ਫਿਰੋਜ਼ਪੁਰ ''ਚ ਕਿਸਾਨਾਂ ਨੇ ਥਾਂ-ਥਾਂ ਲਾਏ ਜਾਮ, ਰੇਲਵੇ ਵਿਭਾਗ ਨੇ ਰੱਦ ਕੀਤੀਆਂ ਕਈ ਟਰੇਨਾਂ

Monday, Sep 27, 2021 - 02:45 PM (IST)

ਫਿਰੋਜ਼ਪੁਰ ''ਚ ਕਿਸਾਨਾਂ ਨੇ ਥਾਂ-ਥਾਂ ਲਾਏ ਜਾਮ, ਰੇਲਵੇ ਵਿਭਾਗ ਨੇ ਰੱਦ ਕੀਤੀਆਂ ਕਈ ਟਰੇਨਾਂ

ਫਿਰੋਜ਼ਪੁਰ (ਕੁਮਾਰ) : ਸੰਯੁਕਤ ਕਿਸਾਨ ਮੋਰਚਾ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 'ਭਾਰਤ ਬੰਦ' ਦੇ ਸੱਦੇ ’ਤੇ ਅੱਜ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਮੁਕੰਮਲ ਤੌਰ ’ਤੇ ਬੰਦ ਰਿਹਾ। ਬਾਜ਼ਾਰਾਂ ਵਿਚ ਦੁਕਾਨਾਂ ਬੰਦ ਰਹੀਆਂ ਅਤੇ ਥਾਂ-ਥਾਂ ਕਿਸਾਨਾਂ ਵੱਲੋਂ ਰੋਸ ਧਰਨੇ ਦਿੰਦੇ ਹੋਏ ਮੁਕੰਮਲ ਤੌਰ ’ਤੇ ਜਾਮ ਲਗਾਇਆ ਗਿਆ। ਫਿਰੋਜ਼ਪੁਰ ਛਾਉਣੀ ਵਿੱਚ ਚੁੰਗੀ ਨੰਬਰ-7 ’ਤੇ ਕਿਸਾਨਾ ਨੇ ਜ਼ਬਰਦਸਤ ਧਰਨਾ ਦਿੱਤਾ, ਜਿਸ ਨਾਲ ਫਾਜ਼ਿਲਕਾ ਅਬੋਹਰ, ਸ੍ਰੀ ਗੰਗਾਨਗਰ, ਹਨੂੰਮਾਨਗੜ੍ਹ ਅਤੇ ਜਲੰਧਰ, ਲੁਧਿਆਣਾ, ਬਠਿੰਡਾ, ਮੁਕਤਸਰ, ਮਲੋਟ ਆਦਿ ਨੂੰ ਜਾਣ ਵਾਲੀਆਂ ਸੜਕਾਂ ’ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਲੋਕ ਪਰੇਸ਼ਾਨ ਹੋਏ।

ਇਸ ਬੰਦ ਦੌਰਾਨ ਕੈਮਿਸਟ ਦੀਆਂ ਦੁਕਾਨਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ। ਕਿਸਾਨ ਇਕੱਠੇ ਹੋ ਕੇ ਖੁੱਲ੍ਹੀਆਂ ਦੁਕਾਨਾਂ, ਸਕੂਲਾਂ, ਬੈਂਕਾਂ, ਦਫ਼ਤਰਾਂ ਅਤੇ ਹੋਰ ਅਦਾਰਿਆਂ ਨੂੰ ਬੰਦ ਕਰਵਾਉਂਦੇ ਵੇਖੇ ਗਏ। ਮੋਟਰਸਾਈਕਲਾਂ, ਸਕੂਟਰਾਂ, ਕਾਰਾਂ, ਜੀਪਾਂ ਅਤੇ ਟਰੈਕਟਰ ਟਰਾਲੀਆਂ ’ਤੇ ਕਿਸਾਨ ਅੰਦੋਲਨ ਦੇ ਝੰਡੇ ਲਗਾਈ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਬਣਾਏ ਗਏ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਅਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁੰਰਤ ਮੰਨੀਆਂ ਜਾਣ। ਫ਼ਿਰੋਜ਼ਪੁਰ ਵਿੱਚ ਕਈ ਕਿਸਾਨ ਰੇਲਵੇ ਲਾਈਨਾਂ ’ਤੇ ਬੈਠੇ ਅਤੇ ਰੇਲਵੇ ਸਟੇਸ਼ਨਾਂ ’ਤੇ ਧਰਨੇ ਲਗਾਉਂਦੇ ਹੋਏ ਕਈ ਥਾਵਾਂ ’ਤੇ ਰੇਲ ਗੱਡੀਆਂ ਨੂੰ ਵੀ ਰੋਕਿਆ ਗਿਆ। ਕਿਸਾਨਾਂ ਦੇ ਅੰਦੋਲਨ ਅਤੇ ਬੰਦ ਦੇ ਮੱਦੇਨਜ਼ਰ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ।

ਅੱਜ ਦੇ ਭਾਰਤ ਬੰਦ ਅਤੇ ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਵੱਲੋਂ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ ਬੱਸਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਬੰਦ ਦੇ ਕਾਰਨ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜਿਨ੍ਹਾਂ ਨੂੰ ਆਪਣੇ ਦਫ਼ਤਰਾਂ ਜਾਂ ਹੋਰ ਸ਼ਹਿਰਾਂ ਵਿੱਚ ਪਹੁੰਚਣਾ ਪਿਆ, ਉਹ ਅੱਜ ਸਵੇਰੇ 6 ਵਜੇ ਤੋਂ ਪਹਿਲਾਂ ਆਪਣੇ ਟਿਕਾਣਿਆਂ ’ਤੇ ਪਹੁੰਚ ਗਏ। ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ, ਮੱਲਾਂਵਾਲਾ, ਗੁਰਦੁਆਰਾ ਪ੍ਰਗਟ ਸਾਹਿਬ ਦੇ ਨੇੜੇ, ਪਿੰਡ ਖੋਸਾ ਦਲ ਸਿੰਘ, ਗੋਲੂ ਕਾ ਮੋੜ, ਪਿੰਡ ਲਹਿਰਾ ਰੋਹੀ, ਖੋਸਾ ਦਲ ਸਿੰਘ, ਪਿੰਡ ਵਲੂਰ, ਪਿੰਡ ਕੁਲਗੜ੍ਹੀ, ਖਾਈ ਰੋਡ, ਆਰਿਫ ਕੇ, ਪਿੰਡ ਸ਼ਕੂਰ, ਲਹਿਰਾ ਬੇਟ, ਬੰਗਾਲੀ ਵਾਲਾ ਪੁਲ ਆਦਿ ਵਿਚ ਕਿਸਾਨਾਂ ਵੱਲੋਂ ਧਰਨਾ ਲਗਾਉਂਦੇ ਸਮੇਂ ਟ੍ਰੈਫਿਕ ਜਾਮ ਕੀਤਾ ਗਿਆ। 


author

Babita

Content Editor

Related News