ਆਰੀਆ ਮਹਿਲਾ ਕਾਲਜ ਦੇ ਗੇਟ ਤੋਂ ਮਹਿਜ਼ 75 ਮੀਟਰ ਦੀ ਦੂਰੀ ''ਤੇ ਖੁੱਲ੍ਹਿਆ ਸ਼ਰਾਬ ਦਾ ਠੇਕਾ, ਖੋਲ੍ਹਿਆ ਮੋਰਚਾ
Sunday, Apr 26, 2026 - 09:32 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੇ ਦਾਅਵਿਆਂ ਦਰਮਿਆਨ ਬਰਨਾਲਾ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਦੇ ਮੁੱਖ ਗੇਟ ਦੇ ਬਿਲਕੁਲ ਨੇੜੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੇ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਸਮਾਜਿਕ ਕਾਰਕੁਨਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਐਤਵਾਰ ਨੂੰ ਬਰਨਾਲਾ ਕਲੱਬ ਦੀ 'ਮੋਰਨਿੰਗ ਟੇਬਲ' 'ਤੇ ਇਹ ਮੁੱਦਾ ਗਰਮਾਇਆ ਰਿਹਾ, ਜਿੱਥੇ ਮੈਂਬਰਾਂ ਨੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਉਠਾਏ ਅਤੇ ਇਸ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ - DA Hike : ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ DA 'ਚ 2% ਦਾ ਵਾਧਾ, ਸਰਕਾਰ ਨੇ ਕਰ 'ਤਾ ਐਲਾਨ
ਮਾਰਨਿੰਗ ਟੇਬਲ ਦੇ ਮੈਂਬਰ ਕੁਲਤਾਰ ਤਾਰੀ ਨੇ ਇਸ ਮੁੱਦੇ ਨੂੰ ਉਠਾਉਂਦਿਆਂ ਕਿਹਾ ਕਿ ਇਹ ਸਥਿਤੀ ਬਹੁਤ ਹੀ ਵਿਰੋਧਾਭਾਸ ਵਾਲੀ ਅਤੇ ਚਿੰਤਾਜਨਕ ਹੈ। ਇੱਕ ਪਾਸੇ ਰਾਜ ਸਰਕਾਰ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਦਾਅਵਾ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੜਕੀਆਂ ਦੇ ਕਾਲਜ ਦੇ ਬਿਲਕੁਲ ਸਾਹਮਣੇ ਸ਼ਰਾਬ ਦਾ ਠੇਕਾ ਖੋਲ੍ਹਣਾ ਇਸ ਮੁਹਿੰਮ ਦਾ ਮਜ਼ਾਕ ਉਡਾਉਣ ਵਾਂਗ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਨਾ ਸਿਰਫ਼ ਵਿਰੋਧਾਭਾਸੀ ਹੈ, ਸਗੋਂ ਸਮਾਜ ਲਈ ਵੀ ਬਹੁਤ ਚਿੰਤਾਜਨਕ ਹੈ, ਖਾਸ ਕਰਕੇ ਜਦੋਂ ਗੱਲ ਵਿਦਿਆਰਥਣਾਂ ਦੀ ਸੁਰੱਖਿਆ ਅਤੇ ਵਾਤਾਵਰਣ ਦੀ ਹੋਵੇ। ਇੱਕ ਪਾਸੇ ਰਾਜ ਸਰਕਾਰ ਨਸ਼ਿਆਂ ਵਿਰੁੱਧ ਲੋਕ ਲਹਿਰ ਚਲਾ ਰਹੀ ਹੈ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਸਰਕਾਰੀ ਇਸ਼ਤਿਹਾਰਾਂ ਵਿੱਚ ਨਸ਼ਾ-ਮੁਕਤੀ ਦੇ ਸੰਦੇਸ਼ ਦਿੱਤੇ ਜਾ ਰਹੇ ਹਨ। ਦੂਜੇ ਪਾਸੇ ਲੜਕੀਆਂ ਦੇ ਕਾਲਜ ਦੇ ਠੀਕ ਸਾਹਮਣੇ ਇੱਕ ਸ਼ਰਾਬ ਦਾ ਠੇਕਾ ਧੜੱਲੇ ਨਾਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ - 30 ਅਪ੍ਰੈਲ ਤੱਕ ਸਕੂਲ ਬੰਦ, ਭਿਆਨਕ ਗਰਮੀ ਨੂੰ ਲੈ ਕੇ MP ਪ੍ਰਸ਼ਾਸਨ ਦਾ ਵੱਡਾ ਫੈਸਲਾ
ਕੁਲਤਾਰ ਤਾਰੀ ਨੇ ਕਿਹਾ ਕਿ ਇਹ ਠੇਕਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਿੱਧੇ ਤੌਰ 'ਤੇ ਮੂੰਹ ਚਿੜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਠੇਕਾ ਨਾ ਸਿਰਫ਼ ਵਿਦਿਅਕ ਸੰਸਥਾ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਿਹਾ ਹੈ, ਸਗੋਂ ਰੋਜ਼ਾਨਾ ਸੈਂਕੜੇ ਵਿਦਿਆਰਥਣਾਂ ਦੇ ਸਵੈ-ਮਾਣ ਅਤੇ ਸੁਰੱਖਿਆ ਨਾਲ ਵੀ ਖਿਲਵਾੜ ਹੋ ਰਿਹਾ ਹੈ। ਜਦੋਂ ਕਾਲਜ ਦੀਆਂ ਵਿਦਿਆਰਥਣਾਂ ਸਵੇਰੇ-ਸ਼ਾਮ ਆਉਂਦੀਆਂ-ਜਾਂਦੀਆਂ ਹਨ, ਤਾਂ ਉਨ੍ਹਾਂ ਨੂੰ ਇਸ ਠੇਕੇ ਦੇ ਸਾਹਮਣੇ ਤੋਂ ਗੁਜ਼ਰਨਾ ਪੈਂਦਾ ਹੈ। ਅਜਿਹੇ 'ਚ ਉੱਥੇ ਖੜ੍ਹੇ ਅਸਮਾਜਿਕ ਤੱਤਾਂ ਦੀ ਮੌਜੂਦਗੀ ਵਿਦਿਆਰਥਣਾਂ ਲਈ ਅਸੁਵਿਧਾਜਨਕ ਅਤੇ ਅਸੁਰੱਖਿਅਤ ਮਾਹੌਲ ਪੈਦਾ ਕਰਦੀ ਹੈ।
ਇਹ ਵੀ ਪੜ੍ਹੋ - 'ਗੋਲੀਬਾਰੀ ਕਰਨ ਵਾਲੇ ਸ਼ੱਕੀ ਕੋਲ ਸਨ ਘਾਤਕ ਹਥਿਆਰ', ਪ੍ਰੈੱਸ ਕਾਫਰੰਸ ਦੌਰਾਨ ਬੋਲੇ ਟਰੰਪ
ਚਿੰਟੂ ਪਾਰਕ ਦਾ ਮਾਹੌਲ ਵੀ ਹੋ ਰਿਹਾ ਦੂਸ਼ਿਤ
ਕੁਲਤਾਰ ਤਾਰੀ ਨੇ ਇਹ ਵੀ ਦੱਸਿਆ ਕਿ ਇਹ ਸ਼ਰਾਬ ਦਾ ਠੇਕਾ ਚਿੰਟੂ ਪਾਰਕ ਦੇ ਵੀ ਬਿਲਕੁਲ ਨੇੜੇ ਸਥਿਤ ਹੈ। ਸ਼ਾਮ ਹੁੰਦੇ ਹੀ ਕੁਝ ਲੋਕ ਇਸ ਠੇਕੇ ਤੋਂ ਸ਼ਰਾਬ ਖਰੀਦ ਕੇ ਪਾਰਕ ਵਿੱਚ ਬੈਠ ਕੇ ਪੀਣ ਲੱਗ ਪੈਂਦੇ ਹਨ। ਇਸ ਕਾਰਨ ਪਾਰਕ ਦਾ ਮਾਹੌਲ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ। ਪਰਿਵਾਰ ਆਪਣੇ ਬੱਚਿਆਂ ਨੂੰ ਲੈ ਕੇ ਪਾਰਕ ਵਿੱਚ ਆਉਣ ਤੋਂ ਕਤਰਾਉਣ ਲੱਗੇ ਹਨ। ਔਰਤਾਂ ਅਤੇ ਬਜ਼ੁਰਗ ਜੋ ਕਦੇ ਸ਼ਾਮ ਦੀ ਸੈਰ ਲਈ ਇੱਥੇ ਆਉਂਦੇ ਸਨ, ਉਹ ਹੁਣ ਇਸ ਪਾਰਕ ਤੋਂ ਦੂਰੀ ਬਣਾ ਰਹੇ ਹਨ। ਜੋ ਪਾਰਕ ਕਦੇ ਪਰਿਵਾਰਾਂ ਦੇ ਮਨੋਰੰਜਨ ਅਤੇ ਸਿਹਤ ਦਾ ਕੇਂਦਰ ਸੀ, ਉਹ ਹੁਣ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਕੇਵਲ ਇੱਕ ਪਾਰਕ ਦੀ ਬਰਬਾਦੀ ਨਹੀਂ ਹੈ, ਸਗੋਂ ਪੂਰੇ ਮੁਹੱਲੇ ਅਤੇ ਸਮਾਜ 'ਤੇ ਇਸ ਦਾ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ।
ਇਹ ਵੀ ਪੜ੍ਹੋ - ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਹਾਈਕਰੋਟ ਦਾ ਵੱਡਾ ਫੈਸਲਾ
ਕਾਨੂੰਨ ਦੀ ਹੋ ਰਹੀ ਖੁੱਲ੍ਹੀ ਉਲੰਘਣਾ
ਇਸ ਮਾਮਲੇ ਵਿੱਚ ਸਭ ਤੋਂ ਗੰਭੀਰ ਪਹਿਲੂ ਇਹ ਹੈ ਕਿ ਇਸ ਠੇਕੇ ਦਾ ਸੰਚਾਲਨ ਸਿੱਧੇ ਤੌਰ 'ਤੇ ਕਾਨੂੰਨ ਦੀ ਉਲੰਘਣਾ ਹੈ। ਕੁਲਤਾਰ ਤਾਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਕਿ ਆਬਕਾਰੀ ਕਾਨੂੰਨ ਅਨੁਸਾਰ ਕਿਸੇ ਵੀ ਵਿਦਿਅਕ ਸੰਸਥਾ ਦੇ ਮੁੱਖ ਪ੍ਰਵੇਸ਼ ਦੁਆਰ ਤੋਂ ਸ਼ਰਾਬ ਦੇ ਠੇਕੇ ਦੇ ਮੁੱਖ ਗੇਟ ਤੱਕ ਘੱਟੋ-ਘੱਟ 100 ਮੀਟਰ ਦੀ ਦੂਰੀ ਲਾਜ਼ਮੀ ਹੈ। ਇਹ ਨਿਯਮ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਪਰ ਬਰਨਾਲਾ ਵਿੱਚ ਇਸ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਦੇ ਪ੍ਰਵੇਸ਼ ਦੁਆਰ ਤੋਂ ਇਸ ਸ਼ਰਾਬ ਦੇ ਠੇਕੇ ਦੀ ਦੂਰੀ ਮਹਿਜ਼ 75 ਮੀਟਰ ਹੈ, ਜੋ ਕਾਨੂੰਨੀ ਮਾਪਦੰਡ ਤੋਂ ਪੂਰੇ 25 ਮੀਟਰ ਘੱਟ ਹੈ। ਇਹ ਸਪੱਸ਼ਟ ਉਲੰਘਣਾ ਹੈ, ਫਿਰ ਵੀ ਪ੍ਰਸ਼ਾਸਨ ਚੁੱਪ ਹੈ। ਕੁਲਤਾਰ ਤਾਰੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਪਤਾ ਨਹੀਂ ਪ੍ਰਸ਼ਾਸਨ ਕਿਉਂ ਆਪਣੀਆਂ ਅੱਖਾਂ ਬੰਦ ਕਰਕੇ ਬੈਠਾ ਹੈ। ਕੀ ਇਸ ਦੇ ਲਈ ਵੀ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰਨਾ ਪਵੇਗਾ?
ਇਹ ਵੀ ਪੜ੍ਹੋ - ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ
ਬੈਠਕ ਵਿੱਚ ਮੌਜੂਦ ਹੋਰ ਮੈਂਬਰਾਂ ਨੇ ਵੀ ਇਸ ਮੁੱਦੇ 'ਤੇ ਆਪਣੀ ਰਾਏ ਰੱਖਦਿਆਂ ਪ੍ਰਸ਼ਾਸਨ ਦੀ ਸੁਸਤੀ 'ਤੇ ਨਾਰਾਜ਼ਗੀ ਜਤਾਈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਠੇਕੇ ਦਾ ਨਹੀਂ ਹੈ, ਸਗੋਂ ਇਹ ਸਮਾਜ ਦੀ ਨੈਤਿਕਤਾ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਨਗਰ ਕੌਂਸਲਰ ਹੇਮਰਾਜ ਗਰਗ ਨੇ ਕਿਹਾ ਕਿ ਸਥਾਨਕ ਲੋਕਾਂ ਵਿੱਚ ਇਸ ਠੇਕੇ ਨੂੰ ਲੈ ਕੇ ਕਾਫ਼ੀ ਅਸੰਤੋਸ਼ ਹੈ ਪਰ ਉਨ੍ਹਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਿਗਮਾ ਕਲੋਨੀ ਦੇ ਪ੍ਰਧਾਨ ਸੰਜੇ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਠੇਕੇ ਸ਼ਹਿਰ ਦੀ ਦਿੱਖ ਨੂੰ ਵੀ ਖਰਾਬ ਕਰਦੇ ਹਨ। ਅਗਰਵਾਲ ਸਭਾ ਦੇ ਸਰਪ੍ਰਸਤ ਪਿਆਰਾ ਲਾਲ ਰਾਏਸਰੀਆ ਅਤੇ ਮੈਂਬਰ ਰਾਜੀਵ ਲੋਚਨ ਮਿਠਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਬੈਠਕ ਵਿੱਚ ਮੌਜੂਦ ਹੋਰ ਮੈਂਬਰਾਂ ਸੁਖਦੇਵ ਲੁਟਾਵਾ, ਜੀਵਨ ਬੰਸਲ ਗੋਲਾ, ਈਸ਼ਾਨ ਗੋਇਲ, ਕ੍ਰਿਸ਼ਨ ਬਿੱਟੂ ਅਤੇ ਗਗਨ ਸੋਹਣ ਨੇ ਵੀ ਇੱਕ ਸੁਰ ਵਿੱਚ ਪ੍ਰਸ਼ਾਸਨ ਤੋਂ ਇਸ ਠੇਕੇ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ। ਮਾਰਨਿੰਗ ਟੇਬਲ ਦੇ ਮੈਂਬਰਾਂ ਨੇ ਅੰਤ ਵਿੱਚ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਇਸ ਠੇਕੇ ਨੂੰ ਉੱਥੋਂ ਹਟਾਵੇ। ਸਥਾਨਕ ਲੋਕਾਂ ਨੂੰ ਹੁਣ ਪ੍ਰਸ਼ਾਸਨ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਹੈ, ਤਾਂ ਜੋ ਇਸ ਸਮੱਸਿਆ ਦਾ ਜਲਦ ਹੱਲ ਹੋ ਸਕੇ।
ਇਹ ਵੀ ਪੜ੍ਹੋ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
