ਨੌਜਵਾਨਾਂ ਨੇ ਸ਼ਮਸ਼ਾਨਘਾਟ ਨੂੰ ਹੀ ਬਣਾਇਆ ਖੇਡ ਦਾ ਮੈਦਾਨ

Wednesday, Dec 06, 2017 - 02:54 PM (IST)


ਪਟਿਆਲਾ/ਬਾਰਨ (ਇੰਦਰਪ੍ਰੀਤ) - ਸਮੇਂ ਦੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪਿੰਡ ਪੱਧਰ 'ਤੇ ਖੇਡ ਸਟੇਡੀਅਮ ਉਸਾਰਨ ਦੇ ਨਾਲ-ਨਾਲ ਨਵੀਆਂ ਖੇਡ ਨੀਤੀਆਂ ਲਾਗੂ ਕਰਨ ਲਈ ਕਿਹਾ ਹੈ। ਜੇਕਰ ਪਿੰਡਾਂ ਵਿਚ ਰਹਿੰਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਹਕੀਕਤ ਕੁਝ ਹੋਰ ਹੀ ਦੇਖਣ ਨੂੰ ਮਿਲਦੀ ਹੈ। ਨੌਜਵਾਨਾਂ ਦੇ ਖੇਡਣ ਲਈ ਜੇਕਰ ਸਟੇਡੀਅਮ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਹਰ ਜ਼ਿਲੇ ਵਿਚ ਇੱਕਾ-ਦੁੱਕਾ ਸਟੇਡੀਅਮ ਹੀ ਦੇਖਣ ਨੂੰ ਮਿਲਦੇ ਹਨ ਅਤੇ ਬਹੁਤ ਸਾਰੇ ਪਿੰਡਾਂ ਵਿਚ ਨੌਜਵਾਨਾਂ ਦੇ ਖੇਡਣ ਲਈ ਖੇਡ ਗਰਾਊਂਡ ਨਹੀਂ। ਨੌਜਵਾਨ ਜਾਂ ਤਾਂ ਖੇਡਾਂ ਤੋਂ ਦੂਰ ਹੋ ਗਏ ਹਨ ਜਾਂ ਫਿਰ ਉਨ੍ਹਾਂ ਨੂੰ ਖੇਡਣ ਲਈ ਦੂਰ-ਦੁਰਾਡੇ ਸ਼ਹਿਰ ਜਾਣਾ ਪੈਂਦਾ ਹੈ। 
ਇਸ ਤਰ੍ਹਾਂ ਦੀ ਹੀ ਮਿਸਾਲ ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਕਸਿਆਣਾ ਤੋਂ ਦੇਖਣ ਨੂੰ ਮਿਲਦੀ, ਜਿੱਥੇ ਨੌਜਵਾਨਾਂ ਕੋਲ ਖੇਡ ਗਰਾਊਂਡ ਨਾ ਹੋਣ ਕਾਰਨ ਉਨ੍ਹਾਂ ਸ਼ਮਸ਼ਾਨਘਾਟ ਨੂੰ ਆਪਣਾ ਖੇਡ ਮੈਦਾਨ ਬਣਾ ਲਿਆ ਹੈ। ਕੋਈ ਖੇਡ ਪ੍ਰੋਗਰਾਮ ਕਰਵਾਉਣ 'ਤੇ ਸ਼ਮਸ਼ਾਨਘਾਟ ਵਿਚ ਹੀ ਟੈਂਟ ਲਾ ਕੇ ਟੀਮਾਂ ਨੂੰ ਖੇਡਣ ਲਈ ਬੁਲਾਇਆ ਜਾਂਦਾ ਹੈ। ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਖੇਡ ਗਰਾਊਂਡ ਨਾ ਹੋਣ ਕਾਰਨ ਸਾਨੂੰ ਸ਼ਮਸ਼ਾਨਘਾਟ ਅੰਦਰ ਹੀ ਖੇਡਣਾ ਪੈਂਦਾ ਹੈ ਅਤੇ ਪਿੰਡ ਦੀ ਪਿਛਲੇ ਸਮੇਂ ਦੀ ਪੰਚਾਇਤ ਨੇ ਖੇਡ ਗਰਾਊਂਡ ਨੂੰ ਪੁੱਟ ਕੇ ਗੰਦੇ ਪਾਣੀ ਦੀ ਨਿਕਾਸੀ ਲਈ ਉਸ ਨੂੰ ਛੱਪੜ ਬਣਾ ਦਿੱਤਾ ਸੀ।
ਇਸ ਮੌਕੇ ਪਿੰਡ ਦੇ ਨੌਜਵਾਨ ਮਨਿੰਦਰ ਸਿੰਘ, ਗੁਰਿੰਦਰ ਸਿੰਘ, ਦਲਬੀਰ ਸਿੰਘ, ਸਤਿਗੁਰ ਸਿੰਘ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਉਹ 2007 ਤੋਂ ਖੇਡ ਦੇ ਮੈਦਾਨ ਲਈ ਸੰਘਰਸ਼ ਕਰਦੇ ਆ ਰਹੇ ਹਨ ਅਤੇ ਉਹ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਮੰਗ-ਪੱਤਰ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਦਾ ਫਰਜ਼ ਬਣਦਾ ਹੈ ਕਿ ਉਹ ਸਾਡੇ ਲਈ ਗਰਾਊਂਡ ਦਾ ਪ੍ਰਬੰਧ ਕਰੇ ਤਾਂ ਜੋ ਨੌਜਵਾਨਾਂ ਨੂੰ ਸ਼ਮਸ਼ਨਘਾਟ ਵਿਚ ਨਾ ਖੇਡਣਾ ਪਵੇ। ਸਾਡੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ।


Related News