ਜਾਇਦਾਦ ਦੇ ਝਗੜੇ ਤੋਂ ਪਰੇਸ਼ਾਨ 22 ਸਾਲਾ ਪ੍ਰਾਪਰਟੀ ਡੀਲਰ ਨੇ ਕੀਤੀ ਖ਼ੁਦਕੁਸ਼ੀ
Thursday, Jul 09, 2026 - 04:58 PM (IST)
ਬਠਿੰਡਾ (ਵਿਜੈ ਵਰਮਾ) : ਸ਼ਹਿਰ 'ਚ ਜਾਇਦਾਦ ਦੇ ਝਗੜੇ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋਏ 22 ਸਾਲਾ ਪ੍ਰਾਪਰਟੀ ਡੀਲਰ ਵੱਲੋਂ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਥਰਮਲ ਪੁਲਸ ਨੇ ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ 'ਤੇ ਇੱਕ ਵਿਅਕਤੀ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਸ਼ੁਗਨ ਬਾਂਸਲ (22) ਪੁੱਤਰ ਆਸ਼ੂ ਬਾਂਸਲ ਵਾਸੀ ਬੱਲਾਰਾਮ ਨਗਰ ਵਜੋਂ ਹੋਈ ਹੈ। ਪਰਿਵਾਰ ਪਹਿਲਾਂ ਅਫ਼ੀਮ ਵਾਲੀ ਗਲੀ ਇਲਾਕੇ 'ਚ ਰਹਿੰਦਾ ਸੀ। ਸ਼ੁਗਨ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਮ੍ਰਿਤਕ ਦੀ ਮਾਤਾ ਮੀਨਾਕਸ਼ੀ ਬਾਂਸਲ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ ਲਾਇਆ ਕਿ ਭਾਗੂ ਰੋਡ ਨਿਵਾਸੀ ਰੁਸਤਮ ਦੱਤ ਨਾਲ ਉਸਦੇ ਪੁੱਤਰ ਦਾ ਇੱਕ ਜਾਇਦਾਦੀ ਸੌਦੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦੋਸ਼ ਹੈ ਕਿ ਇਸ ਵਿਵਾਦ ਕਾਰਨ ਰੁਸਤਮ ਦੱਤ ਪਿਛਲੇ ਕੁੱਝ ਸਮੇਂ ਤੋਂ ਫੋਨ ਕਾਲਾਂ ਅਤੇ ਸੁਨੇਹਿਆਂ ਰਾਹੀਂ ਲਗਾਤਾਰ ਧਮਕੀਆਂ ਦੇ ਰਿਹਾ ਸੀ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ ਲਗਾਤਾਰ ਮਿਲ ਰਹੀਆਂ ਕਥਿਤ ਧਮਕੀਆਂ ਕਾਰਨ ਸ਼ੁਗਨ ਮਾਨਸਿਕ ਤੌਰ 'ਤੇ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਇਸੇ ਤਣਾਅ ਦੇ ਚੱਲਦਿਆਂ ਉਸ ਨੇ ਬੁੱਧਵਾਰ ਨੂੰ ਆਪਣੇ ਘਰ 'ਚ ਸਲਫਾਸ ਨਿਗਲ ਲਿਆ। ਹਾਲਤ ਵਿਗੜਨ 'ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਥਰਮਲ ਦੇ ਐੱਸ. ਐੱਚ. ਓ. ਹਰਜੋਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਰੁਸਤਮ ਦੱਤ ਵਾਸੀ ਭਾਗੂ ਰੋਡ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਸਮੇਤ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗ੍ਰਿਫ਼ਤਾਰੀ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੂਰੇ ਘਟਨਾਕ੍ਰਮ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।
