2018 ਦੇ ਮੁਕਾਬਲੇ ਇਸ ਸਾਲ ਦੀਵਾਲੀ ਤੋਂ ਇਕ ਦਿਨ ਪਹਿਲਾਂ ਹੀ ਪ੍ਰਦੂਸ਼ਣ ਜ਼ਿਆਦਾ
Monday, Oct 28, 2019 - 02:55 PM (IST)
ਜਲੰਧਰ (ਸੋਮਨਾਥ) : ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ 'ਚ ਪ੍ਰਦੂਸ਼ਣ ਦਾ ਪੱਧਰ ਘੱਟ ਨਹੀਂ ਹੋ ਰਿਹਾ। ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਪਰਾਲੀ ਸਾੜੇ ਜਾਣ ਦੇ ਮਾਮਲਿਆਂ ਵਿਚ ਬੇਸ਼ੱਕ ਕਮੀ ਆਈ ਸੀ ਪਰ ਇਸ ਸਾਲ ਪੰਜਾਬ ਵਿਚ ਪਰਾਲੀ ਸਾੜਨ ਦੇ ਕੇਸਾਂ ਵਿਚ ਵਾਧਾ ਹੋ ਗਿਆ ਹੈ। ਪੰਜਾਬ ਵਿਚ ਅਜਿਹੇ ਸਭ ਤੋਂ ਵੱਧ ਮਾਮਲੇ ਜ਼ਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਵਿਚ ਸਾਹਮਣੇ ਆ ਰਹੇ ਹਨ। ਪਰਾਲੀ ਸਾੜਨ ਨਾਲ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਪਾਈ ਜਾ ਰਹੀ ਹੈ। ਇਕੱਲੇ ਜਲੰਧਰ ਦੀ ਹੀ ਗੱਲ ਕਰੀਏ ਤਾਂ ਪਿਛਲੇ ਸਾਲ ਦੀਵਾਲੀ ਤੋਂ ਇਕ ਦਿਨ ਪਹਿਲਾਂ ਜਲੰਧਰ 'ਚ ਪ੍ਰਦੂਸ਼ਣ ਦਾ ਪੱਧਰ 162 ਸੀ ਜੋ ਕਿ ਸਾਲ 2019 'ਚ ਦੀਵਾਲੀ ਤੋਂ ਪਹਿਲਾਂ 218 ਤੱਕ ਪਹੁੰਚ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਹ ਪ੍ਰਦੂਸ਼ਣ 56 ਪੀ. ਐੱਮ. 2.5 ਜ਼ਿਆਦਾ ਹੈ।
ਸਾਲ 2018 'ਚ ਦੀਵਾਲੀ ਤੋਂ ਇਕ ਹਫਤਾ ਪਹਿਲਾਂ ਤੱਕ ਦਾ ਪ੍ਰਦੂਸ਼ਣ ਸੂਚਕ ਅੰਕ
6 ਨਵੰਬਰ 162 ਪੀ. ਐੱਮ. 2.5
5 ਨਵੰਬਰ 174 ਪੀ. ਐੱਮ. 2.5
4 ਨਵੰਬਰ 161 ਪੀ. ਐੱਮ. 2.5
3 ਨਵੰਬਰ 115 ਪੀ. ਐੱਮ. 2.5
2 ਨਵੰਬਰ 208 ਪੀ. ਐੱਮ. 2.5
1 ਨਵੰਬਰ 147 ਪੀ. ਐੱਮ. 2.5
ਸਾਲ 2019 'ਚ ਦੀਵਾਲੀ ਤੋਂ ਇਕ ਹਫਤਾ ਪਹਿਲਾਂ ਤੱਕ ਦਾ ਪ੍ਰਦੂਸ਼ਣ ਸੂਚਕ ਅੰਕ
26 ਅਕਤੂਬਰ 218 ਪੀ. ਐੱਮ. 2.5
25 ਅਕਤੂਬਰ 195 ਪੀ. ਐੱਮ. 2.5
24 ਅਕਤੂਬਰ 135 ਪੀ. ਐੱਮ. 2.5
23 ਅਕਤੂਬਰ 223 ਪੀ. ਐੱਮ. 2.5
22 ਅਕਤੂਬਰ 167 ਪੀ. ਐੱਮ. 2.5
21 ਅਕਤੂਬਰ 169 ਪੀ. ਐੱਮ. 2.5
ਜੇਕਰ ਸ਼ਹਿਰ ਨੂੰ ਸ਼ਾਮ ਨੂੰ ਨਿਕਲੋ ਤਾਂ ਮਾਸਕ ਪਹਿਨ ਕੇ
ਪੰਜਾਬ ਵਿਚ ਵਧ ਰਿਹਾ ਪ੍ਰਦੂਸ਼ਣ ਦਾ ਪੱਧਰ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਹੈ। ਦੀਵਾਲੀ 'ਤੇ ਪ੍ਰਦੂਸ਼ਣ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਨੂੰ ਦੇਖਦੇ ਹੋਏ ਜੇਕਰ ਸ਼ਾਮ ਨੂੰ ਕੋਈ ਵੀ ਵਿਅਕਤੀ ਸ਼ਹਿਰ ਵਿਚੋਂ ਨਿਕਲਦਾ ਤਾਂ ਉਸਨੂੰ ਮਾਸਕ ਪਹਿਨ ਕੇ ਨਿਕਲਣਾ ਚਾਹੀਦਾ ਹੈ। ਖਾਸ ਕਰ ਕੇ ਬੱਚਿਆਂ ਨੂੰ ਦਿੱਲੀ ਵਿਚ ਤਾਂ ਮਾਹਿਰਾਂ ਨੇ ਐੱਨ-95 ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।
ਕਿੰਨੇ ਤਰ੍ਹਾਂ ਦੇ ਹੁੰਦੇ ਹਨ ਮਾਸਕ
-ਸਰਜੀਕਲ ਮਾਸਕ
-ਗੈਸ ਮਾਸਕ
ਐੱਨ-95 ਮਾਸਕ ਦੇ ਫਾਇਦੇ
-ਪ੍ਰਦੂਸ਼ਣ ਤੋਂ ਬਚਣ ਲਈ ਐੱਨ-95 ਮਾਸਕ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਇਹ ਪੀ. ਐੱਮ. 2.5 ਨੂੰ ਵੀ ਸਾਹ ਵਿਚ ਜਾਣ ਤੋਂ ਰੋਕਣ ਲਈ ਮਦਦ ਕਰਦਾ ਹੈ।
-ਐੱਨ-95 ਮਾਸਕ ਜ਼ਿਆਦਾਤਰ ਬਰਡ ਫਲੂ, ਸਵਾਈਨ ਫਲੂ ਆਦਿ ਰੋਗ ਹੋਣ 'ਤੇ ਵਰਤਿਆ ਜਾਂਦਾ ਹੈ। ਇਸ ਨੂੰ ਕਾਫੀ ਹੱਦ ਤੱਕ ਡਾਕਟਰ ਬਿਹਤਰ ਮੰਨਦੇ ਹਨ। ਬੈਕਟੀਰੀਆ ਰੋਕਣ ਵਿਚ ਵਧੀਆ ਰਿਜ਼ਲਟ ਐੱਨ-95 ਦਾ ਦੇਖਣ ਨੂੰ ਮਿਲਦਾ ਹੈ। ਇਸ ਵਿਚ ਬੈਕਟੀਰੀਆ ਅਤੇ ਛੋਟੇ ਕਣ ਵੀ ਮਾਸਕ ਦੀ ਲੇਅਰ ਨੂੰ ਕਰਾਸ ਨਹੀਂ ਕਰ ਸਕਦੇ।