ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ: ਪਿਓ ਨੇ ਰੇਲਵੇ ਟਰੈਕ ’ਤੇ ਸੁੱਟ ''ਤਾ ਪੁੱਤ, ਉਪਰੋਂ ਲੰਘ ਗਈ ਟਰੇਨ

Saturday, Dec 13, 2025 - 10:52 PM (IST)

ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ: ਪਿਓ ਨੇ ਰੇਲਵੇ ਟਰੈਕ ’ਤੇ ਸੁੱਟ ''ਤਾ ਪੁੱਤ, ਉਪਰੋਂ ਲੰਘ ਗਈ ਟਰੇਨ

ਲੁਧਿਆਣਾ (ਗੌਤਮ) - ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ’ ਕਹਾਵਤ ਇਕ ਸਾਢੇ 3 ਸਾਲ ਦੇ ਬੱਚੇ ’ਤੇ ਪੂਰੀ ਤਰ੍ਹਾਂ ਢੁੱਕਦੀ ਹੈ, ਜਿਸ ਨੂੰ ਉਸ ਦੇ ਪਿਓ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਰੇਲਵੇ ਟਰੈਕ ’ਤੇ ਸੁੱਟ ਦਿੱਤਾ। ਮਾਲ ਗੱਡੀ ਦੇ ਇੰਜਣ ਸਮੇਤ 3 ਡੱਬੇ ਬੱਚੇ ਦੇ ਉਪਰੋਂ ਨਿਕਲ ਗਏ ਪਰ ਉਹ ਵਾਲ-ਵਾਲ ਬਚ ਗਿਆ। ਪਤਾ ਲੱਗਦੇ ਸਾਰ ਹੀ ਥਾਣਾ ਜੀ. ਆਰ. ਪੀ. ਦੀ ਟੀਮ ਨੇ ਕਾਰਵਾਈ ਕਰਦੇ ਹੋਏ ਬੱਚੇ ਦੇ ਪਿਓ ਨੂੰ ਕਾਬੂ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਨੇ ਉਸ ਦੀ ਪਛਾਣ ਜ਼ਿਲਾ ਗੋਂਡਾ ਦੇ ਰਹਿਣ ਵਾਲੇ ਰਾਜੂ ਪੁੱਤਰ ਰਾਮ ਫਾਕੀਰੇ ਵਜੋਂ ਕੀਤੀ ਹੈ। ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

ਲੋਕੋ ਪਾਇਲਟ ਦੀ ਸਮਝਦਾਰੀ ਨਾਲ ਬਚਿਆ ਬੱਚਾ
ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮਾਲਗੱਡੀ ਦੇ ਹੈੱਡਕੁਆਰਟਰ ਅੰਬਾਲਾ ’ਚ ਤਾਇਨਾਤ ਲੋਕੋ ਪਾਇਲਟ ਵਿਸ਼ਾਲ ਅਰੋੜਾ ਮੋਰਿੰਡਾ ਤੋਂ ਮਾਲ ਗੱਡੀ ਲੈ ਕੇ ਲੁਧਿਆਣਾ ਜਾ ਰਿਹਾ ਸੀ। ਜਿਵੇਂ ਹੀ ਉਹ ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਪੁੱਜਾ ਤਾਂ ਉਸ ਨੇ ਦੇਖਿਆ ਕਿ ਕਿਸੇ ਵਿਅਕਤੀ ਨੇ ਰੇਲਵੇ ਟਰੈਕ ’ਤੇ ਬੱਚੇ ਨੂੰ ਸੁੱਟਿਆ ਹੈ। ਦੇਖਦੇ ਹੀ ਉਸ ਨੇ ਗੱਡੀ ਦੀ ਸਪੀਡ ਘੱਟ ਕਰਦੇ ਹੋਏ ਐਮਰਜੈਂਸੀ ਬ੍ਰੇਕ ਲਾਈ ਅਤੇ ਗੱਡੀ ਰੁਕ ਗਈ। ਇੰਨੀ ਦੇਰ ’ਚ ਇੰਜਣ ਸਮੇਤ ਮਾਲ ਗੱਡੀ ਦੇ 3 ਡੱਬੇ ਬੱਚੇ ਦੇ ਉਪਰੋਂ ਨਿਕਲ ਗਏ। ਗੱਡੀ ਰੋਕਣ ਤੋਂ ਬਾਅਦ ਬੱਚੇ ਨੂੰ ਡੱਬੇ ਦੇ ਹੇਠੋਂ ਕੱਢਿਆ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਸੀ। ਡਰਾਈਵਰ ਨੇ ਜੀ. ਆਰ. ਪੀ. ਪੁਲਸ ਨਾਲ ਮਿਲ ਕੇ ਬੱਚੇ ਦੇ ਪਿਓ ਨੂੰ ਫੜ ਲਿਆ ਅਤੇ ਜੀ. ਆਰ. ਪੀ. ਉਸ ਨੂੰ ਥਾਣੇ ਲੈ ਗਏ।

ਨਾਜਾਇਜ਼ ਸੰਤਾਨ ਹੋਣ ਦੇ ਸ਼ੱਕ ’ਚ ਬੱਚੇ ਨੂੰ ਸੁੱਟਿਆ
ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਬੀਰਬਲ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਦੱਸਿਆ ਕਿ ਉਸ ਦੇ 4 ਬੱਚੇ ਹਨ, ਜਿਨ੍ਹਾਂ ’ਚ 3 ਬੇਟੀਆਂ ਅਤੇ ਇਕ ਬੇਟਾ ਹੈ। ਉਸ ਦਾ ਬੇਟਾ ਤੀਜੇ ਨੰਬਰ ’ਤੇ ਹੈ। ਉਸ ਨੂੰ ਸ਼ੁਰੂ ਤੋਂ ਹੀ ਸ਼ੱਕ ਹੈ ਕਿ ਇਹ ਬੇਟਾ ਉਸ ਦਾ ਨਹੀਂ ਹੈ ਅਤੇ ਇਸੇ ਗੱਲ ਨੂੰ ਲੈ ਕੇ ਘਰੇਲੂ ਵਿਵਾਦ ਰਹਿੰਦਾ ਹੈ। ਕੁਝ ਦਿਨ ਪਹਿਲਾਂ ਵੀ ਉਸ ਦਾ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਅਤੇ ਉਹ 11 ਦਸੰਬਰ ਨੂੰ ਬੱਚੇ ਨੂੰ ਲੈ ਕੇ ਘਰੋਂ ਨਿਕਲਿਆ ਅਤੇ ਦੁਬਾਰਾ ਘਰ ਨਹੀਂ ਗਿਆ। ਫਿਰ ਉਸ ਨੇ ਆਪਣੇ ਬੱਚੇ ਨੂੰ ਮਾਰਨ ਦੀ ਨੀਅਤ ਨਾਲ ਰੇਲਵੇ ਟਰੈਕ ’ਤੇ ਸੁੱਟ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
 


author

Inder Prajapati

Content Editor

Related News