ਭਤੀਜੇ ਨੂੰ ਕੈਨੇਡਾ ਪੁਲਸ ਤੋਂ ਛੁਡਵਾਉਣ ਦੇ ਨਾਂ ’ਤੇ 2.40 ਲੱਖ ਦੀ ਠੱਗੀ

Monday, Oct 28, 2024 - 11:49 AM (IST)

ਭਤੀਜੇ ਨੂੰ ਕੈਨੇਡਾ ਪੁਲਸ ਤੋਂ ਛੁਡਵਾਉਣ ਦੇ ਨਾਂ ’ਤੇ 2.40 ਲੱਖ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ) : ਕੈਨੇਡਾ ਪੁਲਸ ਵੱਲੋਂ ਭਤੀਜੇ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਨੂੰ ਜ਼ਮਾਨਤ ਦਿਵਾਉਣ ਦੇ ਨਾਂ ’ਤੇ ਠੱਗਾਂ ਨੇ ਸੈਕਟਰ-40 ਨਿਵਾਸੀ ਗੁਰਵਿੰਦਰ ਸਿੰਘ ਨਾਲ 2 ਲੱਖ 40 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ ਹੈ। ਪੈਸੇ ਟਰਾਂਸਫਰ ਕਰਨ ਤੋਂ ਬਾਅਦ ਜਦੋਂ ਗੁਰਵਿੰਦਰ ਸਿੰਘ ਨੇ ਭਤੀਜੇ ਨਾਲ ਗੱਲ ਕੀਤੀ ਤਾਂ ਉਸ ਨੇ ਗ੍ਰਿਫ਼ਤਾਰੀ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਸੈਕਟਰ-40 ਦੇ ਵਸਨੀਕ ਗੁਰਵਿੰਦਰ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਕਿ 26 ਅਪ੍ਰੈਲ 2022 ਨੂੰ ਉਸ ਨੂੰ ਵਿਅਕਤੀ ਦਾ ਫੋਨ ਆਇਆ, ਜਿਸ ਨੇ ਖ਼ੁਦ ਨੂੰ ਲੁਧਿਆਣਾ ਤੋਂ ਉਸਦਾ ਚਚੇਰਾ ਭਰਾ ਤੇਜਿੰਦਰ ਪਾਲ ਸਿੰਘ ਦੱਸਿਆ।

ਧੋਖੇਬਾਜ਼ ਨੇ ਕਿਹਾ ਕਿ ਕੈਨੇਡਾ ’ਚ ਰਹਿੰਦੇ ਉਸ ਦੇ ਭਤੀਜੇ ਨੂੰ ਕੈਨੇਡਾ ਪੁਲਸ ਨੇ ਵਿਅਕਤੀ ’ਤੇ ਹਮਲਾ ਕਰਨ ਦੇ ਦੋਸ਼ ਵਿਚ ਫੜ੍ਹਿਆ ਹੈ। ਉਸ ਨੂੰ ਜ਼ਮਾਨਤ ਲਈ 2.40 ਲੱਖ ਰੁਪਏ ਜਮ੍ਹਾਂ ਕਰਵਾਉਣੇ ਸਨ ਤੇ ਧੋਖੇਬਾਜ਼ਾਂ ਨੇ ਉਸ ਨੂੰ ਕੈਨੇਡਾ ’ਚ ਇੱਕ ਵਕੀਲ ਨਾਲ ਜੋੜਿਆ। ਉਨ੍ਹਾਂ ’ਤੇ ਭਰੋਸਾ ਕਰਦਿਆਂ ਗੁਰਵਿੰਦਰ ਸਿੰਘ ਨੇ ਕਥਿਤ ਤੌਰ ’ਤੇ 2.40 ਲੱਖ ਰੁਪਏ ਧੋਖੇਬਾਜ਼ਾਂ ਵੱਲੋਂ ਦਿੱਤੇ ਖ਼ਾਤੇ ’ਚ ਟਰਾਂਸਫਰ ਕਰ ਦਿੱਤੇ। ਪੈਸੇ ਦੇਣ ਤੋਂ ਬਾਅਦ ਪੀੜਤ ਨੇ ਧੋਖੇਬਾਜ਼ਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਜਵਾਬ ਨਹੀਂ ਦਿੱਤਾ। ਜ਼ਿਲ੍ਹਾ ਅਦਾਲਤ ਦੇ ਹੁਕਮਾਂ ’ਤੇ ਸਾਈਬਰ ਸੈੱਲ ਨੇ ਮਾਮਲਾ ਦਰਜ ਕੀਤਾ ਹੈ।
 


author

Babita

Content Editor

Related News