ ਦੋ ਵਾਰਡਾਂ ਵਿਚਕਾਰ ਵੋਟਾਂ ਦੀ ਗਿਣਤੀ ਦਾ ਇਹ ਵੱਡਾ ਪਾੜਾ (ਲਗਭਗ 7 ਗੁਣਾ ਫਰਕ) ਹੱਦਬੰਦੀ ਦੀ ਪ੍ਰਕਿਰਿਆ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਰਿਹਾ ਹੈ। ਜ਼ਿਕਰਯੋਗ ਹੈ ਕਿ ਜਦੋਂ ਵਾਰਡਾਂ ਦੀ ਨਵੀਂ ਹੱਦਬੰਦੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ, ਉਸ ਸਮੇਂ ਵੀ ਕਈ ਸਾਬਕਾ ਕੌਂਸਲਰਾਂ ਅਤੇ ਸਿਆਸੀ ਆਗੂਆਂ ਨੇ ਪ੍ਰਸ਼ਾਸਨ 'ਤੇ ਪੱਖਪਾਤ ਦੇ ਦੋਸ਼ ਲਗਾਏ ਸਨ।

ਸੱਤਾਧਾਰੀ ਧਿਰ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ : ਮਹੇਸ਼ ਲੋਟਾ

ਬਲਾਕ ਕਾਂਗਰਸ ਕਮੇਟੀ ਬਰਨਾਲਾ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਇਸ ਮਾਮਲੇ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਮਿਲ ਕੇ ਲੋਕਤੰਤਰ ਦਾ ਘਾਣ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਾਰਡਾਂ ਦੀ ਇਹ ਗਲਤ ਹੱਦਬੰਦੀ ਸਿਰਫ਼ ਸੱਤਾਧਾਰੀ ਧਿਰ ਦੇ ਚਹੇਤਿਆਂ ਨੂੰ ਸਿਆਸੀ ਫਾਇਦਾ ਪਹੁੰਚਾਉਣ ਲਈ ਕੀਤੀ ਗਈ ਹੈ। ਲੋਟਾ ਨੇ ਕਿਹਾ ਕਿ ਜਿਨ੍ਹਾਂ ਵਾਰਡਾਂ ਵਿਚ ਵਿਰੋਧੀ ਧਿਰ ਮਜ਼ਬੂਤ ਹੈ, ਉੱਥੇ ਜਾਣਬੁੱਝ ਕੇ ਵੋਟਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਜਾਂ ਵਾਰਡਾਂ ਨੂੰ ਗਲਤ ਤਰੀਕੇ ਨਾਲ ਤੋੜਿਆ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਾਂਗਰਸ ਪਾਰਟੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਜੇਕਰ ਵੋਟਰ ਸੂਚੀਆਂ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ।

ਪ੍ਰਸ਼ਾਸਨਿਕ ਨਲਾਇਕੀ ਨੇ ਲੋਕਤੰਤਰ ਦਾ ਮਜ਼ਾਕ ਉਡਾਇਆ: ਮੱਖਣ ਸ਼ਰਮਾ

ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਨੇ ਵੀ ਇਨ੍ਹਾਂ ਖਾਮੀਆਂ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਕਾਰਜਸ਼ੈਲੀ ਪੱਖਪਾਤੀ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਵੋਟਰ ਸੂਚੀਆਂ ਅਤੇ ਹੱਦਬੰਦੀ ਦੀ ਤੁਰੰਤ ਸਮੀਖਿਆ ਕੀਤੀ ਜਾਵੇ ਅਤੇ ਵੋਟਾਂ ਦੀ ਵੰਡ ਤਰਕਪੂਰਨ ਤਰੀਕੇ ਨਾਲ ਕੀਤੀ ਜਾਵੇ ਤਾਂ ਜੋ ਹਰ ਨਾਗਰਿਕ ਨੂੰ ਬਰਾਬਰ ਦੀ ਪ੍ਰਤੀਨਿਧਤਾ ਮਿਲ ਸਕੇ।

ਸਿਆਸੀ ਗਲਿਆਰਿਆਂ ਵਿਚ ਚਰਚਾ

ਵੋਟਰ ਸੂਚੀਆਂ ਦੇ ਇਸ ਖਰੜੇ ਨੇ ਬਰਨਾਲਾ, ਭਦੌੜ, ਧਨੌਲਾ ਅਤੇ ਤਪਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਵੀ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸ਼ਹਿਰ ਵਾਸੀਆਂ ਅਤੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਵਾਰਡਬੰਦੀ ਦੌਰਾਨ ਵੋਟਰਾਂ ਦੀ ਗਿਣਤੀ ਦਾ ਅਨੁਪਾਤ ਲਗਭਗ ਬਰਾਬਰ ਹੋਣਾ ਚਾਹੀਦਾ ਹੈ ਤਾਂ ਜੋ ਵਾਰਡ ਦੇ ਵਿਕਾਸ ਕਾਰਜਾਂ ਅਤੇ ਫੰਡਾਂ ਦੀ ਵੰਡ ਵਿਚ ਕੋਈ ਵਿਤਕਰਾ ਨਾ ਹੋਵੇ। ਪ੍ਰਸ਼ਾਸਨ ਵੱਲੋਂ 15 ਅਪ੍ਰੈਲ ਨੂੰ ਕੀਤੀ ਗਈ ਇਸ ਪ੍ਰਕਾਸ਼ਨਾ ਤੋਂ ਬਾਅਦ ਹੁਣ ਉਮੀਦਵਾਰਾਂ ਅਤੇ ਵੋਟਰਾਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਕੀ ਪ੍ਰਸ਼ਾਸਨ ਇਨ੍ਹਾਂ ਇਤਰਾਜ਼ਾਂ 'ਤੇ ਗੌਰ ਕਰਕੇ ਸੁਧਾਰ ਕਰੇਗਾ ਜਾਂ ਨਹੀਂ।


author

Gurminder Singh

Content Editor

Related News