ਵਿਅਕਤੀ ’ਤੇ ਜਾਨਲੇਵਾ ਹਮਲਾ, ਮਾਰਨ ਦੇ ਇਰਾਦੇ ਨਾਲ ਕੀਤੀ ਫਾਇਰਿੰਗ

Sunday, Oct 27, 2024 - 04:55 AM (IST)

ਵਿਅਕਤੀ ’ਤੇ ਜਾਨਲੇਵਾ ਹਮਲਾ, ਮਾਰਨ ਦੇ ਇਰਾਦੇ ਨਾਲ ਕੀਤੀ ਫਾਇਰਿੰਗ

ਘੱਲ ਖੁਰਦ (ਦਲਜੀਤ) – ਥਾਣਾ ਘੱਲ ਖੁਰਦ ਦੀ ਪੁਲਸ ਨੇ ਵਿਅਕਤੀ ’ਤੇ ਜਾਨਲੇਵਾ ਹਮਲਾ ਕਰਨ ਅਤੇ ਗੋਲੀ ਚਲਾਉਣ ਦੇ ਦੋਸ਼ ’ਚ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ 19 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਘੱਲ ਖੁਰਦ ਦੇ ਸਹਾਇਕ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਯੁਗਰਾਜ ਸਿੰਘ ਉਰਫ ਬੋਬੀ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਘੱਲ ਖੁਰਦ ਨੇ ਦੱਸਿਆ ਕਿ ਉਸ ਨੇ ਬੀਤੇ ਦਿਨ ਕੰਬਾਈਨ ਨਾਲ ਝੋਨੇ ਦੀ ਕਟਾਈ ਕੀਤੀ ਸੀ ਅਤੇ ਮਨਦੀਪ ਸਿੰਘ ਭਲਵਾਨ ਦੀ ਮੋਟਰ ’ਤੇ ਕੰਬਾਈਨ ਖੜ੍ਹੀ ਕਰ ਕੇ ਮੋਟਰ ਵਾਲਾ ਕਮਰਾ ਬੰਦ ਕਰ ਕੇ ਸੌਂ ਗਿਆ ਸੀ। 

ਪੀੜਤ ਨੇ ਦੱਸਿਆ ਕਿ ਦੇਰ ਰਾਤ ਸਤਵਿੰਦਰ ਸਿੰਘ ਉਰਫ ਲੱਡੂ ਪੁੱਤਰ ਜੰਗ ਸਿੰਘ ਵਾਸੀ ਠੇਠਰ ਕਲਾਂ, ਰੋਸ਼ਨਦੀਪ ਸਿੰਘ ਉਰਫ ਰੋਸ਼ਨ ਪੁੱਤਰ ਸ਼ਿੰਦਰ ਸਿੰਘ ਵਾਸੀ ਹਾਕਮ ਸਿੰਘ ਵਾਲਾ, ਹਰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਘੱਲ ਖੁਰਦ, ਰਣਧੀਰ ਸਿੰਘ ਉਰਫ ਧੀਰਾ ਪੁੱਤਰ ਸੁਖਚੈਨ ਸਿੰਘ ਵਾਸੀ ਫਿਰੋਜ਼ਸ਼ਾਹ ਨੇ ਕਰੀਬ 15 ਹੋਰ ਵਿਅਕਤੀਆਂ ਨਾਲ ਮਿਲ ਕੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਜਦੋਂ ਉਹ ਬਾਹਰ ਆਇਆ ਤਾਂ ਮੁਲਜ਼ਮਾਂ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਚ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News