ਸੁਵਿਧਾ ਕੇਂਦਰ ਤੋਂ ਪਰਤ ਰਹੇ ਨੂੰਹ-ਸਹੁਰੇ ਨਾਲ ਵਾਪਰਿਆ ਹਾਦਸਾ! 2 ਬੱਚੀਆਂ ਸਿਰੋਂ ਉੱਠਿਆ ਮਾਂ ਦਾ ਸਾਇਆ

Tuesday, Apr 21, 2026 - 12:49 PM (IST)

ਸੁਵਿਧਾ ਕੇਂਦਰ ਤੋਂ ਪਰਤ ਰਹੇ ਨੂੰਹ-ਸਹੁਰੇ ਨਾਲ ਵਾਪਰਿਆ ਹਾਦਸਾ! 2 ਬੱਚੀਆਂ ਸਿਰੋਂ ਉੱਠਿਆ ਮਾਂ ਦਾ ਸਾਇਆ

ਤਪਾ ਮੰਡੀ (ਸ਼ਾਮ, ਗਰਗ)- ਤਪਾ-ਢਿਲਵਾਂ ਰੋਡ ਸਥਿਤ ਗੈਸ ਏਜੰਸੀ ਦੇ ਕੋਲ ਅੱਜ ਸਵੇਰੇ ਇਕ ਬਹੁਤ ਹੀ ਦੁਖਦਾਈ ਹਾਦਸਾ ਵਾਪਰ ਗਿਆ, ਜਿਸ ਵਿਚ ਸਕੂਟੀ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਉਸ ਦਾ ਸਹੁਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਹਿਚਾਣ ਸਿਮਰਨਜੀਤ ਕੌਰ ਪਤਨੀ ਹਰਦੇਵ ਸਿੰਘ ਵਾਸੀ ਢਿਲਵਾਂ ਵਜੋਂ ਹੋਈ ਹੈ, ਜੋ ਆਪਣੇ ਸਹੁਰੇ ਗੁਰਮੇਲ ਸਿੰਘ ਨਾਲ ਸਕੂਟੀ ‘ਤੇ ਸਵਾਰ ਹੋਕੇ ਦੋਵੇਂ ਸੁਵਿਧਾ ਕੇਂਦਰ ਤੋਂ ਵਾਪਸ ਆਪਣੇ ਪਿੰਡ ਵੱਲ ਜਾ ਰਹੇ ਸਨ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੱਛੋਂ ਆ ਰਹੇ ਇਕ ਟਰੱਕ ਨੇ ਅਚਾਨਕ ਬ੍ਰੇਕ ਲਗਾਈ, ਜਿਸ ਕਾਰਨ ਸੰਤੁਲਨ ਵਿਗੜ ਗਿਆ ਅਤੇ ਸਿਮਰਨਜੀਤ ਕੌਰ ਸਕੂਟੀ ਤੋਂ ਡਿੱਗ ਕੇ ਟਰੱਕ ਦੇ ਹੇਠਾਂ ਆ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦਾ ਸਿਰ ਬੁਰੀ ਤਰ੍ਹਾਂ ਕੁਚਲ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਗੁਰਮੇਲ ਸਿੰਘ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੀ ਐਬੂਲੈਂਸ ਰਾਹੀ ਤੁਰੰਤ ਸਿਵਲ ਹਸਪਤਾਲ ਤਪਾ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਦੇ ਇੰਚਾਰਜ ਬਲਜੀਤ ਸਿੰਘ ਢਿਲੋਂ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਿਕ ਮੈਂਬਰ ਵੀ ਪਹੁੰਚ ਗਏ।
 
ਇਸ ਤੋਂ ਇਲਾਵਾ, ਸਮਾਜਿਕ ਸੰਸਥਾਵਾਂ ਦੇ ਮੈਂਬਰ ਵੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਮ੍ਰਿਤਕਾ ਦੀ ਲਾਸ਼ ਨੂੰ ਹਸਪਤਾਲ ਪਹੁੰਚਾਉਣ ਵਿਚ ਸਹਾਇਤਾ ਕੀਤੀ। ਬਾਅਦ ਵਿਚ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਰੂਮ ਬਰਨਾਲਾ ਭੇਜ ਦਿੱਤਾ ਗਿਆ। ਮੌਕੇ ਤੋਂ ਟਰੱਕ ਚਾਲਕ ਵਾਹਨ ਸਣੇ ਫਰਾਰ ਹੋ ਗਿਆ ਪਰ ਲੋਕਾਂ ਅਨੁਸਾਰ ਟਰੱਕ ਨੂੰ ਅੱਗੇ ਜਾਕੇ ਰੋਕ ਲਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਆਪਣੇ ਪਿੱਛੇ ਦੋ ਛੋਟੀਆਂ-ਛੋਟੀਆਂ ਬੇਟੀਆਂ ਛੱਡ ਗਈ ਹੈ।
 


author

Anmol Tagra

Content Editor

Related News