ਸਿਵਲ ਹਸਪਤਾਲ ਤੇ ਪੁਲਸ ਪ੍ਰਸ਼ਾਸਨ ਦੇ ਅਮਲੇ ਤੋਂ ਦੁਖੀ ਵਿਅਕਤੀ ਚੜ੍ਹਿਆ ਟੈਂਕੀ ''ਤੇ

Thursday, Feb 22, 2018 - 07:03 AM (IST)

ਮਾਲੇਰਕੋਟਲਾ (ਯਾਸੀਨ, ਜ਼ਹੂਰ, ਸ਼ਹਾਬੂਦੀਨ)-ਅੱਜ ਜ਼ਿਲੇ ਦੇ ਸਿਵਲ ਹਸਪਤਾਲ ਦੇ ਅਮਲੇ ਤੇ ਪੁਲਸ ਪ੍ਰਸ਼ਾਸਨ ਨੂੰ ਉਸ ਸਮੇਂ ਤਰਥਲੀ ਪੈ ਗਈ ਜਦੋਂ ਲਾਗਲੇ ਪਿੰਡ ਕੁਠਾਲਾ ਦਾ ਵਸਨੀਕ ਹਰਬੰਸ ਸਿੰਘ ਉਸ ਨਾਲ ਹੋਏ ਕਥਿਤ ਧੱਕੇ ਦੇ ਮੱਦੇਨਜ਼ਰ ਇਨਸਾਫ ਲੈਣ ਲਈ ਸਥਾਨਕ ਸਬਜ਼ੀ ਮੰਡੀ ਵਾਲੀ ਪਾਣੀ ਦੀ ਟੈਂਕੀ 'ਤੇ ਜਾ ਚੜ੍ਹਿਆ।ਸਵੇਰੇ ਕਰੀਬ 8 ਵਜੇ ਟੈਂਕੀ 'ਤੇ ਚੜ੍ਹੇ ਹਰਬੰਸ ਸਿੰਘ ਨੇ ਖੁਦ ਸਥਾਨਕ ਡੀ. ਐੱਸ. ਪੀ. ਨੂੰ ਫੋਨ ਕਰ ਕੇ ਦੱਸਿਆ ਕਿ ਉਸ ਨੇ ਪੁਲਸ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰ ਦਿਖਾਇਆ ਹੈ । ਲੰਬੀ ਕਸ਼ਮਕਸ਼ ਤੋਂ ਬਾਅਦ ਕਰੀਬ 2 ਵਜੇ ਹੇਠਾਂ ਉਤਰੇ ਹਰਬੰਸ ਸਿੰਘ ਨੇ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਹ ਸਥਾਨਕ ਸਿਵਲ ਹਸਪਤਾਲ ਵਿਖੇ ਆਪਣੇ ਬੱਚੇ ਗੁਰਲਵ ਸਿੰਘ ਦਾ ਚੈੱਕਅਪ ਕਰਵਾਉਣ ਗਿਆ ਸੀ, ਜਿਸ ਨੂੰ ਪੇਸ਼ਾਬ ਦੀ ਤਕਲੀਫ ਸੀ । ਹਸਪਤਾਲ ਦੇ ਮਾੜੇ ਵਤੀਰੇ ਕਾਰਨ ਉਸ ਦੇ ਬੱਚੇ ਦਾ ਇਲਾਜ ਨਾ ਹੋਣ ਕਰਕੇ ਹਰਬੰਸ ਸਿੰਘ ਉਦੋਂ ਤੋਂ ਹਸਪਤਾਲ ਖਿਲਾਫ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ ਰਿਹਾ ਸੀ ਅਤੇ ਉਸ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਿਹਾ ਸੀ । ਹਰਬੰਸ ਸਿੰਘ ਅਨੁਸਾਰ ਹਸਪਤਾਲ ਦੇ ਅਮਲੇ ਨੇ ਜੁਲਾਈ 2016 'ਚ ਉਸ ਦਾ ਪੱਖ ਸੁਣਨ ਲਈ ਉਸ ਨੂੰ ਲਿਖਤੀ ਤੌਰ 'ਤੇ ਬੁਲਾਇਆ ਸੀ ਅਤੇ ਹਸਪਤਾਲ 'ਚ ਐੱਸ. ਐੱਮ. ਓ. ਗੁਰਸ਼ਰਨ ਸਿੰਘ, ਡਾਕਟਰ ਆਦਰਸ਼ ਗੋਇਲ, ਅਰਸ਼ਦ ਖਾਂ ਅਤੇ ਸੁਭਾਸ਼ ਚੰਦਰ ਸਮੇਤ ਏ. ਐੱਸ. ਆਈ. ਜਗਜੀਤ ਸਿੰਘ ਨੇ ਉਸ ਦੀ ਕੁੱਟ-ਮਾਰ ਕੀਤੀ, ਜਿਸ ਦੀ ਸ਼ਿਕਾਇਤ ਵੀ ਪੀੜਤ ਨੇ ਉੱਚ ਅਧਿਕਾਰੀਆਂ ਕੋਲ ਕੀਤੀ ਹੋਈ ਹੈ ਪਰ ਕਿਸੇ ਤਰ੍ਹਾਂ ਦਾ ਇਨਸਾਫ ਨਾ ਮਿਲਦਾ ਦੇਖ ਅਤੇ ਬੱਚੇ ਦਾ ਇਲਾਜ ਨਾ ਹੋਣ ਕਾਰਨ ਉਕਤ ਵਿਅਕਤੀ ਕਾਫੀ ਲੰਬੇ ਸਮੇਂ ਤੋਂ ਪ੍ਰੇਸ਼ਾਨੀ ਦੀ ਹਾਲਤ 'ਚ ਵਿਚਰ ਰਿਹਾ ਸੀ । ਬੀਤੇ ਕੱਲ ਹੀ ਉਸ ਨੂੰ ਡੀ. ਐੱਸ. ਪੀ. ਦਫਤਰ ਵੱਲੋਂ ਬੁਲਾਇਆ ਗਿਆ ਸੀ ਅਤੇ ਉਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਸਥਾਨਕ ਐੱਸ. ਡੀ. ਐੱਮ. ਵੱਲੋਂ ਲਿਖਤੀ ਰੂਪ 'ਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਕਤ ਵਿਅਕਤੀ ਦਾ ਦਿਮਾਗ਼ੀ ਸੰਤੁਲਨ ਵਿਗੜ ਚੁੱਕਾ ਹੈ ਅਤੇ ਪੁਲਸ ਉਸ ਨੂੰ ਧੱਕੇ ਨਾਲ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਚੈੱਕਅਪ ਲਈ ਲੈ ਗਈ । ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਉਸ ਦਾ ਚੈੱਕਅਪ ਕਰਨ ਉਪਰੰਤ ਉਸ ਨੂੰ ਜਾਣ ਦੀ ਆਗਿਆ ਦੇ ਦਿੱਤੀ ਅਤੇ ਹਰਬੰਸ ਸਿੰਘ ਅਨੁਸਾਰ ਪੁਲਸ ਨੇ ਬਜਾਏ ਉਸ ਨੂੰ ਉਸ ਦੇ ਘਰ ਜਾਣ ਦੇਣ ਦੇ ਥਾਣਾ ਸੰਦੌੜ 'ਚ ਬੰਦ ਕਰ ਦਿੱਤਾ ਅਤੇ ਥਾਣਾ ਇੰਚਾਰਜ ਨੇ ਰਾਤ ਨੂੰ ਦਾਰੂ ਦੇ ਨਸ਼ੇ 'ਚ ਉਸ ਨੂੰ ਗਾਲ੍ਹਾਂ ਵੀ ਕੱਢੀਆਂ । ਹਰਬੰਸ ਸਿੰਘ ਅਨੁਸਾਰ ਉਸ ਵੱਲੋਂ ਕੀਤੇ ਗਏ ਮਿਨਤਾਂ-ਤਰਲਿਆਂ ਕਾਰਨ ਪੁਲਸ ਨੇ ਅੱਧੀ ਰਾਤ ਨੂੰ ਪਿੰਡ ਦੇ ਸਰਪੰਚ ਨੂੰ ਬੁਲਾ ਕੇ ਉਸ ਦੀ ਜ਼ਿੰਮੇਵਾਰੀ 'ਤੇ ਉਸ ਨੂੰ ਰਿਹਾਅ ਕੀਤਾ।
ਇਹੀ ਸਭ ਕਾਰਨਾਂ ਕਰਕੇ ਪੀੜਤ ਨੇ ਸਵੇਰੇ ਟੈਂਕੀ 'ਤੇ ਚੜ੍ਹਨ ਦਾ ਮਨ ਬਣਾ ਲਿਆ, ਜੋ ਉਸ ਨੇ ਕਰ ਦਿਖਾਇਆ । ਮਾਮਲੇ ਦੀ ਖਬਰ ਫੈਲਣ 'ਤੇ ਪੁਲਸ ਪ੍ਰਸ਼ਾਸਨ 'ਚੋਂ ਥਾਣਾ ਸੰਦੌੜ, ਸਿਟੀ-1 ਤੇ ਸਿਟੀ-2 ਦੇ ਛੋਟੇ-ਵੱਡੇ ਅਧਿਕਾਰੀਆਂ ਤੋਂ ਇਲਾਵਾ ਡੀ. ਐੱਸ. ਪੀ. ਮਾਲੇਰਕੋਟਲਾ ਯੋਗੀ ਰਾਜ, ਡੀ. ਐੱਸ. ਪੀ. ਅਹਿਮਦਗੜ੍ਹ ਪਲਵਿੰਦਰ ਸਿੰਘ ਚੀਮਾ, ਸਿਵਲ ਪ੍ਰਸ਼ਾਸਨ ਚੋਂ ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ, ਐੱਸ. ਡੀ. ਐੱਮ. ਮਾਲੇਰਕੋਟਲਾ ਮੈਡਮ ਪ੍ਰੀਤੀ ਯਾਦਵ ਅਤੇ ਏ. ਡੀ. ਸੀ. ਸੰਗਰੂਰ ਨੇ ਪਹੁੰਚ ਕੇ ਕਈ ਤਰੀਕਿਆਂ ਨਾਲ ਪੀੜਤ ਦੀ ਮੌਕੇ 'ਤੇ ਪਹੁੰਚੀ ਪਤਨੀ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਪੀੜਤ ਹਰਬੰਸ ਸਿੰਘ ਉਸ ਨਾਲ ਕੁੱਟ-ਮਾਰ ਕਰਨ ਵਾਲੇ ਸਾਰੇ ਵਿਅਕਤੀਆਂ ਤੇ ਉਸ ਦੇ ਬੱਚੇ ਦਾ ਇਲਾਜ ਨਾ ਕਰਨ ਵਾਲੇ ਹਸਪਤਾਲ ਦੇ ਅਮਲੇ 'ਤੇ ਮਾਮਲੇ ਦਰਜ ਕਰਨ ਲਈ ਬਾਜ਼ਿੱਦ ਸੀ। ਆਖਿਰਕਾਰ ਏ. ਡੀ. ਸੀ. ਵੱਲੋਂ ਤਿੰਨ ਦਿਨ ਦਾ ਸਮਾਂ ਲੈਣ ਲਈ ਪੀੜਤ ਰਜ਼ਾਮੰਦ ਹੋ ਗਿਆ ਅਤੇ 24 ਫਰਵਰੀ ਦੇ ਦੁਪਹਿਰ ਦੇ 12 ਵਜੇ ਤੱਕ ਉਸ ਨੂੰ ਇਨਸਾਫ ਦਿਵਾਉਣ ਦੇ ਦਿੱਤੇ ਭਰੋਸੇ 'ਤੇ ਪੀੜਤ ਟੈਂਕੀ ਤੋਂ ਹੇਠਾਂ ਉਤਰ ਆਇਆ । ਦੱਸਣਾ ਇਹ ਵੀ ਬਣਦਾ ਹੈ ਕਿ ਸਿਵਲ ਹਸਪਤਾਲ ਦੇ ਅਮਲੇ  ਤੇ ਪੁਲਸ ਪ੍ਰਸ਼ਾਸਨ ਦੇ ਜ਼ਿਆਦਾਤਰ ਅਧਿਕਾਰੀਆਂ ਦੇ ਇਥੇ ਪਹੁੰਚੇ ਹੋਣ ਕਾਰਨ ਅਤੇ ਦੂਜੇ ਪਾਸੇ ਵਰਕਿੰਗ ਡੇਅ ਹੋਣ ਕਾਰਨ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ 'ਚ ਖਾਲੀ ਪਈਆਂ ਕੁਰਸੀਆਂ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। 


Related News