ਛੱਤਬੀੜ ਚਿੜੀਆਘਰ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼...

Monday, Mar 09, 2026 - 10:01 AM (IST)

ਛੱਤਬੀੜ ਚਿੜੀਆਘਰ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼...

ਜ਼ੀਰਕਪੁਰ (ਧੀਮਾਨ) : ਛੱਤਬੀੜ ਚਿੜੀਆਘਰ ’ਚ ਹੁਣ ਕਿਸੇ ਵੀ ਵਾਹਨ ਵੱਲੋਂ ਹਾਰਨ ਮਾਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਹ ਫ਼ੈਸਲਾ ਇਕ ਸੈਲਾਨੀ ਦੀ ਸ਼ਿਕਾਇਤ ਸਾਹਮਣੇ ਆਉਣ ਅਤੇ ਮਾਮਲੇ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲਿਆ ਗਿਆ ਹੈ। ਵਿਭਾਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਹੁਕਮ ਜਾਰੀ ਕਰ ਦਿੱਤੇ ਹਨ। ਹਾਸਲ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਚਿੜੀਆਘਰ ਘੁੰਮਣ ਆਏ ਇਕ ਸੈਲਾਨੀ ਨੇ ਸ਼ਿਕਾਇਤ ਕੀਤੀ ਸੀ ਕਿ ਅੰਦਰ ਚੱਲ ਰਹੇ ਕੁੱਝ ਵਾਹਨਾਂ ਦੇ ਹਾਰਨ ਦੀ ਆਵਾਜ਼ ਕਾਰਨ ਜਾਨਵਰਾਂ ਤੇ ਪੰਛੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਹ ਮਾਮਲਾ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕਰਕੇ ਤੁਰੰਤ ਕਾਰਵਾਈ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਨੇ ਮਾਮਲੇ ਨੂੰ ਇੰਨੀ ਗੰਭੀਰਤਾ ਨਾਲ ਲਿਆ ਕਿ ਹੋਲੀ ਦੀ ਛੁੱਟੀ ਹੋਣ ਦੇ ਬਾਵਜੂਦ ਛੁੱਟੀ ਵਾਲੇ ਦਿਨ ਹੀ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ। ਵਿਭਾਗ ਦਾ ਕਹਿਣਾ ਹੈ ਕਿ ਚਿੜੀਆਘਰ ’ਚ ਰਹਿੰਦੇ ਜੰਗਲੀ ਜੀਵਾਂ ਨੂੰ ਸ਼ਾਂਤ ਅਤੇ ਕੁਦਰਤੀ ਮਾਹੌਲ ਮੁਹੱਈਆ ਕਰਵਾਉਣਾ ਸਭ ਤੋਂ ਵੱਡੀ ਤਰਜੀਹ ਹੈ। ਚਿੜੀਆਘਰ ਦੇ ਅੰਦਰ ਬਾਹਰੀ ਵਾਹਨਾਂ ਦੀ ਐਂਟਰੀ ਪਹਿਲਾਂ ਤੋਂ ਹੀ ਬੰਦ ਹੈ, ਤਾਂ ਜੋ ਵਾਹਨਾਂ ਦੇ ਸ਼ੋਰ ਨਾਲ ਜਾਨਵਰ ਅਤੇ ਪੰਛੀ ਡਿਸਟਰਬ ਨਾ ਹੋਣ। ਅੰਦਰ ਸਿਰਫ਼ ਪ੍ਰਸ਼ਾਸਨਕ ਕੰਮਾਂ ਲਈ ਕੁੱਝ ਸੀਮਤ ਵਾਹਨਾਂ ਨੂੰ ਹੀ ਦਾਖ਼ਲਾ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚ ਜਾਨਵਰਾਂ ਲਈ ਚਾਰਾ ਲੈ ਕੇ ਜਾਣ ਵਾਲੀਆਂ ਟਰੈਕਟਰ-ਟਰਾਲੀਆਂ ਅਤੇ ਵਿਭਾਗ ਦੇ ਹੋਰ ਜ਼ਰੂਰੀ ਵਾਹਨ ਸ਼ਾਮਲ ਹਨ। ਨਵੇਂ ਹੁਕਮਾਂ ਅਨੁਸਾਰ ਹੁਣ ਇਨ੍ਹਾਂ ਵਾਹਨਾਂ ਦੇ ਚਾਲਕਾਂ ਨੂੰ ਵੀ ਹਾਰਨ ਮਾਰਨ ਦੀ ਮਨਾਹੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰਾਂ ਲਈ ਖ਼ਤਰੇ ਦੀ ਘੰਟੀ! ਜਲਦ ਕਰ ਲੈਣ ਆਹ ਕੰਮ ਨਹੀਂ ਤਾਂ ਪਾਵਰਕਾਮ ਵਲੋਂ...
ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਜੰਗਲਾਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਚਿੜੀਆਘਰ ਦੇ ਅੰਦਰ ਕੋਈ ਵੀ ਵਾਹਨ ਚਾਲਕ ਹਾਰਨ ਮਾਰਦਾ ਹੋਇਆ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚਿੜੀਆਘਰ ’ਚ ਚੱਲਣ ਵਾਲੀਆਂ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਦੇ ਚਾਲਕਾਂ ਨੂੰ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਉੱਚੀ ਆਵਾਜ਼ ਜਾਨਵਰਾਂ ਦੇ ਵਿਹਾਰ ’ਤੇ ਪਾਉਂਦੀ ਹੈ ਅਸਰ
ਜੰਗਲੀ ਜੀਵ ਪ੍ਰੇਮੀਆਂ ਅਨੁਸਾਰ ਉੱਚੀ ਆਵਾਜ਼ ਤੇ ਲਗਾਤਾਰ ਸ਼ੋਰ ਜਾਨਵਰਾਂ ਦੇ ਵਿਹਾਰ ’ਤੇ ਗੰਭੀਰ ਅਸਰ ਪਾਂਦਾ ਹੈ। ਅਚਾਨਕ ਤੇਜ਼ ਆਵਾਜ਼ ਨਾਲ ਕਈ ਜਾਨਵਰ ਘਬਰਾ ਜਾਂਦੇ ਹਨ ਅਤੇ ਉਨ੍ਹਾਂ ’ਚ ਤਣਾਅ ਵੱਧ ਸਕਦਾ ਹੈ। ਕਈ ਵਾਰ ਪੰਛੀ ਆਪਣੇ ਆਲਣ੍ਹੇ ਵੀ ਛੱਡ ਦਿੰਦੇ ਹਨ ਤੇ ਜਾਨਵਰਾਂ ਦੀ ਆਮ ਗਤੀਵਿਧੀ ਪ੍ਰਭਾਵਿਤ ਹੋ ਜਾਂਦੀ ਹੈ। ਲਗਾਤਾਰ ਸ਼ੋਰ ਨਾਲ ਉਨ੍ਹਾਂ ਦੀ ਨੀਂਦ, ਖ਼ੁਰਾਕ ਅਤੇ ਪ੍ਰਜਨਣ ਪ੍ਰਕਿਰਿਆ ’ਤੇ ਵੀ ਮਾੜਾ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ : 'ਪੰਜਾਬ 'ਚ ਔਰਤਾਂ ਨੂੰ ਸਿਰਫ 2-3 ਮਹੀਨੇ ਮਿਲੇਗੀ ਕਿਸ਼ਤ'-ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਖ਼ੁਲਾਸਾ (ਵੀਡੀਓ)
ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੋ : ਸੁਪਰਡੈਂਟ
ਇਸ ਸਬੰਧੀ ਪੁਸ਼ਟੀ ਕਰਦੇ ਹੋਏ ਛੱਤਬੀੜ ਚਿੜੀਆਘਰ ਦੇ ਸੁਪਰਡੈਂਟ ਚੰਚਲ ਕੁਮਾਰ ਨੇ ਦੱਸਿਆ ਕਿ ਹਾਰਨ ਮਾਰਨ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵਿਭਾਗ ਨੇ ਤੁਰੰਤ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਾਨਵਰਾਂ ਨੂੰ ਸ਼ਾਂਤ ਵਾਤਾਵਰਨ ਦੇਣ ਲਈ ਹੁਣ ਚਿੜੀਆਘਰ ਦੇ ਅੰਦਰ ਕਿਸੇ ਵੀ ਵਾਹਨ ਨੂੰ ਹਾਰਨ ਮਾਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਸਾਰੇ ਚਾਲਕਾਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News