ਨਾਬਾਲਗ ਭਤੀਜੇ ਨੇ ਕੀਤਾ ਚਾਚੇ ਦਾ ਕਤਲ, ਭਤੀਜੀ ''ਤੇ ਰੱਖਦਾ ਸੀ ਮਾੜੀ ਅੱਖ
Wednesday, Mar 04, 2026 - 09:29 AM (IST)
ਮੋਹਾਲੀ (ਜੱਸੀ) : ਪਿੰਡ ਮੋਹਾਲੀ 'ਚ ਕਿਰਾਏ ਦੇ ਕਮਰੇ ’ਚ ਰਹਿਣ ਵਾਲਾ ਚਾਚਾ ਸ਼ਰਾਬ ਪੀ ਕੇ ਆਪਣੀ ਭਤੀਜੀ ਨਾਲ ਅਕਸਰ ਗਾਲੀ-ਗਲੋਚ ਕਰਦਾ ਅਤੇ ਉਸ ’ਤੇ ਮਾੜੀ ਅੱਖ ਰਖਦਾ ਸੀ। ਇਸ ਗੱਲ ਨੂੰ ਲੈ ਕੇ ਨਾਲਾਬਗ ਭਤੀਜਾ ਚਾਚੇ ਨਾਲ ਲੜਾਈ-ਝਗੜਾ ਕਰਦਾ ਸੀ ਪਰ ਜਦੋਂ ਉਹ ਫਿਰ ਵੀ ਨਹੀਂ ਹਟਿਆ ਤਾਂ ਗੁੱਸੇ ’ਚ ਆਏ ਭਤੀਜੇ ਨੇ ਤਾਏ ਦੇ ਮੁੰਡੇ ਅਤੇ ਨਾਬਾਲਗ ਦੋਸਤ ਨੂੰ ਬੁਲਾ ਕੇ ਉਸ ਦੀ ਛਾਤੀ ’ਚ ਕਿਰਚ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਿਆਲ ਸਿੰਘ ਵਜੋਂ ਹੋਈ ਹੈ। ਉਹ ਪਿਛਲੇ ਕਰੀਬ 5-6 ਮਹੀਨਿਆਂ ਤੋਂ ਆਨੰਦ ਸਿੰਘ ਕੋਲ ਰਹਿ ਰਿਹਾ ਸੀ, ਜਿਹੜਾ ਵਿਆਹ-ਪਾਰਟੀਆਂ ’ਚ ਵੇਟਰ ਦਾ ਕੰਮ ਕਰਦਾ ਸੀ। ਇਸ ਮਾਮਲੇ ’ਚ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ’ਚੋਂ 2 ਨਾਬਾਲਗ ਹਨ, ਜਦੋਂ ਕਿ ਬਾਲਗ ਮੁਲਜ਼ਮ ਦੀ ਪਛਾਣ ਦੀਪਕ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-1 ਪ੍ਰਿਥਵੀ ਸਿੰਘ ਨੇ ਦੱਸਿਆ ਕਿ ਪਿੰਡ ਮੋਹਾਲੀ ਸਥਿਤ ਬਿਲਡਿੰਗ ਮਾਲਕ ਦੀਪਕ ਖੰਨਾ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਸ ਨੇ ਬਿਲਡਿੰਗ ਦਾ ਕਮਰਾ ਨੰਬਰ 9 ਤੇ 10 ਆਨੰਦ ਸਿੰਘ ਵਾਸੀ ਪਿੰਡ ਤਲਵਾੜੀ ਖਾਲਸਾ ਜ਼ਿਲ੍ਹਾ ਚਮੌਲੀ (ਉੱਤਰਾਖੰਡ) ਨੂੰ ਕਿਰਾਏ ’ਤੇ ਦਿੱਤੇ ਸਨ, ਜੋ ਪਰਿਵਾਰ ਸਮੇਤ ਉੱਥੇ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਦਿਆਲ ਸਿੰਘ ਸ਼ਰਾਬ ਪੀ ਕੇ ਭਰਾ ਆਨੰਦ ਸਿੰਘ ਦੀ ਕੁੜੀ ਨਾਲ ਗਾਲੀ-ਗਲੋਚ ਕਰਦਾ ਸੀ ਅਤੇ ਉਸ ’ਤੇ ਮਾੜੀ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਕਾਰਨ ਆਨੰਦ ਸਿੰਘ ਦਾ ਨਾਬਾਲਗ ਬੇਟਾ ਦਿਆਲ ਸਿੰਘ ਨਾਲ ਲੜਾਈ-ਝਗੜਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਦਿਆਲ ਸਿੰਘ ਅਤੇ ਆਨੰਦ ਦੇ ਮੁੰਡੇ ਵਿਚਾਲੇ ਰਾਤ ਨੂੰ ਜ਼ਬਰਦਸਤ ਤਕਰਾਰ ਹੋਈ। ਫਿਰ ਆਨੰਦ ਦੇ ਮੁੰਡੇ ਨੇ ਤਾਏ ਦੇ ਮੁੰਡੇ ਦੀਪਕ ਸਿੰਘ ਤੇ ਹੋਰ ਦੋਸਤ (ਨਾਬਾਲਗ) ਨੂੰ ਕਮਰੇ ’ਚ ਬੁਲਾ ਲਿਆ ਤੇ ਫਿਰ ਦਿਆਲ ਸਿੰਘ ਦੀ ਛਾਤੀ ’ਚ ਕਿਰਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਪੁਲਸ : ਡੀ. ਐੱਸ. ਪੀ.
ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਸਬੰਧੀ ਥਾਣਾ ਫੇਜ਼-1 ਵਿਖੇ ਕਤਲ ਦੀ ਧਾਰਾ 103, 3 (5) ਬੀ. ਐੱਨ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਦੌਰਾਨ ਥਾਣਾ ਫੇਜ਼-1 ਮੋਹਾਲੀ ਦੇ ਮੁਖੀ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਮਾਮਲੇ ਮੁਲਜ਼ਮ ਦੀਪਕ ਸਿੰਘ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਪੁੱਛਗਿੱਛ ਦੌਰਾਨ ਦੋਵਾਂ ਨਾਬਾਲਗਾਂ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਜਦੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਕੁੜੀ ਮੌਕੇ ’ਤੇ ਮੌਜੂਦ ਸੀ ਜਾਂ ਨਹੀਂ।
