ਪੰਜਾਬ ''ਚ 24 ਤੇ 25 ਅਪ੍ਰੈਲ ਲਈ ਵੱਡੀ ਭਵਿੱਖਬਾਣੀ! ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
Thursday, Apr 23, 2026 - 12:06 PM (IST)
ਜਲੰਧਰ (ਪੁਨੀਤ)- ਮਹਾਨਗਰ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਦੁਪਹਿਰ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ ਵਿਚ 2 ਡਿਗਰੀ ਦੇ ਕਰੀਬ ਵਾਧਾ ਦਰਜ ਕੀਤਾ ਗਿਆ ਹੈ। ਇਸ ਕਾਰਨ ਗਰਮੀ ਦਾ ਜ਼ੋਰ ਦਿਖਾਈ ਦਿੱਤਾ ਹੈ ਅਤੇ ਬੀਤੇ ਦਿਨ ਦੇ ਮੁਕਾਬਲੇ ਸੜਕਾਂ ’ਤੇ ਆਵਾਜਾਈ ਵੀ ਘੱਟ ਰਹੀ। ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਤੱਕ ਪਹੁੰਚ ਚੁੱਕਾ ਹੈ, ਜੋ ਕਿ ਫਰੀਦਕੋਟ ਵਿਚ ਰਿਕਾਰਡ ਕੀਤਾ ਗਿਆ ਹੈ। ਉਥੇ ਹੀ ਮਹਾਨਗਰ ਜਲੰਧਰ ਵਿਚ 40 ਡਿਗਰੀ ਵੱਧ ਤੋਂ ਵੱਧ ਤਾਪਮਾਨ ਨਾਲ ਹਾਲ ਬੇਹਾਲ ਹੋ ਰਿਹਾ ਹੈ, ਜਦਕਿ ਦੁਪਹਿਰ ਦਾ ਔਸਤ ਤਾਪਮਾਨ 38 ਡਿਗਰੀ ਰਿਕਾਰਡ ਕੀਤਾ ਗਿਆ ਹੈ।
ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ 24-25 ਅਪ੍ਰੈਲ ਨੂੰ ਹੀਟ ਵੇਵ (ਗਰਮ ਹਵਾਵਾਂ) ਅਤੇ 26-27 ਅਪ੍ਰੈਲ ਨੂੰ ਹਨੇਰੀ-ਤੂਫ਼ਾਨ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਕ ਮਹਾਨਗਰ ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹਨੇਰੀ-ਤੂਫ਼ਾਨ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਦੂਜੇ ਪਾਸੇ, ਵਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ ਵਿਚ ਅਚਾਨਕ ਵਾਧਾ ਹੋਇਆ ਹੈ ਅਤੇ ਕਈ ਇਲਾਕਿਆਂ ਵਿਚ ਲੱਗਣ ਵਾਲੇ ਬਿਜਲੀ ਕੱਟਾਂ ਕਾਰਨ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਿਜਲੀ ਖ਼ਰਾਬੀ ਦੇ ਮਾਮਲੇ ਪਿਛਲੇ ਦਿਨਾਂ ਵਿਚ ਲਗਾਤਾਰ ਵਧਦੇ ਨਜ਼ਰ ਆ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਸਮੱਸਿਆ ਹੋਰ ਗੰਭੀਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਾਣਕਾਰਾਂ ਦਾ ਕਹਿਣਾ ਹੈ ਕਿ ਏ. ਸੀ. ਦੀ ਵਰਤੋਂ ਵਧਣ ਨਾਲ ਬਿਜਲੀ ਦੀ ਮੰਗ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੀ ਮੰਗ ਹੋਰ ਵਧਣ ਵਾਲੀ ਹੈ।
ਬਾਜ਼ਾਰਾਂ ਵਿਚ ਗਾਹਕਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ, ਜਦਕਿ ਦੁਪਹਿਰ ਦੇ ਸਮੇਂ ਬਾਜ਼ਾਰਾਂ ਵਿਚ ਬੰਦ ਵਰਗਾ ਮਾਹੌਲ ਨਜ਼ਰ ਆ ਰਿਹਾ ਹੈ। ਗਾਹਕ ਸ਼ਾਮ 6 ਵਜੇ ਤੋਂ ਬਾਅਦ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ, ਜਦਕਿ ਦੁਪਹਿਰ ਦੇ ਸਮੇਂ ਲੋਕਾਂ ਵੱਲੋਂ ਖਰੀਦਦਾਰੀ ਬਹੁਤ ਘੱਟ ਕਰ ਦਿੱਤੀ ਗਈ ਹੈ। ਇਸ ਕਾਰਨ ਮੁੱਖ ਬਾਜ਼ਾਰਾਂ ਵਿਚ ਕਈ ਦੁਕਾਨਦਾਰਾਂ ਵੱਲੋਂ ਦੁਪਹਿਰ ਦੇ ਸਮੇਂ ਅੱਧੇ ਸ਼ਟਰ ਬੰਦ ਕੀਤੇ ਜਾ ਰਹੇ ਹਨ। ਗਾਹਕ ਨਾ ਹੋਣ ਕਾਰਨ ਦੁਕਾਨਦਾਰ ਅੰਦਰ ਆਰਾਮ ਕਰਦੇ ਹੋਏ ਨਜ਼ਰ ਆਉਂਦੇ ਹਨ।
ਤਿੱਖੀ ਧੁੱਪ ਤੋਂ ਕਰੋ ਬਚਾਅ
ਤਾਪਮਾਨ ਵਿਚ ਫਿਲਹਾਲ 2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਪਰ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੀ ਤਿੱਖੀ ਧੁੱਪ ਤੋਂ ਬਚਾਅ ਕਰਨਾ ਚਾਹੀਦਾ ਹੈ। ਹਾਲਾਤ ਅਜਿਹੇ ਬਣ ਰਹੇ ਹਨ ਕਿ ਧੁੱਪ ਵਿਚ ਖੜ੍ਹੇ ਹੋਣਾ ਵੀ ਔਖਾ ਹੋ ਰਿਹਾ ਹੈ। ਅਜਿਹੇ ਵਿਚ ਲੋਕ ਛੱਤਰੀ ਲੈ ਕੇ ਜਾਂ ਮੂੰਹ ਢੱਕ ਕੇ ਜਾਂਦੇ ਹੋਏ ਦੇਖੇ ਜਾ ਸਕਦੇ ਹਨ। ਵਧ ਰਹੀ ਗਰਮੀ ਦਰਮਿਆਨ ਸਾਵਧਾਨੀ ਅਪਣਾਉਣੀ ਚਾਹੀਦੀ ਹੈ ਅਤੇ ਬੱਚਿਆਂ ਦਾ ਖ਼ਾਸ ਤੌਰ ’ਤੇ ਬਚਾਅ ਕਰਨਾ ਚਾਹੀਦਾ ਹੈ।
