DRI ਤੇ ਕਸਟਮ ਵਿਭਾਗ ਨੇ ਫਰਵਰੀ ਮਹੀਨੇ ’ਚ ਫੜੀਆਂ 1 ਕਰੋੜ ਦੀਆਂ ਸਿਗਰਟਾਂ, ਏਅਰਪੋਰਟ ਤੋਂ ਫੜੇ ਜਾਂਦੇ ਲੋਕ
Monday, Mar 02, 2026 - 01:46 PM (IST)
ਅੰਮ੍ਰਿਤਸਰ (ਨੀਰਜ)-ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਵਿਦੇਸ਼ੀ ਸਿਗਰਟਾਂ ਦੀ ਆਮਦ ਵਿਚ ਭਾਰੀ ਵਾਧਾ ਹੋ ਰਿਹਾ ਹੈ। ਇਸਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਡੀ.ਆਰ.ਆਈ. ਅਤੇ ਕਸਟਮ ਵਿਭਾਗ ਵਲੋਂ ਫਰਵਰੀ ਮਹੀਨੇ ਦੌਰਾਨ ਵੱਖ-ਵੱਖ ਕੇਸਾਂ ਵਿਚ ਲਗਭਗ ਇਕ ਕਰੋੜ ਰੁਪਏ ਦੇ ਵੱਖ-ਵੱਖ ਬ੍ਰਾਂਡਾਂ ਦੀਆਂ ਵਿਦੇਸ਼ੀ ਸਿਗਰਟਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਪਰ ਇਸਦਾ ਮੁੱਖ ਕਿੰਗਪਿਨ ਕੌਣ ਹੈ, ਇਸ ਬਾਰੇ ਵਿਭਾਗ ਨੂੰ ਪਤਾ ਨਹੀਂ ਹੈ ਕਿਉਂਕਿ ਵੱਖ-ਵੱਖ ਕੇਸਾਂ ਵਿਚ ਵੱਖ-ਵੱਖ ਲੋਕ ਏਅਰਪੋਰਟ ’ਤੇ ਫੜੇ ਜਾ ਰਹੇ ਹਨ। ਅਜਿਹਾ ਵੀ ਨਹੀਂ ਹੈ ਕਿ ਫੜੇ ਜਾਣ ਵਾਲੇ ਲੋਕ ਕਿਸੇ ਇਕ ਵਿਅਕਤੀ ਲਈ ਕੰਮ ਕਰ ਰਹੇ ਹਨ। ਬੀਤੇ ਦਿਨੀਂ ਵੀ ਵਿਭਾਗ ਵੱਲੋਂ 89.33 ਲੱਖ ਰੁਪਏ ਦੇ ਆਈਫ਼ੋਨ ਫੜੇ ਜਾ ਚੁੱਕੇ ਹਨ ਅਤੇ ਇਨ੍ਹਾਂ ਦੇ ਨਾਲ ਵਿਦੇਸ਼ੀ ਸਿਗਰਟਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਜਾਣਕਾਰਾਂ ਦੀ ਮੰਨੀਏ ਤਾਂ ਵਿਦੇਸ਼ੀ ਸਿਗਰਟਾਂ ਦੀ ਭਾਰਤ ਵਿਚ ਕਾਫ਼ੀ ਡਿਮਾਂਡ ਹੋਣ ਕਾਰਨ ਇਹ ਹੱਥੋਂ-ਹੱਥ ਵਿਕ ਜਾਂਦੀਆਂ ਹਨ ਅਤੇ ਇਸ ਵਿਚ ਮੁਨਾਫ਼ਾ ਵੀ ਕਾਫ਼ੀ ਰਹਿੰਦਾ ਹੈ, ਜਿਸਦੇ ਚਲਦਿਆਂ ਇਸਦੀ ਤਸਕਰੀ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਫਲਾਈਟਾਂ ਨੂੰ ਲੈ ਕੇ ਅਹਿਮ ਖ਼ਬਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਰੱਦ ਹੋਈਆਂ ਮੁੱਖ ਉਡਾਣਾਂ, ਦੇਖੋ ਰਿਪੋਰਟ
ਫ਼ਿਲਮਾਂ ਤੋਂ ਪ੍ਰਭਾਵਿਤ ਨੌਜਵਾਨ ਵਿਦੇਸ਼ੀ ਸਿਗਰਟਾਂ ਦੇ ਸ਼ੌਕੀਨ
ਵਿਦੇਸ਼ੀ ਸਿਗਰਟਾਂ ਦੇ ਸ਼ੌਕੀਨ ਵੈਸੇ ਤਾਂ ਹਰ ਉਮਰ ਵਰਗ ਵਿਚ ਹਨ, ਪਰ ਫ਼ਿਲਮਾਂ ਤੋਂ ਪ੍ਰਭਾਵਿਤ ਨੌਜਵਾਨ ਵਿਦੇਸ਼ੀ ਸਿਗਰਟਾਂ ਦੇ ਜ਼ਿਆਦਾ ਸ਼ੌਕੀਨ ਹਨ। ਹਾਲਾਂਕਿ ਸ਼ੁਰੂਆਤ ਵਿਚ ਸਿਗਰਟ ਅਤੇ ਇਸ ਤੋਂ ਬਾਅਦ ਹੋਰ ਵੱਡੇ ਨਸ਼ਿਆਂ ਦੀ ਕਦੋਂ ਆਦਤ ਪੈ ਜਾਵੇ, ਇਸਦਾ ਪਤਾ ਵੀ ਨਹੀਂ ਚੱਲਦਾ। ਡਾਕਟਰਾਂ ਅਨੁਸਾਰ ਸ਼ੁਰੂਆਤ ਵਿਚ ਹੀ ਜੇਕਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸੰਭਾਲ ਲੈਣ ਤਾਂ ਖ਼ਤਰਨਾਕ ਹਾਲਾਤਾਂ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਹੈਰੋਇਨ, ਕੋਕੀਨ ਅਤੇ ਹੋਰ ਨਸ਼ੇ ਆਸਾਨੀ ਨਾਲ ਛੁੱਟਦੇ ਨਹੀਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ
ਆਸਾਨੀ ਨਾਲ ਜ਼ਮਾਨਤ ਮਿਲਣ ਕਾਰਨ ਖ਼ੌਫ਼ ਘੱਟ
ਡੀ. ਆਰ. ਆਈ. ਜਾਂ ਕਸਟਮ ਵਿਭਾਗ ਜਦੋਂ ਵੀ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੋਂ ਵਿਦੇਸ਼ੀ ਸਿਗਰਟਾਂ ਜ਼ਬਤ ਕਰਦਾ ਹੈ, ਤਾਂ ਸਿਗਰਟ ਜ਼ਬਤ ਕਰਨ ਤੋਂ ਬਾਅਦ ਲੋਕਾਂ ਨੂੰ ਜ਼ਮਾਨਤ (ਬੇਲ) ’ਤੇ ਛੱਡ ਦਿੰਦਾ ਹੈ ਅਤੇ ਸਾਮਾਨ ਜ਼ਬਤ ਕਰ ਲੈਂਦਾ ਹੈ। ਵੱਡਾ ਕੇਸ ਨਾ ਹੋਣ ਕਾਰਨ ਤਸਕਰਾਂ ਵਿਚ ਇਹ ਖ਼ੌਫ਼ ਨਹੀਂ ਹੁੰਦਾ ਕਿ ਜੇਲ੍ਹ ਜਾਣਾ ਪਵੇਗਾ, ਜਿਸਦੇ ਚਲਦਿਆਂ ਸਿਗਰਟਾਂ ਦੀ ਆਮਦ ਲਗਾਤਾਰ ਜਾਰੀ ਰਹਿੰਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਮਾਰਚ 'ਚ ਹੀ ਪਵੇਗੀ ਮਈ ਵਰਗੀ ਗਰਮੀ
ਹਾਈਡ੍ਰੌਲਿਕ ਗਾਂਜੇ ਦੀ ਆਮਦ ਵਿਚ ਵੀ ਵਾਧਾ
ਵਿਦੇਸ਼ੀ ਸਿਗਰਟਾਂ ਦੇ ਨਾਲ-ਨਾਲ ਅੰਮ੍ਰਿਤਸਰ ਏਅਰਪੋਰਟ ’ਤੇ ਹਾਈਡ੍ਰੌਲਿਕ ਗਾਂਜੇ ਦੀ ਆਮਦ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ ਅਤੇ ਵਿਭਾਗਾਂ ਨੇ ਇਸਦੇ ਕਾਫ਼ੀ ਕੇਸ ਵੀ ਬਣਾਏ ਹਨ। ਪਿਛਲੇ ਦੋ-ਤਿੰਨ ਸਾਲਾਂ ਤੋਂ ਹਾਈਡ੍ਰੌਲਿਕ ਗਾਂਜੇ ਦੀ ਆਮਦ ਹੋਣੀ ਸ਼ੁਰੂ ਹੋਈ ਹੈ, ਜਦਕਿ ਇਸ ਤੋਂ ਪਹਿਲਾਂ ਸੋਨੇ ਦੀ ਤਸਕਰੀ ਦੇ ਜ਼ਿਆਦਾ ਚਰਚੇ ਰਹਿੰਦੇ ਸਨ ਅਤੇ ਕਈ ਵਾਰ ਤਾਂ ਏਅਰਪੋਰਟ ’ਤੇ ਤਾਇਨਾਤ ਅਧਿਕਾਰੀ ਅਤੇ ਕਰਮਚਾਰੀ ਹੀ ਸੋਨੇ ਦੀ ਤਸਕਰੀ ਵਿਚ ਫੜੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ, ਕਿਹਾ 'ਰਾਜਨੀਤੀ ਖ਼ਤਮ ਕਰਕੇ ਸੰਤਾਂ ਦੀ ਸੇਵਾ ਬਹੁਤ ਹੈ'
ਕਈ ਬਾਰਾਂ ਵਿਚ ਚੋਰੀ-ਛਿਪੇ ਚੱਲ ਰਹੇ ਹੁੱਕਾ ਬਾਰ
ਪਾਬੰਦੀ ਦੇ ਬਾਵਜੂਦ ਅਜੇ ਵੀ ਕਈ ਬਾਰਾਂ ਵਿਚ ਨੌਜਵਾਨਾਂ ਨੂੰ ਹੁੱਕਾ ਪਿਲਾਇਆ ਜਾ ਰਿਹਾ ਹੈ। ਹਾਲ ਹੀ ਵਿਚ ਐੱਨ. ਸੀ. ਬੀ. ਦੀ ਟੀਮ ਵੱਲੋਂ ਏਅਰਪੋਰਟ ਰੋਡ 'ਤੇ ਸਥਿਤ ਕੁਝ ਵੱਡੇ ਕਲੱਬਾਂ ਤੋਂ ਹੁੱਕੇ ਜ਼ਬਤ ਕੀਤੇ ਗਏ ਸਨ। ਇਹ ਅਦਾਰੇ ਰਾਤ ਦੇ ਸਮੇਂ ਆਲੀਸ਼ਾਨ ਪਾਰਟੀਆਂ ਦੇਣ ਲਈ ਮਸ਼ਹੂਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
