ਬੋਹਾ ਖੇਤਰ ''ਚ ਪੈਟਰੋਲ ਪੰਪਾਂ ’ਤੇ ਲੁੱਟ ਮਗਰੋਂ ਪੁਲਸ ਦੀ ਜਾਂਚ ਤੇਜ਼, SSP ਨੇ ਦਿੱਤੀ ਚਿਤਾਵਨੀ
Sunday, Oct 04, 2026 - 08:59 PM (IST)
ਮਾਨਸਾ, (ਮਿੱਤਲ)- ਬੋਹਾ ਖੇਤਰ ਵਿੱਚ ਬੀਤੇ ਦਿਨ ਦੋ ਪੈਟਰੋਲ ਪੰਪਾਂ ’ਤੇ ਹੋਈ ਲੁੱਟ-ਖੋਹ ਦੀ ਘਟਨਾ ਤੋਂ ਬਾਅਦ ਮਾਨਸਾ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦਾ ਪਹੀਆ ਤੇਜ਼ ਕਰ ਦਿੱਤਾ ਹੈ। ਪੁਲਸ ਵੱਲੋਂ ਆਧੁਨਿਕ ਤਕਨੀਕ, ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਸੂਤਰਾਂ ਦੀ ਮਦਦ ਨਾਲ ਲੁਟੇਰਾ ਗਿਰੋਹ ਤੱਕ ਪਹੁੰਚਣ ਲਈ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਆਈਪੀਐਸ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਸੀ ਅਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸੀਸੀਟੀਵੀ ਕੈਮਰਿਆਂ ਦੀਆਂ ਰਿਕਾਰਡਿੰਗਾਂ ਸਮੇਤ ਤਕਨੀਕੀ ਸਬੂਤਾਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਿਆ ਜਾ ਸਕੇ।
ਐਸਐਸਪੀ ਵੈਭਵ ਚੌਧਰੀ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ “ਕਾਨੂੰਨ ਦੀ ਨਜ਼ਰ ਤੋਂ ਕੋਈ ਵੀ ਦੋਸ਼ੀ ਦੂਰ ਨਹੀਂ ਰਹਿ ਸਕਦਾ। ਪੁਲਿਸ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇਗਾ।”
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਪੁਲਿਸ ਦੀ ਮੁੱਖ ਜ਼ਿੰਮੇਵਾਰੀ ਹੈ ਅਤੇ ਕਿਸੇ ਵੀ ਅਪਰਾਧੀ ਨੂੰ ਲੋਕਾਂ ਦੀ ਅਮਨ-ਸ਼ਾਂਤੀ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। “ਜੁਰਮ ਭਾਵੇਂ ਹਨੇਰੇ ਦੀ ਓਟ ਵਿੱਚ ਹੋਵੇ, ਪਰ ਕਾਨੂੰਨ ਦੀ ਨਜ਼ਰ ਤੋਂ ਲੁਕਿਆ ਨਹੀਂ ਰਹਿ ਸਕਦਾ। ਪੁਲਸ ਹਰ ਕੜੀ ਨੂੰ ਜੋੜਦਿਆਂ ਦੋਸ਼ੀਆਂ ਤੱਕ ਪਹੁੰਚੇਗੀ,” ਉਨ੍ਹਾਂ ਕਿਹਾ। ਬੋਹਾ ਪੁਲਸ ਵੱਲੋਂ ਘਟਨਾ ਨਾਲ ਜੁੜੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀਆਂ ਨੂੰ ਉਮੀਦ ਹੈ ਕਿ ਤਕਨੀਕੀ ਜਾਂਚ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
