Army ਦਾ ਸਾਮਾਨ ਲਿਜਾ ਰਹੇ ਟਰੱਕ 'ਚ ਨਸ਼ਾ ! 150 ਕਿੱਲੋ ਚੂਰਾ ਪੋਸਤ ਸਣੇ ਪੁਲਸ ਨੇ 2 ਕੀਤੇ ਕਾਬੂ
Wednesday, Sep 25, 2024 - 05:25 AM (IST)
ਜਲੰਧਰ (ਸ਼ੋਰੀ)- ਪੁਲਸ ਨੇ ਇਕ ਅੰਤਰਰਾਜੀ ਨਸ਼ਾ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼ ਕਰਦਿਆਂ ਫ਼ੌਜੀ ਸਾਜ਼ੋ-ਸਾਮਾਨ ਨਾਲ ਭਰੇ ਇਕ ਟਰੱਕ ’ਚੋਂ 150 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਕਪੂਰਥਲਾ ਜਾ ਰਹੀ ਗੱਡੀ ਨੂੰ ਮਕਸੂਦਾਂ ਦੇ ਬਿਧੀਪੁਰ ਰੇਲਵੇ ਕਰਾਸਿੰਗ ਨੇੜੇ ਰੋਕਿਆ ਗਿਆ, ਜਿਸ ’ਚ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਉਰਫ ਮੰਗਾ ਵਾਸੀ ਫੱਤੂਢੀਂਗਾ ਜ਼ਿਲਾ ਕਪੂਰਥਲਾ ਤੇ ਜਗਦੇਵ ਸਿੰਘ ਉਰਫ ਜੱਗੂ ਵਾਸੀ ਬੂਟਾ ਪਿੰਡ ਸੁਭਾਨਪੁਰ ਵਜੋਂ ਹੋਈ ਹੈ।
ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਸਬ-ਡਵੀਜ਼ਨ ਕਰਤਾਰਪੁਰ ਦੇ ਡੀ.ਐੱਸ.ਪੀ. ਸੁਰਿੰਦਰਪਾਲ ਦੀ ਅਗਵਾਈ ਹੇਠ ਜਲੰਧਰ ਦਿਹਾਤੀ ਦੇ ਸੀ.ਆਈ.ਏ. ਸਟਾਫ਼ ਵੱਲੋਂ ਕੀਤੀ ਗਈ। ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ. ਪੁਸ਼ਪਬਾਲੀ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਪੀ.ਬੀ. 10-ਐੱਚ ਜੇ-2832 ਨੰਬਰ ਵਾਲੇ ਇਕ ਟਰੱਕ ਨੂੰ ਰੋਕਿਆ। ਤਲਾਸ਼ੀ ਲੈਣ ’ਤੇ ਗੱਡੀ ’ਚੋਂ ਫੌਜ ਦੇ ਸਾਮਾਨ ’ਚ ਲੁਕਾ ਕੇ ਰੱਖਿਆ 150 ਕਿੱਲੋ ਚੂਰਾ-ਪੋਸਤ ਬਰਾਮਦ ਹੋਇਆ।
ਇਸ ਸਬੰਧੀ ਥਾਣਾ ਮਕਸੂਦਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੰਗਲ ਸਿੰਘ ਤੇ ਜਗਦੇਵ ਸਿੰਘ ਟਰੱਕ ਮਾਲਕ ਬਲਵੰਤ ਸਿੰਘ ਨਾਲ ਮਿਲ ਕੇ ਝਾਰਖੰਡ ਤੋਂ ਕਪੂਰਥਲਾ ਤੱਕ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰ ਰਹੇ ਸਨ। ਤਫ਼ਤੀਸ਼ ਦੌਰਾਨ ਫੜੇ ਜਾਣ ਤੋਂ ਬਚਣ ਲਈ ਮੁਲਜ਼ਮਾਂ ਨੇ ਫ਼ੌਜੀ ਸਾਜ਼ੋ-ਸਾਮਾਨ ਦੀ ਆੜ ਲਈ।
ਇਹ ਵੀ ਪੜ੍ਹੋ- ਸਾਥੀ ਦੀ ਗ਼ਲਤੀ ਕਾਰਨ ਜਾਣਾ ਪਿਆ Jail, ਸੰਤ ਸੀਚੇਵਾਲ ਨੇ ਇੰਝ ਕਰਵਾਈ ਵਿਦੇਸ਼ 'ਚ ਫਸੇ ਨੌਜਵਾਨ ਦੀ 'ਘਰ ਵਾਪਸੀ'
ਸਮੱਗਲਿੰਗ ਮਾਮਲੇ ’ਚ ਫੌਜ ਨਾਲ ਸਬੰਧਤ ਦਸਤਾਵੇਜ਼ਾਂ ਦੀ ਵਰਤੋਂ ਦੇ ਮੱਦੇਨਜ਼ਰ ਪੁਲਸ ਨੇ ਅਗਲੇਰੀ ਜਾਂਚ ਲਈ ਫੌਜ ਦੀ ਖੁਫੀਆ ਏਜੰਸੀ ਨਾਲ ਵੀ ਸੰਪਰਕ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਮੰਗਿਆ ਜਾਵੇਗਾ ਤਾਂ ਜੋ ਉਨ੍ਹਾਂ ਦੇ ਅਗਲੇ ਤੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਸਕੇ। ਟਰੱਕ ਮਾਲਕ ਬਲਵੰਤ ਸਿੰਘ ਨੂੰ ਫੜਨ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਨਸ਼ਿਆਂ ਦੀ ਸਮੱਗਲਿੰਗ ਨੂੰ ਨੱਥ ਪਾਉਣ ਲਈ ਪੁਲਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਐੱਸ. ਐੱਸ. ਪੀ. ਖੱਖ ਨੇ ਚਿਤਾਵਨੀ ਦਿੱਤੀ ਕਿ ਸਾਰੇ ਸਮੱਗਲਰਾਂ ਨਾਲ ਕਾਨੂੰਨ ਤਹਿਤ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਉਠੇ ਸਵਾਲ : ਪਤਾ ਨਹੀਂ ਪਹਿਲਾਂ ਕੀ-ਕੀ ਸਾਮਾਨ ਡਲਿਵਰ ਹੋਇਐ ਬਰਾਮਦ ਹੋਏ ਟਰੱਕ ’ਚੋਂ ?
ਦਿਹਾਤੀ ਪੁਲਸ ਵੱਲੋਂ ਨਸ਼ੇ ਵਾਲੇ ਪਦਾਰਥਾਂ ਨਾਲ ਭਰੇ ਟਰੱਕ ਦੀ ਬਰਾਮਦਗੀ ਦੇ ਮਾਮਲੇ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ ਝਾਰਖੰਡ ਤੋਂ ਫੌਜ ਦਾ ਮਾਲ 4 ਵੱਡੇ ਡੱਬਿਆਂ ’ਚ ਸੀਲ ਕਰ ਕੇ ਟਰੱਕ ’ਚ ਰੱਖਿਆ ਗਿਆ ਸੀ। ਇਨ੍ਹਾਂ ਡੱਬਿਆਂ ਨਾਲ ਹੀ ਲੱਕੜ ਦੇ ਵਿਸ਼ੇਸ਼ ਡੱਬੇ ਤਿਆਰ ਕਰ ਕੇ ਟਰੱਕ ’ਚ ਬੋਰੀਆਂ ’ਚ ਰੱਖ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਟਰੱਕ ਕਈ ਰਾਜਾਂ ਤੇ ਚੌਕੀਆਂ ’ਚੋਂ ਲੰਘਿਆ ਤੇ ਜਦ ਪੁਲਸ ਟਰੱਕ ਨੂੰ ਚੈਕਿੰਗ ਲਈ ਰੋਕਦੀ ਸੀ ਤਾਂ ਟਰੱਕ ਚਾਲਕ ਕਹਿ ਦਿੰਦਾ ਸੀ ਕਿ ਫੌਜ ਦਾ ਸਾਮਾਨ ਹੈ।
ਇਹ ਵੀ ਪੜ੍ਹੋ- ਦੇਖ ਲਓ ਅਨਾੜੀ ਚੋਰ ਦਾ ਹਾਲ ; ਚੋਰੀ ਕਰਨ ਮਗਰੋਂ ਪਤੰਦਰ ਉੱਥੇ ਹੀ ਭੁੱਲ ਆਇਆ ਆਪਣਾ ਆਧਾਰ ਕਾਰਡ
ਇਸ ਕਾਰਨ ਟਰੱਕ ਬਿਨਾਂ ਤਲਾਸ਼ੀ ਦੇ ਜਲੰਧਰ ਪਹੁੰਚ ਗਿਆ ਪਰ ਡਲਿਵਰੀ ਤੋਂ ਪਹਿਲਾਂ ਹੀ ਕਪੂਰਥਲਾ ’ਚ ਫੜਿਆ ਗਿਆ। ਹੁਣ ਸਵਾਲ ਇਹ ਹੈ ਕਿ ਟਰੱਕ ਨੇ ਲੇਹ-ਲੱਦਾਖ ਜਾਣਾ ਸੀ। ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਟਰੱਕ ’ਚ ਕੋਈ ਧਮਾਕਾਖੇਜ਼ ਸਮੱਗਰੀ ਜਾਂ ਹਥਿਆਰ ਨਹੀਂ ਹਨ, ਜਿਸ ਦੀ ਹੁਣ ਪੁਲਸ ਅਧਿਕਾਰੀਆਂ ਦੇ ਨਾਲ-ਨਾਲ ਆਰਮੀ ਇੰਟੈਲੀਜੈਂਸ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੇ ਸਖ਼ਤ ਨਿਰਦੇਸ਼, ਅਣਦੇਖਾ ਕਰਨ 'ਤੇ ਪਵੇਗਾ ਪਛਤਾਉਣਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e