ਨਸ਼ਿਆਂ ਕਾਰਨ ਇਕ ਹੋਰ ਨੌਜਵਾਨ ਦੀ ਮੌਤ, ਰੇਲਵੇ ਲਾਈਨ ਤੋਂ ਮਿਲੀ ਲਾਸ਼

Saturday, Oct 03, 2026 - 05:21 PM (IST)

ਨਸ਼ਿਆਂ ਕਾਰਨ ਇਕ ਹੋਰ ਨੌਜਵਾਨ ਦੀ ਮੌਤ, ਰੇਲਵੇ ਲਾਈਨ ਤੋਂ ਮਿਲੀ ਲਾਸ਼

ਬਠਿੰਡਾ (ਸੁਖਵਿੰਦਰ) : ਸਥਾਨਕ ਬਲਰਾਜ ਨਗਰ ਗਲੀ ਨੰਬਰ-1 ਨੇੜੇ ਪਟਿਆਲਾ ਰੇਲਵੇ ਲਾਈਨ 'ਤੇ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਹਿਮ ਦਾ ਮਾਹੋਲ ਹੈ। ਜਾਣਕਾਰੀ ਮਿਲਣ 'ਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰ ਵਿੱਕੀ ਕੁਮਾਰ ਅਤੇ ਹਰਬੰਸ ਸਿੰਘ ਮੌਕੇ 'ਤੇ ਪਹੁੰਚੇ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਨਾਲ ਕਥਿਤ ਤੌਰ 'ਤੇ ਦੋ ਹੋਰ ਨੌਜਵਾਨ ਵੀ ਸਨ, ਜੋ ਘਟਨਾ ਤੋਂ ਬਾਅਦ ਭੱਜ ਗਏ ਸਨ। ਸਹਾਰਾ ਟੀਮ ਨੇ ਘਟਨਾ ਦੀ ਜਾਣਕਾਰੀ ਜੀ. ਆਰ. ਪੀ. ਪੁਲਸ ਸਟੇਸ਼ਨ ਨੂੰ ਦਿੱਤੀ। ਸੂਚਨਾ ਮਿਲਣ 'ਤੇ ਜੀ. ਆਰ. ਪੀ. ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਬਾਂਹ 'ਤੇ ਖੂਨ ਮਿਲਿਆ, ਜਿਸ ਕਾਰਨ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪਰਿਵਾਰਕ ਸੂਤਰਾਂ ਅਨੁਸਾਰ ਮ੍ਰਿਤਕ ਨੌਜਵਾਨ ਕੁੱਝ ਦਿਨ ਪਹਿਲਾਂ ਲਗਭਗ 6 ਮਹੀਨੇ ਨਸ਼ਾ ਛੁਡਾਊ ਕੇਂਦਰ 'ਚ ਇਲਾਜ ਕਰਵਾਉਣ ਤੋਂ ਬਾਅਦ ਬਠਿੰਡਾ ਸਥਿਤ ਆਪਣੇ ਘਰ ਵਾਪਸ ਆਇਆ ਸੀ। ਦੋਸ਼ ਹੈ ਕਿ ਕੁੱਝ ਨੌਜਵਾਨ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਦੁਬਾਰਾ ਨਸ਼ੇ ਦੀ ਵਰਤੋਂ ਲਈ ਮਜਬੂਰ ਕਰ ਦਿੱਤਾ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਪੁਲਸ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਮ੍ਰਿਤਕ ਦੀ ਪਛਾਣ ਬੌਬੀ ਸ਼ਰਮਾ ਪੁੱਤਰ ਭਾਸਕਰ ਸ਼ਰਮਾ ਵਾਸੀ ਦੀਪ ਨਗਰ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਪਰਿਵਾਰ ਆਰਥਿਕ ਤੌਰ 'ਤੇ ਬਹੁਤ ਗਰੀਬ ਹੈ ਕਿਉਂਕਿ ਮ੍ਰਿਤਕ ਦੇ ਭਰਾ ਦੀ ਵੀ ਕੁੱਝ ਸਾਲ ਪਹਿਲਾਂ ਨਸ਼ੇ ਦੀ ਲਤ ਕਾਰਨ ਮੌਤ ਹੋ ਗਈ ਸੀ। ਜੀ. ਆਰ. ਪੀ. ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਲਾਸ਼ ਨੂੰ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। 


author

Babita

Content Editor

Related News