ਬਿਜਲੀ ਮੁਲਾਜ਼ਮਾਂ ਵੱਲੋਂ ਵਰਕ ਟੂ ਰੂਲ ਜਾਰੀ, ਮੰਗਾਂ ਨਾ ਮੰਨੇ ਜਾਣ ''ਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

Wednesday, Apr 15, 2026 - 02:41 PM (IST)

ਬਿਜਲੀ ਮੁਲਾਜ਼ਮਾਂ ਵੱਲੋਂ ਵਰਕ ਟੂ ਰੂਲ ਜਾਰੀ, ਮੰਗਾਂ ਨਾ ਮੰਨੇ ਜਾਣ ''ਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

ਮਹਿਲ ਕਲਾਂ (ਹਮੀਦੀ): ਸਾਂਝੀ ਸੰਘਰਸ਼ ਕਮੇਟੀ ਸਬ-ਡਵੀਜ਼ਨ ਮਹਿਲ ਕਲਾਂ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਇੰਜ: ਜਸਵਿੰਦਰ ਸਿੰਘ ਚੰਨਣਵਾਲ ਦੀ ਅਗਵਾਈ ਹੇਠ ਐੱਸ.ਡੀ.ਓ. ਪਾਵਰਕਾਮ ਮਹਿਲ ਕਲਾਂ ਨੂੰ ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਵੱਲੋਂ ਉਲੀਕੇ ਸੰਘਰਸ਼ ਪ੍ਰੋਗਰਾਮ ਤਹਿਤ 11 ਅਪ੍ਰੈਲ ਤੋਂ 25 ਅਪ੍ਰੈਲ ਤੱਕ ਵਰਕ ਟੂ ਰੂਲ ਲਾਗੂ ਕਰਨ ਦਾ ਨੋਟਿਸ ਦਿੱਤਾ ਗਿਆ। ਇੰਜ: ਜਸਵਿੰਦਰ ਸਿੰਘ ਚੰਨਣਵਾਲ ਨੇ ਦੱਸਿਆ ਕਿ ਮਹਿਲ ਕਲਾਂ ਦੇ ਬਿਜਲੀ ਕਾਮੇ ਪੂਰੀ ਤਨਦੇਹੀ ਨਾਲ ਵਰਕ ਟੂ ਰੂਲ ਲਾਗੂ ਕਰ ਰਹੇ ਹਨ। 

ਐੱਮ.ਐੱਸ.ਯੂ. ਆਗੂ ਅਮਰਿੰਦਰ ਸਿੰਘ ਵੜੈਚ ਨੇ ਕਿਹਾ ਕਿ ਪਾਵਰਕਾਮ ਪ੍ਰਬੰਧਨ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਵਿਚ ਟਾਲਮਟੋਲ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ ਵਜੋਂ ਸਮੁੱਚੇ ਪੰਜਾਬ ਵਿਚ ਬਿਜਲੀ ਮੁਲਾਜ਼ਮ ਆਪਣੀ ਡਿਊਟੀ ਸਿਰਫ਼ ਅੱਠ ਘੰਟੇ ਵਰਕ ਟੂ ਰੂਲ ਅਨੁਸਾਰ ਹੀ ਕਰ ਰਹੇ ਹਨ ਅਤੇ ਇਸ ਤੋਂ ਇਲਾਵਾ ਕੋਈ ਵਾਧੂ ਕੰਮ ਨਹੀਂ ਕਰਨਗੇ। ਫੋਨ ਦੀ ਵਰਤੋਂ ਵੀ ਨਿਰਧਾਰਿਤ ਅੱਠ ਘੰਟਿਆਂ ਤੱਕ ਹੀ ਸੀਮਿਤ ਰਹੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ 16 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਵਿਚ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਬਿਜਲੀ ਮੁਲਾਜ਼ਮ ਪੰਜਾਬ ਪੱਧਰ ‘ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਸ ਨਾਲ ਹੋਣ ਵਾਲੇ ਨੁਕਸਾਨ ਲਈ ਪਾਵਰਕਾਮ ਪ੍ਰਬੰਧਨ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਏ.ਜੇ.ਓ. ਦੇ ਆਗੂ ਇੰਜ ਬਿਕਰਮਜੀਤ ਸਿੰਘ ਮੋਹਿਲ, ਟੀ.ਐੱਸ.ਯੂ. ਸਰਕਲ ਬਰਨਾਲਾ ਦੇ ਸਕੱਤਰ ਕੁਲਵੀਰ ਸਿੰਘ ਔਲਖ, ਗਗਨਦੀਪ ਸਿੰਘ ਛੀਨੀਵਾਲ ਕਲਾਂ, ਸੁਖਵਿੰਦਰ ਸਿੰਘ ਚੁਹਾਣਕੇ ਕਲਾਂ ਅਤੇ ਕਿਰਨਜੀਤ ਸਿੰਘ ਸੰਘੇੜਾ ਹਾਜ਼ਰ ਸਨ।


author

Anmol Tagra

Content Editor

Related News