ਪ੍ਰਿੰਸੀਪਲ ਸਣੇ 2 ਕਰਮਚਾਰੀ ਜਬਰੀ ਸੇਵਾਮੁਕਤ, ਲੋਕਾਂ ''ਚ ਰੋਸ

Friday, Jan 04, 2019 - 02:02 PM (IST)

ਅੰਮ੍ਰਿਤਸਰ (ਦਲਜੀਤ) : ਵਿਦੇਸ਼ੀ ਨਾਗਰਿਕਤਾ ਰੱਖਣ ਵਾਲੇ ਭਾਰਤੀ ਮੂਲ ਦੇ ਇਕ ਪ੍ਰਿੰਸੀਪਲ ਸਮੇਤ 2 ਸਿੱਖਿਆ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਨੇ ਜਬਰੀ ਸੇਵਾਮੁਕਤ ਕਰ ਦਿੱਤਾ ਹੈ। ਵਿਭਾਗ ਨੇ ਧੱਕੇ ਨਾਲ ਫੈਸਲਾ ਲੈਂਦਿਆਂ ਪ੍ਰਿੰਸੀਪਲ ਦੀ 33 ਫ਼ੀਸਦੀ ਪੈਨਸ਼ਨ ਕਟੌਤੀ ਕਰਨ ਦਾ ਵੀ ਫੈਸਲਾ ਲਿਆ ਹੈ, ਜਿਸ ਕਾਰਨ ਪਿੰਡ ਹੁਸੀਨਾ ਦੇ ਲੋਕਾਂ 'ਚ ਕਾਫੀ ਰੋਸ ਹੈ। ਜਾਣਕਾਰੀ ਅਨੁਸਾਰ ਸਰਕਾਰੀ ਸੀ. ਸੈ. ਸਕੂਲ ਹਰਸ਼ਾ ਛੀਨਾ ਦੇ ਪ੍ਰਿੰ. ਇਕਬਾਲ ਸਿੰਘ 2014 ਵਿਚ ਪਰਿਵਾਰ ਸਮੇਤ ਅਮਰੀਕਾ ਗਏ ਸਨ ਤੇ ਆਪਣੇ ਬੱਚਿਆਂ ਧੀ ਤੇ ਬੇਟੇ ਨੂੰ ਉਥੇ ਛੱਡ ਕੇ ਪਤਨੀ ਸਮੇਤ ਵਾਪਸ ਆ ਗਏ, ਜਿਸ ਖਿਲਾਫ ਵਿਭਾਗ ਨੇ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕੀਤੀ। ਅਜਿਹੇ 'ਚ ਸਿੱਖਿਆ ਸਕੱਤਰ ਨੇ ਆਖਰੀ ਫੈਸਲਾ ਲੈਂਦਿਆਂ ਪ੍ਰਿੰ. ਇਕਬਾਲ ਸਿਜਬਰੀ ਸੇਵਾਮੁਕਤ ਤੇ 33 ਫ਼ੀਸਦੀ ਪੈਨਸ਼ਨ ਕਟੌਤੀ ਕਰ ਦਿੱਤੀ, ਜਦੋਂ ਕਿ ਉਨ੍ਹਾਂ ਦੀ ਸੇਵਾਮੁਕਤੀ ਮਾਰਚ 2021 ਵਿਚ ਸੀ।

ਇਸ ਸਬੰਧੀ ਪ੍ਰਿੰ. ਇਕਬਾਲ ਸਿੰਘ ਨੇ ਕਿਹਾ ਕਿ ਉਹ ਵਿਭਾਗ ਤੋਂ ਆਗਿਆ ਲੈ ਕੇ ਅਮਰੀਕਾ ਗਏ ਸਨ,  ਉਨ੍ਹਾਂ ਕੋਲ ਇਮੀਗ੍ਰੇਸ਼ਨ ਵੀਜ਼ਾ ਹੈ ਤੇ ਫਿਰ ਵੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੂੰ ਆਰਡਰ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਕੱਤਰ ਦੇ ਫੈਸਲੇ ਖਿਲਾਫ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਕਰਨਗੇ ਤੇ ਆਪਣੀ ਗੱਲ ਰੱਖਣਗੇ। ਇਸ ਤੋਂ ਇਲਾਵਾ ਸਰਕਾਰੀ ਕੰਨਿਆ ਸੀ. ਸੈ. ਸਕੂਲ ਮਹਾ ਸਿੰਘ ਗੇਟ 'ਚ ਤਾਇਨਾਤ ਅਨਿਲ ਸਿੰਘ ਪੰਜਾਬੀ ਲੈਕਚਰਾਰ ਨੂੰ ਵੀ ਜਬਰੀ ਸੇਵਾਮੁਕਤ ਕੀਤਾ ਗਿਆ ਹੈ। ਅਨਿਲ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ, ਜਿਸ ਸਬੰਧੀ ਉਹ ਕੁਝ ਨਹੀਂ ਕਹਿਣਾ ਚਾਹੁੰਦੇ।  ਉਧਰ, ਸਰਕਾਰੀ ਸੀ. ਸੈ. ਸਕੂਲ ਹਰਸ਼ਾ ਛੀਨਾ ਦੇ ਪ੍ਰਿੰ. ਇਕਬਾਲ ਸਿੰਘ ਦੇ ਸਮਰਥਨ ਵਿਚ ਪਿੰਡ ਵਾਸੀਆਂ ਤੇ ਸਕੂਲ ਸਟਾਫ ਨੇ ਡੀ. ਈ. ਓ. ਸੈਕੰਡਰੀ ਸਲਵਿੰਦਰ ਸਿੰਘ ਸਮਰਾ ਨਾਲ ਮੁਲਾਕਾਤ ਕੀਤੀ।

ਪਿੰਡ ਵਾਸੀਆਂ ਨੇ ਵਿਭਾਗ ਦੇ ਫੈਸਲੇ ਪ੍ਰਤੀ ਰੋਸ ਜਤਾਇਆ ਤੇ ਕਿਹਾ ਕਿ ਇਕਬਾਲ ਸਿੰਘ ਇਕ ਈਮਾਨਦਾਰ ਵਿਅਕਤੀ ਹੈ, ਉਨ੍ਹਾਂ ਦਾ ਸਮੁੱਚਾ ਜੀਵਨ ਬੇਦਾਗ ਅਤੇ ਸਿੱਖਿਆ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਨੇ ਜ਼ਿੰਦਗੀ 'ਚ ਹਮੇਸ਼ਾ ਸਕੂਲ ਸਿੱਖਿਆ ਪ੍ਰਤੀ ਦਿਨ-ਰਾਤ ਕੰਮ ਕੀਤਾ ਹੈ। ਖੇਡਾਂ ਪ੍ਰਤੀ ਇਨ੍ਹਾਂ ਦੇ ਖਾਸ ਯੋਗਦਾਨ  ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਟੇਟ ਅਤੇ ਨੈਸ਼ਨਲ ਪੱਧਰ 'ਤੇ ਉਪਲਬਧੀਆਂ ਹਾਸਲ ਕੀਤੀਆਂ ਹਨ। ਇਲਾਕੇ 'ਚ ਸਮਾਜਿਕ ਗਤੀਵਿਧੀਆਂ ਤੇ ਪੇਂਡੂ ਸਿੱਖਿਆ ਲਈ ਹਮੇਸ਼ਾ ਇਨ੍ਹਾਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਹੈ। ਸਿੱਖਿਆ ਪ੍ਰਤੀ ਇਨ੍ਹਾਂ ਵੱਲੋਂ ਦਿੱਤੇ ਵੱਡਮੁੱਲੇ ਯੋਗਦਾਨ ਤੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਵਿਰੁੱਧ ਲਏ ਗਏ ਜਬਰੀ ਸੇਵਾਮੁਕਤੀ ਤੇ ਪੈਨਸ਼ਨ 'ਚ 33 ਫ਼ੀਸਦੀ ਕਟੌਤੀ ਸਬੰਧੀ ਵਿਚਾਰ ਕਰ ਕੇ ਇਨ੍ਹਾਂ ਦੀਆਂ ਸੇਵਾਵਾਂ ਨੂੰ ਜਾਰੀ ਰੱਖਿਆ ਜਾਵੇ।

ਇਸ ਸਬੰਧੀ ਜ਼ਿਲਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਸਕੂਲ ਸਟਾਫ ਆ ਕੇ ਮਿਲਿਆ ਸੀ, ਪ੍ਰਿੰ. ਇਕਬਾਲ ਸਿੰਘ ਕਾਫ਼ੀ ਮਿਹਨਤ ਨਾਲ ਸਕੂਲ ਨੂੰ ਚਲਾ ਰਹੇ ਸਨ, ਉਨ੍ਹਾਂ ਨੂੰ ਸੇਵਾਮੁਕਤ ਕਰਨ ਦਾ ਫੈਸਲਾ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਲਿਆ ਗਿਆ ਹੈ। ਇਸ ਸਬੰਧੀ ਉਹ ਕੁਝ ਨਹੀਂ ਕਹਿ ਸਕਦੇ।
 


Baljeet Kaur

Content Editor

Related News