ਡੇਰਾ ਬਾਬਾ ਰਾਮ ਸਿੰਘ ਨੈਣੇਵਾਲ ਵਿਖੇ ਸੇਵਾਦਾਰਾਂ ’ਤੇ ਹਮਲਾ
Thursday, Apr 16, 2026 - 05:53 PM (IST)
ਤਪਾ ਮੰਡੀ (ਸ਼ਾਮ, ਗਰਗ)- ਨੈਣੇਵਾਲ ਪਿੰਡ ਵਿਖੇ ਸਥਿਤ ਡੇਰਾ ਬਾਬਾ ਰਾਮ ਸਿੰਘ ਵਿਚ ਇਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿੱਥੇ ਮਹਾਤਮਾ ਜੀ ਨੂੰ ਗੱਡੀ ‘ਚ ਸਵਾਰ ਹੋ ਕੇ ਮਿਲਣ ਆਏ ਸੇਵਾਦਾਰਾਂ ’ਤੇ ਕੁਝ ਪਿੰਡ ਦੇ ਹੀ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਸੇਵਾਦਾਰ ਲੰਮੇ ਸਮੇਂ ਤੋਂ ਡੇਰੇ ਨਾਲ ਜੁੜੇ ਹੋਏ ਹਨ ਅਤੇ ਮਹਾਤਮਾ ਜਗਤਾਰ ਸਿੰਘ ਨੂੰ ਮਿਲਣ ਲਈ ਨਿਯਮਿਤ ਤੌਰ ’ਤੇ ਆਉਂਦੇ ਰਹੇ ਹਨ।
ਅੱਜ ਜਦੋਂ ਉਹ ਆਪਣੀ ਗੱਡੀ ’ਤੇ ਸਵਾਰ ਹੋ ਕੇ ਡੇਰੇ ਪਹੁੰਚੇ, ਤਾਂ ਕੁਝ ਵਿਅਕਤੀਆਂ ਨੇ ਡੰਡਿਆਂ ਅਤੇ ਕਿਰਪਾਨਾਂ ਨਾਲ ਉਨ੍ਹਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਦੋਵੇਂ ਸੇਵਾਦਾਰ ਜ਼ਖ਼ਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹੋਰ ਸੇਵਾਦਾਰ ਮੌਕੇ ’ਤੇ ਪਹੁੰਚੇ ਅਤੇ ਪੁਲਸ ਭਦੋੜ ਵੀ ਮੌਕੇ 'ਤੇ ਪਹੁੰਚ ਗਈ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਤਪਾ ਵਿਚ ਦਾਖਲ ਕਰਵਾਇਆ ਗਿਆ।
ਸਿਵਲ ਹਸਪਤਾਲ ਤਪਾ ‘ਚ ਜ਼ੇਰੇ ਇਲਾਜ ਮਹੰਤ ਪਿਆਰਾ ਸਿੰਘ ਅਤੇ ਮਹੰਤ ਸੁਖਪ੍ਰੀਤ ਸਿੰਘ ਵਾਸੀ ਕੋਟਫੱਤਾ ਨੇ ਦੱਸਿਆ ਗਿਆ ਕਿ ਉਹ ਲਗਭਗ 25-30 ਸਾਲਾਂ ਤੋਂ ਆਪਣੇ ਗੁਰੂ ਮਹਾਤਮਾ ਜਗਤਾਰ ਸਿੰਘ ਜੀ ਕੋਲ ਆ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਪਿੰਡ ਦੇ ਲੋਕ ਡੇਰੇ ਨੂੰ ਹਥਿਆਉਣ ਅਤੇ ਉੱਥੇ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ। ਇਸ ਮਾਮਲੇ ’ਚ ਜਦ ਥਾਣਾ ਮੁੱਖੀ ਭਦੋੜ ਇੰਸਪੈਕਟਰ ਹਰਸਿਮਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ ਹਸਪਤਾਲ ਤਪਾ ਤੋਂ ਰੂਕਾ ਮਿਲਣ ਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਜੋ ਵੀ ਕਾਰਵਾਈ ਹੈ ਅਮਲ ‘ਚ ਲਿਆਂਦੀ ਜਾਵੇਗੀ।
