ਥਾਣਾ ਐੱਨ. ਆਰ. ਆਈ., ਨਾ ਬਿਜਲੀ, ਨਾ ਪਾਣੀ
Thursday, Oct 26, 2017 - 06:52 AM (IST)
ਅੰਮ੍ਰਿਤਸਰ, (ਸੁਖਮਿੰਦਰ)- ਪੰਜਾਬ ਪੁਲਸ ਵੱਲੋਂ ਵਿਦੇਸ਼ਾਂ 'ਚ ਬੈਠੇ ਪੰਜਾਬੀ ਨਾਗਰਿਕਾਂ ਦੀਆਂ ਮੁਸ਼ਕਲਾਂ ਦੇ ਜਲਦ ਨਿਪਟਾਰੇ ਲਈ ਅੰਮ੍ਰਿਤਸਰ ਸਿਟੀ, ਅੰਮ੍ਰਿਤਸਰ ਦਿਹਾਤੀ ਅਤੇ ਤਰਨਤਾਰਨ 'ਤੇ ਆਧਾਰਿਤ ਜ਼ਿਲਿਆਂ ਦੇ ਨਾਗਰਿਕਾਂ ਲਈ ਸਥਾਪਿਤ ਕੀਤੇ ਐੱਨ. ਆਰ. ਆਈ. ਥਾਣੇ ਜਿਸ ਵਿਚ ਹੀ ਭੋਲੇ-ਭਾਲੇ ਲੋਕਾਂ ਨਾਲ ਕਬੂਤਰਬਾਜ਼ੀ ਕਰਨ ਵਾਲੇ ਟਰੈਵਲ ਏਜੰਟਾਂ ਲਈ ਵੱਖਰਾ ਈ. ਓ. ਵਿੰਗ ਹੈ, ਜਿਨ੍ਹਾਂ ਦੇ ਇੰਚਾਰਜ 2 ਇੰਸਪੈਕਟਰ ਪੱਧਰ ਦੇ ਅਧਿਕਾਰੀ ਹਨ, ਦਾ ਸਾਰਾ ਕੰਮਕਾਰ ਕੰਪਿਊਟਰਾਈਜ਼ਡ ਹੈ ਪਰ ਉਸ ਦਾ ਬਿਜਲੀ ਦਾ ਬਿੱਲ ਨਾ ਭਰੇ ਜਾਣ ਕਾਰਨ ਜਿਥੇ ਤਾਇਨਾਤ ਮੁਲਾਜ਼ਮ ਰੌਸ਼ਨੀ ਦੀ ਘਾਟ 'ਚ ਦੁਪਹਿਰੇ ਪੱਖੇ ਨਾ ਚੱਲਣ ਕਰ ਕੇ ਹਾਲੋਂ-ਬੇਹਾਲ ਹੋ ਰਹੇ ਹਨ, ਉਥੇ ਬਿਜਲੀ ਸਪਲਾਈ ਦੀ ਘਾਟ ਕਾਰਨ ਕੰਪਿਊਟਰ ਬੰਦ ਪਏ ਹਨ, ਜਦੋਂਕਿ ਸਾਰਾ ਕੰਮ ਕੰਪਿਊਟਰਾਈਜ਼ਡ ਹੋਣ ਕਰ ਕੇ ਹਰ ਚਿੱਠੀ-ਪੱਤਰ ਦਾ ਜਵਾਬ ਈਮੇਲ ਰਾਹੀਂ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜਦ ਇਹ ਥਾਣਾ ਸਥਾਪਿਤ ਕੀਤਾ ਗਿਆ ਸੀ ਤਾਂ ਉਸ ਸਮੇਂ ਅਧਿਕਾਰੀਆਂ ਵੱਲੋਂ ਇਥੇ ਸਾਰੀਆਂ ਵਿਦੇਸ਼ੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਗਏ ਸਨ, ਜਿਥੋਂ ਇਨਸਾਫ ਪ੍ਰਾਪਤੀ ਲਈ ਵਿਦੇਸ਼ਾਂ 'ਚ ਬੈਠੇ ਨਾਗਰਿਕਾਂ ਦੀਆਂ ਜਾਇਦਾਦਾਂ ਅਤੇ ਹੋਰ ਮਸਲਿਆਂ ਜਿਨ੍ਹਾਂ ਵਿਚ ਵਿਦੇਸ਼ੀ ਲਾੜਿਆਂ ਦੇ ਮਾਮਲੇ ਵੀ ਸ਼ਾਮਲ ਹਨ, ਦੇ ਵਾਰਿਸ ਤੇ ਉਹ ਖੁਦ ਆਉਂਦੇ ਹਨ।
4,18,320 ਦਾ ਬਿੱਲ ਨਾ ਭਰਨ ਕਰ ਕੇ ਕੱਟਿਆ ਕੁਨੈਕਸ਼ਨ : ਜਦ ਇਸ ਸਬੰਧੀ ਪਾਵਰਕਾਮ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਐੱਸ. ਡੀ. ਓ. ਟੈਕਨੀਕਲ ਦਰਬਾਰੀ ਲਾਲ ਨੇ ਦੱਸਿਆ ਕਿ ਥਾਣੇ ਦੀ ਇਮਾਰਤ ਜਿਸ ਵਿਚ ਲੱਗਾ ਹੋਇਆ ਮੀਟਰ ਰਜਿੰਦਰ ਸਿੰੰਘ ਨਾਮੀ ਵਿਅਕਤੀ ਦੇ ਨਾਂ ਹੈ, ਦੇ ਖਾਤਾ ਨੰ. 30029122233 ਵਿਚ 4,18,320 ਰੁਪਏ ਦੀ ਬਕਾਇਆ ਰਾਸ਼ੀ ਹੈ, ਜਿਸ ਸਬੰਧੀ ਕਮਰੀਸ਼ੀਅਲ ਵਿਭਾਗ ਵੱਲੋਂ ਮਿਲੀ ਲਿਸਟ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ, ਜਦੋਂਕਿ ਪੱਕੇ ਤੌਰ 'ਤੇ ਮੀਟਰ ਪੁੱਟਣ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਕੀ ਕਹਿੰਦੇ ਹਨ ਏ. ਆਈ. ਜੀ.? : ਇਸ ਸਬੰਧੀ ਜਦ ਏ. ਆਈ. ਜੀ. ਕੁਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਇਮਾਰਤ ਮਹਿਕਮੇ ਦੀ ਨਹੀਂ ਹੈ, ਜਿਸ ਦਾ ਜਲਦੀ ਹੱਲ ਕੱਢਣ ਲਈ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਜਿਸ ਕਰ ਕੇ ਜਾਂ ਤਾਂ ਬਿੱਲ ਅਦਾ ਕਰ ਦਿੱਤਾ ਜਾਏਗਾ ਜਾਂ ਫਿਰ ਥਾਣਾ ਹੋਰ ਕਿਸੇ ਜਗ੍ਹਾ ਸ਼ਿਫਟ ਕੀਤਾ ਜਾਏਗਾ ਤਾਂ ਕਿ ਐੱਨ. ਆਰ. ਆਈਜ਼ ਦਾ ਕੋਈ ਕੰਮ ਬਿਜਲੀ ਦੀ ਘਾਟ ਕਾਰਨ ਪ੍ਰਭਾਵਿਤ ਨਾ ਹੋ ਸਕੇ।
