ਪੰਜਾਬ : ਇਨੋਵਾ ਨੇ ਮਾਰੀ ਮੋਟਰਸਾਈਕਲ ਸਵਾਰਾਂ ਨੂੰ ਟੱਕਰ, ਮੌਕੇ ''ਤੇ ਹੀ ਮਾਰੇ ਗਏ 2 ਮੁੰਡੇ
Saturday, Mar 14, 2026 - 05:25 PM (IST)
ਕਾਲਾ ਅਫਗਾਨਾਂ (ਗੁਰਦਾਸਪੁਰ): ਫਤਿਹਗੜ੍ਹ ਚੂੜੀਆਂ-ਬਟਾਲਾ ਰੋਡ 'ਤੇ ਕਾਲਾ ਅਫਗਾਨਾਂ ਦੇ ਅੱਡੇ ਨਜ਼ਦੀਕ ਅੱਜ ਇੱਕ ਬਹੁਤ ਹੀ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਇੱਕ ਇਨੋਵਾ ਗੱਡੀ, ਮੋਟਰਸਾਈਕਲ ਅਤੇ ਇੱਕ ਟਿੱਪਰ ਵਿਚਕਾਰ ਹੋਈ ਜ਼ਬਰਦਸਤ ਟੱਕਰ ਕਾਰਨ ਵਾਪਰਿਆ।
ਜਾਣਕਾਰੀ ਅਨੁਸਾਰ, ਮ੍ਰਿਤਕ ਪਰਮਿੰਦਰ ਸਿੰਘ (28) ਵਾਸੀ ਹਰਦੋਵਾਲ ਕਲਾਂ ਅਤੇ ਵਿਲੀਅਮ ਮਸੀਹ (45) ਵਾਸੀ ਪਿੰਡ ਪਿੰਡੀ, ਅੱਜ ਸਵੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਟਾਲਾ ਵੱਲ ਜਾ ਰਹੇ ਸਨ। ਜਦੋਂ ਉਹ ਕਾਲਾ ਅਫਗਾਨਾਂ ਦੇ ਨਜ਼ਦੀਕ ਪਹੁੰਚੇ, ਤਾਂ ਪਿੱਛੋਂ ਆ ਰਹੀ ਇੱਕ ਇਨੋਵਾ ਗੱਡੀ ਨੇ ਓਵਰਟੇਕ ਕਰਦਿਆਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਸਵਾਰ ਕੋਲੋਂ ਲੰਘ ਰਹੇ ਇੱਕ ਟਿੱਪਰ ਦੇ ਹੇਠਾਂ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਦੁਖਦਾਈ ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ਵਿੱਚ ਚੀਕ-ਚਿਹਾੜਾ ਮਚ ਗਿਆ ਹੈ ਅਤੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਵਿਲੀਅਮ ਮਸੀਹ ਆਪਣੇ ਪਿੱਛੇ ਤਿੰਨ ਲੜਕੇ ਛੱਡ ਗਿਆ ਹੈ, ਜਦਕਿ ਪਰਮਿੰਦਰ ਸਿੰਘ ਦਾ ਇੱਕ ਛੋਟਾ ਬੱਚਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਤਿਹਗੜ੍ਹ ਚੂੜੀਆਂ ਦੇ ਐਸ. ਐਚ. ਓ. ਸੁਰਿੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਹਸਪਤਾਲ ਭੇਜ ਦਿੱਤਾ ਹੈ। ਐਸ. ਐਚ. ਓ. ਨੇ ਦੱਸਿਆ ਕਿ ਇਨੋਵਾ ਗੱਡੀ ਨੂੰ ਪੁਲਸ ਨੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
