ਚਿੱਟੇ ਦੀ ਓਵਰਡੋਜ਼ ਨਾਲ 23 ਸਾਲਾ ਨੌਜਵਾਨ ਦੀ ਮੌਤ

Monday, Oct 05, 2026 - 11:16 AM (IST)

ਚਿੱਟੇ ਦੀ ਓਵਰਡੋਜ਼ ਨਾਲ 23 ਸਾਲਾ ਨੌਜਵਾਨ ਦੀ ਮੌਤ

ਤਲਵੰਡੀ ਸਾਬੋ (ਮੁਨੀਸ਼) : ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਵਿਖੇ ‘ਚਿੱਟੇ’ ਦੀ ਓਵਰਡੋਜ਼ ਨਾਲ ਇਕ 23 ਸਾਲਾ ਵਿਆਹੁਤਾ ਨੌਜਵਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਾਜਪ੍ਰੀਤ ਸਿੰਘ (23) ਰਿਫਾਈਨਰੀ ’ਚ ਕੰਮ ਕਰਦਾ ਸੀ ਅਤੇ ਪਿਛਲੇ ਕਰੀਬ 6 ਮਹੀਨਿਆਂ ਤੋਂ ਨਸ਼ੇ ਦੀ ਗ੍ਰਿਫਤ ’ਚ ਆਇਆ ਸੀ ਅਤੇ ਨਸ਼ਾ ਛੁਡਾਉਣ ਲਈ ਉਸਦਾ ਇਲਾਜ ਵੀ ਕਰਵਾਇਆ ਗਿਆ ਪਰ ਉਹ ਪੂਰੀ ਤਰ੍ਹਾਂ ਨਸ਼ਾ ਛੱਡ ਨਹੀਂ ਸਕਿਆ। ਬੀਤੀ ਕੱਲ੍ਹ ਦੁਪਹਿਰ ਅਚਾਨਕ ਉਹ ਘਰੋਂ ਨਿਕਲਿਆ ਅਤੇ ਸ਼ਾਮ ਤਕ ਉਸਦਾ ਫੋਨ ਬੰਦ ਹੋਣ ਕਾਰਨ ਪਰਿਵਾਰਿਕ ਮੈਂਬਰਾਂ ਨੇ ਉਸਦੀ ਭਾਲ ਆਰੰਭੀ ਤਾਂ ਦੇਰ ਸ਼ਾਮ ਪਿੰਡ ਕੋਲ ਦੀ ਲੰਘਦੀ ਨਹਿਰ ਦੀ ਪਟੜੀ ’ਤੇ ਉਹ ਮ੍ਰਿਤਕ ਪਿਆ ਮਿਲਿਆ ਅਤੇ ਉਸਦੀ ਬਾਂਹ ਵਿੱਚ ਸਰਿੰਜ ਉਸੇ ਤਰ੍ਹਾਂ ਲੱਗੀ ਪਈ ਸੀ, ਜਿਸ ਤੋਂ ਅੰਦਾਜ਼ਾ ਲੱਗਾ ਕਿ ‘ਚਿੱਟੇ’ ਦੀ ਓਵਰਡੋਜ਼ ਕਾਰਣ ਉਸਦੀ ਮੌਤ ਹੋਈ ਹੈ।

ਮ੍ਰਿਤਕ ਦੀ ਮਾਤਾ ਮਨਦੀਪ ਕੌਰ ਨੇ ਦੱਸਿਆ ਕਿ ਸ਼ਰੇਆਮ ਵਿਕ ਰਹੇ ਨਸ਼ੇ ਨੇ ਪਿੰਡ ਨੂੰ ਨਰਕ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਔਰਤਾਂ ਦੇ ਖ਼ਾਤਿਆਂ ’ਚ ਮਾਣਭੱਤੇ ਦੇ ਪੈਸੇ ਪਾਉਣ ਦੀ ਬਜਾਏ ਭਾਵੇਂ ਸਾਡੇ ਤੋਂ ਪੈਸੇ ਲੈਣੇ ਸ਼ੁਰੂ ਕਰ ਦੇਵੇ ਪਰ ਨਸ਼ਿਆਂ ਨੂੰ ਠੱਲ ਪਾਵੇ ਤਾਂ ਜੋ ਬੱਚੇ ਬਚ ਸਕਣ, ਕਿਉਂਕਿ ਜੇਕਰ ਬੱਚੇ ਤੇ ਨੌਜਵਾਨ ਇਸੇ ਤਰ੍ਹਾਂ ਨਸ਼ੇ ਦੀ ਭੇਂਟ ਚੜ੍ਹਦੇ ਰਹੇ ਤਾਂ ਮਾਂਵਾਂ ਭੈਣਾਂ ਦੇ ਇਹ ਪੈਸੇ ਕਿਸੇ ਕੰਮ ਨਹੀਂ। ਪੀੜਤਾ ਨੇ ਕਿਹਾ ਕਿ ਜੇਕਰ ਪੰਚਾਇਤ ਨਸ਼ਾ ਸਮੱਗਲਰਾਂ ਨੂੰ ਰੋਕਣ ਦਾ ਯਤਨ ਕਰਦੀ ਹੈ ਤਾਂ ਸਮੱਗਲਰ ਉਨ੍ਹਾਂ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੰਦੇ ਹਨ। ਗੱਲਬਾਤ ਦੌਰਾਨ ਪਿੰਡ ਦੇ ਸਰਪੰਚ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਪਹਿਲਾਂ ਵੀ ਨਸ਼ਿਆਂ ਨਾਲ 8-10 ਨੌਜਵਾਨਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕਰੇ। ਉੱਧਰ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਦਾ ਪਿਤਾ 19 ਸਾਲ ਪਹਿਲਾਂ ਸਵਰਗਵਾਸ ਹੋ ਗਿਆ ਸੀ ਤੇ ਮਾਂ ਨੇ ਬੜੇ ਔਖੇ ਯਤਨਾਂ ਨਾਲ ਲੋਕਾਂ ਦੇ ਘਰਾਂ ’ਚ ਕੰਮਕਾਰ ਕਰ ਕੇ ਬੱਚਿਆਂ ਨੂੰ ਪਾਲ ਪੋਸ ਕੇ ਜਵਾਨ ਕੀਤਾ। ਮ੍ਰਿਤਕ ਨੌਜਵਾਨ ਘਰ ਦਾ ਇਕੱਲਾ ਕਮਾਊ ਮੈਂਬਰ ਸੀ, ਭਾਵੇਂ ਕਿ ਉਸਦਾ ਇਕ ਹੋਰ ਭਰਾ ਵੀ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ ਤੋਂ ਇਲਾਵਾ ਆਪਣੀ ਪਤਨੀ ਤੇ ਇਕ ਸਾਲ ਦਾ ਬੱਚਾ ਛੱਡ ਗਿਆ ਹੈ।


author

Babita

Content Editor

Related News