ਵੱਡੀ ਖ਼ਬਰ: ਬਠਿੰਡਾ ''ਚ ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋਲ਼ੀਆਂ ਮਾਰ ਕੇ ਕਤਲ

Monday, Sep 28, 2026 - 05:58 PM (IST)

ਵੱਡੀ ਖ਼ਬਰ: ਬਠਿੰਡਾ ''ਚ ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਗੋਲ਼ੀਆਂ ਮਾਰ ਕੇ ਕਤਲ

ਬਠਿੰਡਾ: ਬਠਿੰਡਾ ਦੇ ਪਿੰਡ ਬੀਬੀਵਾਲਾ ਵਿਚ ਸ਼ਰਾਬ ਦੇ ਠੇਕੇ 'ਤੇ ਕੰਮ ਕਰਨ ਵਾਲੇ ਕਰਿੰਦੇ ਦਾ ਅੱਜ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੋਲਨ ਸਿੰਘ ਵਜੋਂ ਹੋਈ ਹੈ, ਜੋ ਲੰਬੇ ਸਮੇਂ ਤੋਂ ਇਸ ਠੇਕੇ 'ਤੇ ਕੰਮ ਕਰ ਰਿਹਾ ਸੀ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਇਹ ਠੇਕਾ ਪਿੰਡ ਤੋਂ ਬਾਹਰ ਖੇਤਾਂ ਨੇੜੇ ਸਥਿਤ ਹੈ, ਜਿੱਥੇ ਦੁਪਹਿਰ ਸਮੇਂ ਆਵਾਜਾਈ ਘੱਟ ਹੁੰਦੀ ਹੈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਹਮਲਾਵਰਾਂ ਨੇ ਕਰੀਬ ਤਿੰਨ ਗੋਲ਼ੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਸੋਲਨ ਸਿੰਘ ਨੂੰ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਠੇਕੇ ਦੇ ਬਾਹਰ ਵੀ ਖ਼ੂਨ ਡੁੱਲਿਆ ਮਿਲਿਆ ਹੈ, ਜਿਸ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਉਸ ਨੂੰ ਬਾਹਰ ਗੋਲੀ ਮਾਰੀ ਅਤੇ ਫਿਰ ਅੰਦਰ ਧੂਹ ਕੇ ਲੈ ਗਏ।

ਘਟਨਾ ਤੋਂ ਬਾਅਦ ਜਦੋਂ ਠੇਕੇ ਦੇ ਗੱਲੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ ਕੋਈ ਨਕਦੀ ਨਹੀਂ ਮਿਲੀ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਵਾਰਦਾਤ ਲੁੱਟ ਦੀ ਨੀਅਤ ਨਾਲ ਕੀਤੀ ਗਈ ਸੀ ਜਾਂ ਫਿਰ ਇਸ ਪਿੱਛੇ ਕੋਈ ਆਪਸੀ ਰੰਜਿਸ਼ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੈਂਟ ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੂੰ ਮੌਕੇ ਤੋਂ ਗੋਲੀਆਂ ਦੇ 3 ਖ਼ਾਲੀ ਖੋਲ ਬਰਾਮਦ ਹੋਏ ਹਨ। ਥਾਣਾ ਕੈਂਟ ਦੇ ਐੱਸ.ਐੱਚ.ਓ. ਗੁਰਪਿਆਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਘਟਨਾ ਸਥਾਨ ਦੇ 500 ਮੀਟਰ ਦੇ ਘੇਰੇ ਵਿਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਇਲਾਕੇ ਵਿਚ ਨਾਕੇਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


author

Anmol Tagra

Content Editor

Related News