ATM ਕਾਰਡ ਬਦਲ ਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦੇ 2 ਮੈਂਬਰ ਚੜ੍ਹੇ ਪੁਲਸ ਅੜਿੱਕੇ, ਜਾਣੋ ਕਿਵੇਂ ਮਾਰਦੇ ਸਨ ਠੱਗੀ
Sunday, Mar 05, 2023 - 12:04 AM (IST)
ਫਗਵਾੜਾ (ਜਲੋਟਾ) : ਫਗਵਾੜਾ ਥਾਣਾ ਸਿਟੀ ਦੀ ਪੁਲਸ ਨੇ ਏ. ਟੀ. ਐੱਮ. ਸੈਂਟਰਾਂ ਦੇ ਬਾਹਰ ਭੋਲੇਭਾਲੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਕਥਿਤ ਤੌਰ ’ਤੇ ਠੱਗਣ ਦੇ ਦੋਸ਼ ’ਚ ਇਕ ਠੱਗ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਥਾਣਾ ਸਿਟੀ ਫਗਵਾੜਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨਾਹਰ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ ਇਕ ਔਰਤ ਦੇ ਬੈਂਕ ਖਾਤੇ ਵਿੱਚੋਂ 5,82,000 ਰੁਪਏ ਦੀ ਠੱਗੀ ਮਾਰੀ ਗਈ ਹੈ। ਪੀੜਤ ਔਰਤ ਅੰਮ੍ਰਿਤੀ ਦੇਵੀ ਪਤਨੀ ਪਰਮੇਸ਼ਵਰ ਰਾਮ ਵਾਸੀ ਗਲੀ ਨੰਬਰ 1 ਸ਼ਾਮ ਨਗਰ ਫਗਵਾੜਾ ਦੇ ਬਿਆਨ ’ਤੇ ਪੁਲਸ ਨੇ ਧੋਖਾਦੇਹੀ ਦੇ ਦੋਸ਼ ਹੇਠ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਾਰੀ ਖੇਡ ਨੂੰ ਦੋਸ਼ੀ ਗੈਂਗ ਦੇ ਸਾਥੀਆਂ ਨੇ ਬੜੀ ਚਲਾਕੀ ਨਾਲ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ : Big News : ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਦੁਬਈ ਤੋਂ ਲਿਆਂਦਾ ਕਰੋੜਾਂ ਦਾ ਸੋਨਾ ਜ਼ਬਤ
ਉਨ੍ਹਾਂ ਦੱਸਿਆ ਕਿ ਪੁਲਸ ਨੇ ਅਜੇ ਕੁਮਾਰ ਪੁੱਤਰ ਪ੍ਰੇਮਚੰਦ ਵਾਸੀ ਗਲੀ ਨੰਬਰ 1 ਲੰਮਾ ਪਿੰਡ ਜਲੰਧਰ, ਭੁਪਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਰਾਕੇਸ਼ ਕੁਮਾਰ ਵਾਸੀ ਗੁਲਮਰਗ ਐਵੇਨਿਊ ਨੇੜੇ ਮੁਲਤਾਨੀ ਚੱਕੀ ਵਾਲੀ ਰੋਡ ਥਾਣਾ ਰਾਮਾ ਮੰਡੀ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਪਾਸੋਂ 1,07,000 ਰੁਪਏ ਦੇ ਭਾਰਤੀ ਕਰੰਸੀ ਨੋਟ,73 ਬੈਂਕ ਏ. ਟੀ. ਐੱਮ. ਕਾਰਡ ਅਤੇ ਇਕ ਮੋਟਰਸਾਈਕਲ, ਜੋ ਵਾਰਦਾਤ ਸਮੇਂ ਵਰਤਿਆ ਗਿਆ ਸੀ, ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਪੁਲਸ ਨੇ ਵੱਡੀ ਸਾਜ਼ਿਸ਼ ਕੀਤੀ ਨਾਕਾਮ, ਘਰ 'ਚੋਂ 288 ਬੰਬ ਬਰਾਮਦ, ਜਾਣੋ ਪੂਰਾ ਮਾਮਲਾ
ਐੱਸ. ਐੱਚ. ਓ. ਅਮਨਦੀਪ ਸਿੰਘ ਨਾਹਰ ਨੇ ਦੱਸਿਆ ਕਿ ਜਦੋਂ ਅਜੇ ਕੁਮਾਰ ਅਤੇ ਭੁਪਿੰਦਰ ਕੁਮਾਰ ਉਰਫ ਸੋਨੂੰ ਤੋਂ ਪੁਲਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗੈਂਗ ’ਚ ਉਨ੍ਹਾਂ ਦੇ ਦੋ ਹੋਰ ਸਾਥੀ, ਜਿਨ੍ਹਾਂ ਦੀ ਪਛਾਣ ਸੋਮ ਦੇਵ ਸਿੰਘ ਉਰਫ ਰਾਜਦੇਵ ਸਿੰਘ ਤੇ ਰਾਜ ਕੁਮਾਰ ਉਰਫ ਰਾਜੂ ਦੋਵੇਂ ਪੁੱਤਰ ਬਲੀ ਰਾਮ ਵਾਸੀ ਮਕਾਨ ਨੰਬਰ 18 ਗਲੀ ਨੰਬਰ 13 ਉਪਕਾਰ ਨਗਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਮੇਟਾ ਨੇ ਜਾਰੀ ਕੀਤਾ ਵੱਡਾ ਅਪਡੇਟ, ਹੁਣ ਫੇਸਬੁੱਕ 'ਤੇ ਬਣਾ ਸਕਦੇ ਹੋ 90 ਸੈਕਿੰਡ ਦੀ ਰੀਲ
ਉਨ੍ਹਾਂ ਦੱਸਿਆ ਕਿ ਫਗਵਾੜਾ ’ਚ ਹੋਈ ਠੱਗੀ ਦੌਰਾਨ ਮੁਲਜ਼ਮਾਂ ਨੇ ਔਰਤ ਦੇ ਪੁੱਤਰ ਨਾਲ ਸ਼ਾਤਰ ਢੰਗ ਨਾਲ ਠੱਗੀ ਕਰਦੇ ਹੋਏ ਉਸ ਦੀ ਮਾਤਾ ਦਾ ਏ. ਟੀ. ਐੱਮ. ਕਾਰਡ ਬਦਲ ਕੇ ਉਸ ਨੂੰ 5 ਹਜ਼ਾਰ ਰੁਪਏ ਆਪਣੇ ਕੋਲੋਂ ਦੇ ਦਿੱਤੇ ਸਨ ਅਤੇ ਬਾਅਦ ’ਚ ਉਸ ਦੇ ਅਸਲੀ ਏ. ਟੀ. ਐੱਮ. ਕਾਰਡ ਦੀ ਵਰਤੋਂ ਕਰ ਕੇ ਉਸ ਦੀ ਮਾਤਾ ਦੇ ਬੈਂਕ ਖਾਤੇ ’ਚੋਂ ਲੱਖਾਂ ਰੁਪਏ ਕਢਵਾ ਲਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਸਾਰੇ ਮਾਮਲੇ 'ਚ ਫਿਲਹਾਲ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਏ. ਟੀ. ਐੱਮ. ਬੈਂਕ ਕਾਰਡਾਂ ਰਾਹੀਂ ਠੱਗੀ ਕਰਨ ਵਾਲੇ ਦੱਸਿਆ ਕਿ ਪੁਲਸ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਸਾਰੇ ਮਾਮਲੇ ਵਿੱਚ ਫਿਲਹਾਲ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।