ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਔਲਾਦ ਨਾ ਹੋਣ ''ਤੇ ਪਤੀ ਨੇ ਦਾਤਰ ਨਾਲ ਵੱਢੀ ਪਤਨੀ
Tuesday, Dec 23, 2025 - 12:40 PM (IST)
ਲੁਧਿਆਣਾ (ਗੌਤਮ): ਹੈਬੋਵਾਲ ਦੇ ਸੰਤ ਨਗਰ ਇਲਾਕੇ ਵਿਚ ਇਕ ਪਤੀ ਨੇ ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਸੱਟਾਂ ਦੀ ਤਾਬ ਨਾ ਸਹਾਰਨ ਕਾਰਨ ਔਰਤ ਦੀ ਮੌਤ ਹੋ ਗਈ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਮ੍ਰਿਤਕ ਔਰਤ ਦੀ ਪਛਾਣ ਗੁੱਡੀ (34) ਵਜੋਂ ਹੋਈ ਹੈ। ਮ੍ਰਿਤਕ ਔਰਤ ਦੀ ਧੀ ਰਿੱਕੀ ਦੇ ਬਿਆਨ ’ਤੇ ਕਾਰਵਾਈ ਕਰਦਿਆਂ, ਪੁਲਸ ਨੇ ਉਸ ਦੇ ਮਤਰੇਏ ਪਿਤਾ ਮਨੋਜ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਝਗੜੇ ਦੌਰਾਨ ਜੋੜਾ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਇਕ-ਦੂਜੇ ’ਤੇ ਚਾਕੂ ਨਾਲ ਵਾਰ ਕੀਤੇ ਸਨ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਲਾਂਕਿ, ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸ ਦੇ ਪਤੀ ਦੀ ਹਾਲਤ ਸਥਿਰ ਹੈ।
ਜਾਂਚ ਅਧਿਕਾਰੀ ਇੰਸਪੈਕਟਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਔਰਤ ਦਾ ਪਤੀ ਇਸ ਸਮੇਂ ਇਲਾਜ ਅਧੀਨ ਹੈ ਅਤੇ ਹੋਰ ਜਾਂਚ ਜਾਰੀ ਹੈ। ਪੁਲਸ ਅਨੁਸਾਰ ਮ੍ਰਿਤਕ ਔਰਤ ਦੀ ਧੀ ਰਿੱਕੀ ਨੇ ਖੁਲਾਸਾ ਕੀਤਾ ਕਿ ਉਸ ਦੀ ਮਾਂ ਨੇ 3 ਵਾਰ ਵਿਆਹ ਕਰਵਾਇਆ ਸੀ। ਉਸ ਨੇ ਲਗਭਗ 4 ਸਾਲ ਪਹਿਲਾਂ ਉਕਤ ਮੁਲਜ਼ਮ ਨਾਲ ਕੋਰਟ ਮੈਰਿਜ ਕੀਤੀ ਸੀ ਅਤੇ ਉਸ ਨਾਲ ਲੁਧਿਆਣਾ ’ਚ ਰਹਿਣ ਲੱਗ ਪਈ ਸੀ। ਇਸ ਵਿਆਹ ਤੋਂ ਉਸ ਦੀ ਮਾਂ ਦੇ ਕੋਈ ਬੱਚੇ ਨਹੀਂ ਸਨ। ਨਤੀਜੇ ਵਜੋਂ, ਉਸ ਦੀ ਮਾਂ ਦਾ ਉਸ ਦੇ ਮਤਰੇਏ ਪਿਤਾ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ, ਜੋ ਉਸ ’ਤੇ ਸ਼ੱਕ ਕਰਦਾ ਸੀ।
ਇਨ੍ਹਾਂ ਝਗੜਿਆਂ ਦੌਰਾਨ ਉਹ ਅਕਸਰ ਉਸ ’ਤੇ ਹਮਲਾ ਕਰਦਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ। 20 ਤਰੀਕ ਨੂੰ ਜਦੋਂ ਉਹ ਘਰ ਨਹੀਂ ਸੀ ਤਾਂ ਉਸ ਦੇ ਮਤਰੇਏ ਪਿਤਾ ਨੇ ਉਸ ਦੀ ਮਾਂ ’ਤੇ ਤੇਜ਼ਧਾਰ ਦਾਤਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਪੇਟ ਦੀਆਂ ਅੰਤੜੀਆਂ ਬਾਹਰ ਆ ਗਈਆਂ ਸਨ ਅਤੇ ਉਸ ਦੀ ਹਾਲਤ ਵਿਗੜ ਗਈ ਸੀ। ਜਿਸ ਤੋਂ ਬਾਅਦ ਉਸ ਦੀ ਮਾਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਉਸ ਦੇ ਪਿਤਾ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
