ਗਰਭਵਤੀ ਪਤਨੀ ਨੂੰ ਇਲਾਜ ਲਈ ਲੈ ਗਿਆ ਹਸਪਤਾਲ ਤਾਂ ਨਿਕਲੀ ਨਾਬਾਲਗ
Thursday, Feb 20, 2020 - 05:13 PM (IST)

ਚੰਡੀਗੜ੍ਹ (ਸੰਦੀਪ) : ਮਨੀਮਾਜਰਾ ਸਥਿਤ ਸ਼ਾਸਤਰੀ ਨਗਰ ਦੀ ਰਹਿਣ ਵਾਲੀ ਇਕ ਨਵਵਿਆਹੁਤਾ ਦਾ ਪਤੀ ਉਸ ਨੂੰ ਇਲਾਜ ਲਈ ਮਨੀਮਾਜਰਾ ਸਿਵਲ ਹਸਪਤਾਲ 'ਚ ਲੈ ਕੇ ਪਹੁੰਚਿਆ। ਇੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਪਾਇਆ ਕਿ ਉਹ ਗਰਭਵਤੀ ਹੈ ਪਰ ਡਾਕਟਰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਨਵਵਿਆਹੁਤਾ ਨਾਬਾਲਗ ਹੈ। ਡਾਕਟਰਾਂ ਨੇ ਤੁਰੰਤ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਆਈ. ਟੀ. ਪਾਰਕ ਥਾਣਾ ਪੁਲਸ ਨੇ ਪਤੀ ਖਿਲਾਫ ਪਾਕਸੋ ਐਕਟ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਲੋਆ ਨਿਵਾਸੀ ਲੜਕੀ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਲੜਕੀ ਦੀ ਸਿਹਤ ਵਿਗੜਨ 'ਤੇ ਉਸ ਦੇ ਪਤੀ ਨੇ ਉਸ ਨੂੰ ਮਨੀਮਾਜਰਾ ਸਿਵਲ ਹਸਪਤਾਲ ਪਹੁੰਚਿਆ। ਇੱਥੇ ਡਾਕਟਰਾਂ ਨੇ ਪਾਇਆ ਕਿ ਉਹ ਗਰਭਵਤੀ ਹੈ। ਡਾਕਟਰਾਂ ਨੇ ਜਦੋਂ ਉਸ ਦਾ ਕਾਰਡ ਤਿਆਰ ਕਰਨ ਲਈ ਉਸ ਦੀ ਉਮਰ ਪੁੱਛੀ ਤਾਂ ਪਤਾ ਚੱਲਿਆ ਕਿ ਉਹ ਹਾਲੇ ਨਾਬਾਲਗ ਹੈ।