ਨਕਾਬਪੋਸ਼ ਨੇ ਨੌਜਵਾਨ ’ਤੇ ਕੀਤਾ ਹਮਲਾ, ਹਸਪਤਾਲ ''ਚ ਦਾਖ਼ਲ

Monday, Oct 28, 2024 - 04:26 PM (IST)

ਨਕਾਬਪੋਸ਼ ਨੇ ਨੌਜਵਾਨ ’ਤੇ ਕੀਤਾ ਹਮਲਾ, ਹਸਪਤਾਲ ''ਚ ਦਾਖ਼ਲ

ਅਬੋਹਰ (ਸੁਨੀਲ) : ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਕਿੱਕਰਖੇੜਾ ਦੇ ਵਸਨੀਕ ਇਕ ਨੌਜਵਾਨ ਨੂੰ ਬੀਤੀ ਸ਼ਾਮ ਪਿੰਡ ਸੀਤੋ ਗੁੰਨੋ ਤੋਂ ਆਉਂਦੇ ਸਮੇਂ ਕੁੱਝ ਨਕਾਬਪੋਸ਼ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਹਸਪਤਾਲ ’ਚ ਜ਼ੇਰੇ ਇਲਾਜ ਰਜਿੰਦਰ ਕੁਮਾਰ ਪੁੱਤਰ ਨੱਥੂਰਾਮ ਨੇ ਦੱਸਿਆ ਕਿ ਬੀਤੇ ਦਿਨ ਉਸ ਨੇ ਆਪਣੀ ਗਾਂ ਸੀਤੋ ਵਾਸੀ ਇਕ ਵਿਅਕਤੀ ਨੂੰ ਵੇਚ ਦਿੱਤੀ ਸੀ।

ਪੈਸੇ ਲੈ ਕੇ ਬੀਤੀ ਸ਼ਾਮ ਉਹ ਮੋਟਰਸਾਈਕਲ ’ਤੇ ਸੀਤੋ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਰਾਮਸਰਾ ਨੇੜੇ ਪਹੁੰਚੇ ਤਾਂ ਰਸਤੇ ’ਚ 5-6 ਨਕਾਬਪੋਸ਼ ਨੌਜਵਾਨ ਖੜ੍ਹੇ ਸਨ। ਰਜਿੰਦਰ ਨੇ ਦੱਸਿਆ ਕਿ ਉਕਤ ਨੌਜਵਾਨਾਂ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨੇ ਉਸ ਦਾ ਮੋਟਰਸਾਈਕਲ ਰੋਕ ਕੇ ਉਸ ਕੋਲ ਪਈ ਨਕਦੀ ਦੀ ਮੰਗ ਕੀਤੀ, ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਕਥਿਤ ਤੌਰ ’ਤੇ 20 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ।

ਘਟਨਾ ਤੋਂ ਬਾਅਦ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਸੂਚਨਾ ਮਿਲਣ ’ਤੇ ਥਾਣਾ ਬਹਾਵਵਾਲਾ ਦੇ ਸਹਾਇਕ ਸਬ ਇੰਸਪੈਕਟਰ ਲੇਖਰਾਜ ਨੇ ਜ਼ਖਮੀ ਰਜਿੰਦਰ ਦੇ ਬਿਆਨ ਦਰਜ ਕੀਤੇ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਹੁਣ ਤੱਕ ਲੁੱਟ ਦੀ ਕੋਈ ਘਟਨਾ ਉਨ੍ਹਾਂ ਦੇ ਧਿਆਨ ’ਚ ਨਹੀਂ ਆਈ ਹੈ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਘਟਨਾ ਕਿਸੇ ਨਿੱਜੀ ਰੰਜਿਸ਼ ਦੀ ਜਾਪਦੀ ਹੈ। ਫਿਲਹਾਲ ਬਿਆਨ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News