ਜਬਰ-ਜ਼ਨਾਹ ਪੀੜਤ ਬੱਚੀਅਾਂ ਦੇ ਪਰਿਵਾਰ ਨੇ ਨੈਸ਼ਨਲ ਹਾਈਵੇ ਕੀਤਾ ਜਾਮ

Sunday, Jul 08, 2018 - 08:08 AM (IST)

ਜਬਰ-ਜ਼ਨਾਹ ਪੀੜਤ ਬੱਚੀਅਾਂ ਦੇ ਪਰਿਵਾਰ ਨੇ ਨੈਸ਼ਨਲ ਹਾਈਵੇ ਕੀਤਾ ਜਾਮ

ਖਨੌਰੀ (ਜ. ਬ.) –  ਸ਼ਹਿਰ ਦੇ ਵਿਚਕਾਰੋਂ ਲੰਘਦੇ ਕੌਮੀ ਸ਼ਾਹ ਰਾਹ ਨੰਬਰ 71 (ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ) ’ਤੇ ਜਬਰ-ਜ਼ਨਾਹ ਪੀਡ਼ਤ ਬੱਚੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਬਜਰੰਗ ਦਲ ਦੇ ਸਥਾਨਕ ਵਰਕਰਾਂ ਨੇ ਕਰੀਬ ਇਕ ਘੰਟਾ ਜਾਮ ਲਾਈ ਰੱਖਿਆ, ਜਿਸ ਕਾਰਨ ਹਾਈਵੇ ’ਤੇ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ। ਇੱਥੇ ਦੱਸਣਾ ਬਣਦਾ ਹੈ ਕਿ ਇਲਾਕੇ  ’ਚ ਦੋ ਦਿਨ ਪਹਿਲਾਂ 12 ਅਤੇ 13 ਸਾਲ ਦੀਆਂ 2 ਸੱਤਵੀਂ ਜਮਾਤ ਦੀਆਂ  ਬੱਚੀਅਾਂ ਨਾਲ ਜਬਰ-ਜ਼ਨਾਹ ਹੋਇਆ ਸੀ ਅਤੇ ਪੁਲਸ ਵੱਲੋਂ ਇਕ ਬੱਚੀ ਦੀ ਮਾਂ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਰਾਮ ਨਿਵਾਸ ਗਰਗ ਸਾਬਕਾ ਨਗਰ ਪੰਚਾਇਤ ਪ੍ਰਧਾਨ ਨੇ ਕਿਹਾ ਕਿ ਅਜੇ ਪਰਿਵਾਰ ਸਦਮੇ ’ਚੋਂ ਬਾਹਰ ਨਹੀਂ ਨਿਕਲਿਆ ਕਿ ਉਨ੍ਹਾਂ ਨੂੰ ਰਾਜ਼ੀਨਾਮਾ ਕਰਨ ਲਈ ਧਮਕੀਆਂ ਵੀ ਮਿਲਣੀਅਾਂ ਸ਼ੁਰੂ ਹੋ ਗਈਆਂ ਹਨ,  ਜਿਸ ਕਾਰਨ ਪੀਡ਼ਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਾਨੂੰ ਇੱਥੇ ਜਾਮ ਲਾਉਣਾ ਪੈ ਰਿਹਾ ਹੈ।  ਉਨ੍ਹਾਂ  ਮੰਗ  ਕੀਤੀ  ਕਿ ਪੀਡ਼ਤ ਪਰਿਵਾਰ ਨੂੰ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਬਜਰੰਗ ਦਲ ਖਨੌਰੀ ਦੇ ਸ਼ਹਿਰ ਮੰਤਰੀ ਅਵਿਨਾਸ਼ ਕੁਮਾਰ ਬੰਟੀ ਨੇ ਦੱਸਿਆ ਕਿ ਇਸੇ  ਮਸਲੇ  ’ਤੇ ਅਜੇ ਕੱਲ ਹੀ ਬਜਰੰਗ ਦਲ ਦੇ ਆਗੂਅਾਂ ਵੱਲੋਂ ਥਾਣਾ ਖਨੌਰੀ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ’ਚ ਜ਼ਿਲਾ ਪ੍ਰਧਾਨ ਵਿਜੇ ਦੋਲੇਵਾਲ, ਜ਼ਿਲਾ  ਮੰਤਰੀ ਬਿਮਲ ਮਿੱਤਲ, ਸ਼ਹਿਰੀ ਪ੍ਰਧਾਨ ਵਰਿੰਦਰ ਗੋਇਲ, ਸਹਿ ਸੰਯੋਜਕ ਚਰਨ ਸਿੰਘ ਗਿੱਲ ਸਣੇ ਵੱਡੀ ਗਿਣਤੀ ਵਿਚ ਸਥਾਨਕ ਆਗੂ ਮੌਜੂਦ ਸਨ।


Related News